ਪਰਥ – ਵੈਸਟਰਨ ਆਸਟ੍ਰੇਲੀਆ ਦੇ ਗ੍ਰੇਟ ਈਸਟਰਨ ਹਾਈਵੇਅ ਉੱਤੇ ਬੁੱਧਵਾਰ ਸਵੇਰੇ ਦੋ ਵੱਡੇ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਦੋਵੇਂ ਟਰੱਕ ਡਰਾਈਵਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਟਰੱਕਾਂ ਨੂੰ ਅੱਗ ਲੱਗ ਗਈ ਅਤੇ ਸੜਕ ਉੱਤੇ ਅੱਗ ਦੀਆਂ ਵੱਡੀਆਂ ਲਪਟਾਂ ਉੱਠਣ ਲੱਗੀਆਂ।
WA ਪੁਲਿਸ ਮੁਤਾਬਕ ਇਹ ਹਾਦਸਾ ਸਵੇਰੇ ਲਗਭਗ 6:45 ਵਜੇ ਮੀਕਰਿੰਗ ਇਲਾਕੇ ਵਿੱਚ ਕੁਇਲਿੰਗਟਨ ਰੋਡ ਦੇ ਨੇੜੇ ਵਾਪਰਿਆ। ਮੁੱਢਲੀ ਜਾਣਕਾਰੀ ਅਨੁਸਾਰ ਇੱਕ ਚਿੱਟੇ ਰੰਗ ਦਾ ਵੋਲਵੋ ਪ੍ਰਾਈਮ ਮੂਵਰ, ਜਿਸ ਦੇ ਪਿੱਛੇ ਸੈਮੀ-ਟ੍ਰੇਲਰ ਲੱਗਿਆ ਹੋਇਆ ਸੀ, ਸਾਹਮਣੇ ਤੋਂ ਆ ਰਹੇ ਲਾਲ ਅਤੇ ਚਿੱਟੇ ਰੰਗ ਦੇ ਕੇਨਵਰਥ ਪ੍ਰਾਈਮ ਮੂਵਰ ਨਾਲ ਟਕਰਾ ਗਿਆ। ਇਹ ਦੋਵੇਂ ਟਰੱਕ ਉਲਟ ਦਿਸ਼ਾਵਾਂ ਤੋਂ ਆ ਰਹੇ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਟਰੱਕਾਂ ਨੂੰ ਤੁਰੰਤ ਅੱਗ ਲੱਗ ਗਈ। ਅੱਗ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਫਾਇਰਫਾਈਟਰਾਂ ਨੂੰ ਇਸ ਉੱਤੇ ਕਾਬੂ ਪਾਉਣ ਲਈ ਲਗਭਗ ਇੱਕ ਘੰਟਾ ਲੱਗਿਆ। ਇਸ ਹਾਦਸੇ ਵਿੱਚ ਦੋਵੇਂ ਡਰਾਈਵਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੇ ਮੌਕੇ ਉੱਤੇ ਹੀ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਉਮਰ 56 ਸਾਲ ਅਤੇ 33 ਸਾਲ ਦੱਸੀ ਗਈ ਹੈ। ਹਾਦਸੇ ਤੋਂ ਬਾਅਦ ਹਾਈਵੇਅ ਦਾ ਲਗਭਗ ਸੱਤ ਕਿਲੋਮੀਟਰ ਹਿੱਸਾ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਸੜਕ ਨੂੰ ਸੀਮਤ ਆਵਾਜਾਈ ਨਾਲ ਮੁੜ ਖੋਲ੍ਹਿਆ ਗਿਆ। ਵੈਸਟਰਨ ਆਸਟ੍ਰੇਲੀਆ ਪੁਲਿਸ ਦੀ ਮੇਜਰ ਕਰੈਸ਼ ਇਨਵੈਸਟੀਗੇਸ਼ਨ ਟੀਮ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
WA ਪੁਲਿਸ ਮੰਤਰੀ ਰੀਸ ਵਿਟਬੀ ਨੇ ਇਸ ਘਟਨਾ ਨੂੰ ਬਹੁਤ ਗੰਭੀਰ ਅਤੇ ਦਿਲ ਦਹਿਲਾ ਦੇਣ ਵਾਲਾ ਹਾਦਸਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹਾਦਸੇ ਦਾ ਦ੍ਰਿਸ਼ ਦੇਖਣ ਵਾਲੇ ਐਮਰਜੈਂਸੀ ਕਰਮਚਾਰੀਆਂ ਲਈ ਵੀ ਇਹ ਬਹੁਤ ਦੁਖਦਾਈ ਤਜਰਬਾ ਹੋਵੇਗਾ।
ਮੀਕਰਿੰਗ ਇਲਾਕੇ ਦੀ ਸ਼ਾਇਰ ਕੌਂਸਲ ਦੀ ਪ੍ਰਧਾਨ ਐਲਿਸਨ ਹੈਰਿਸ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਬਾਰੇ ਅਜੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ, ਪਰ ਗ੍ਰੇਟ ਈਸਟਰਨ ਹਾਈਵੇਅ ਉੱਤੇ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਵਧੇਰੇ ਫੰਡ ਦੀ ਲੋੜ ਹੈ।
ਵੈਸਟਰਨ ਆਸਟ੍ਰੇਲੀਆ ਪੁਲਿਸ ਨੇ ਵਾਹਨ ਚਾਲਕਾਂ ਨੂੰ ਇਸ ਰਸਤੇ ਤੋਂ ਲੰਘਦੇ ਸਮੇਂ ਬਹੁਤ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਉਸ ਕੋਲ ਹਾਦਸੇ ਦੀ ਡੈਸ਼ਕੈਮ ਵੀਡੀਓ ਜਾਂ ਕੋਈ ਹੋਰ ਜਾਣਕਾਰੀ ਹੈ ਤਾਂ ਉਹ ਵਿਅਕਤੀ ਜਾਂਚ ਅਧਿਕਾਰੀਆਂ ਨਾਲ ਸੰਪਰਕ ਕਰੇ।
ਜੇਕਰ ਕਿਸੇ ਕੋਲ ਇਸ ਹਾਦਸੇ ਬਾਰੇ ਕੋਈ ਜਾਣਕਾਰੀ ਜਾਂ ਵੀਡੀਓ ਫੁਟੇਜ ਹੈ, ਤਾਂ ਕਿਰਪਾ ਕਰਕੇ ‘ਕ੍ਰਾਈਮ ਸਟੌਪਰਸ’ (Crime Stoppers) ਨਾਲ ਆਨਲਾਈਨ www.crimestopperswa.com.au ‘ਤੇ ਸੰਪਰਕ ਕਰੋ ਜਾਂ 1800 333 000 ‘ਤੇ ਕਾਲ ਕਰੋ।
ਹਾਦਸੇ ਨਾਲ ਸਬੰਧਤ ਡੈਸ਼ਕੈਮ (dashcam) ਜਾਂ ਮੋਬਾਈਲ ਫੋਨ ਦੀ ਵੀਡੀਓ ਫੁਟੇਜ, ਹੇਠਾਂ ਦਿੱਤੇ ਲਿੰਕ ਰਾਹੀਂ ਸਿੱਧੇ ਜਾਂਚਕਰਤਾਵਾਂ ਨੂੰ ਭੇਜੀ (ਅਪਲੋਡ ਕੀਤੀ) ਜਾ ਸਕਦੀ ਹੈ: https://wapf.au.evidence.com/axon/community-request/public/seriouscrash…;
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਸੜਕ ਹਾਦਸੇ ਕਾਰਨ ਪ੍ਰਭਾਵਿਤ ਹੋਇਆ ਹੈ, ਤਾਂ ‘ਰੋਡ ਟਰਾਮਾ ਸਪੋਰਟ WA’ (Road Trauma Support WA) ਨਾਲ 1300 004 814 ‘ਤੇ ਸੰਪਰਕ ਕਰੋ।
