ਨਿਊਰੋਲੋਜੀਕਲ ਅਲਾਇੰਸ ਆਸਟ੍ਰੇਲੀਆ ਨੇ ਅੱਜ 22 ਜੁਲਾਈ 2026 ਨੂੰ ‘ਵਰਲਡ ਬਰੇਨ ਡੇ’ ਦੇ ਮੌਕੇ ਆਸਟ੍ਰੇਲੀਆ ਸਰਕਾਰ ਨੂੰ ਦਿਮਾਗੀ ਸਿਹਤ ਲਈ ਇੱਕ ਮਜ਼ਬੂਤ ਰਾਸ਼ਟਰੀ ਯੋਜਨਾ ਬਨਾਉਣ ਦੀ ਅਪੀਲ ਕੀਤੀ ਹੈ। ਇਸ ਯੋਜਨਾ ਦਾ ਮਕਸਦ ਬਿਮਾਰੀਆਂ ਦੀ ਰੋਕਥਾਮ, ਸਮੇਂ ਸਿਰ ਪਛਾਣ, ਵਧੀਆ ਇਲਾਜ, ਦੇਖਭਾਲ ਅਤੇ ਖੋਜ ਨੂੰ ਇੱਕੋ ਢਾਂਚੇ ਹੇਠ ਜੋੜਨਾ ਹੈ।
ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਹੈਲਥ ਐਂਡ ਵੈਲਫੇਅਰ ਦੇ ਅੰਕੜਿਆਂ ਅਨੁਸਾਰ, ਦਿਮਾਗ ਅਤੇ ਨਸਾਂ ਨਾਲ ਸੰਬੰਧਿਤ ਬਿਮਾਰੀਆਂ ਆਸਟ੍ਰੇਲੀਆ ਵਿੱਚ ਬਿਮਾਰੀਆਂ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਹਨ। ਐਨਏਏ ਵੱਲੋਂ ਕਰਵਾਏ ਗਏ ਇੱਕ ਅਧਿਐਨ ਵਿੱਚ ਪਤਾ ਲੱਗਿਆ ਹੈ ਕਿ ਜੇ 11 ਸਭ ਤੋਂ ਆਮ ਦਿਮਾਗੀ ਬਿਮਾਰੀਆਂ ਦੀ ਰੋਕਥਾਮ, ਬਿਹਤਰ ਇਲਾਜ ਅਤੇ ਪੁਨਰਵਾਸ (ਰੀਹੈਬਿਲਿਟੇਸ਼ਨ) ਵਿੱਚ ਨਿਵੇਸ਼ ਕੀਤਾ ਜਾਵੇ ਤਾਂ ਹਰ ਸਾਲ ਲਗਭਗ 7 ਬਿਲੀਅਨ ਆਸਟ੍ਰੇਲੀਅਨ ਡਾਲਰ ਦੀ ਬਚਤ ਹੋ ਸਕਦੀ ਹੈ। ਰਾਸ਼ਟਰੀ ਯੋਜਨਾ ਦੀ ਪੂਰੀ ਮਿਆਦ ਦੌਰਾਨ ਇਹ ਬਚਤ 42 ਬਿਲੀਅਨ ਡਾਲਰ ਤੱਕ ਪਹੁੰਚ ਸਕਦੀ ਹੈ।
ਪਿਛਲੇ ਸਾਲ ਸਤੰਬਰ ਵਿੱਚ ਐਨਏਏ ਨੇ ਆਸਟ੍ਰੇਲੀਆ ਸਰਕਾਰ ਨੂੰ ਦਿਮਾਗੀ ਅਤੇ ਨਿਊਰੋਮਸਕੁਲਰ ਬਿਮਾਰੀਆਂ ਲਈ ਇੱਕ ਰਾਸ਼ਟਰੀ ਕਾਰਜ ਯੋਜਨਾ ਦਾ ਖਾਕਾ ਸੌਂਪਿਆ ਸੀ। ਇਸ ਵਿੱਚ ਦੇਸ਼ ਭਰ ਵਿੱਚ ਇਲਾਜ, ਦੇਖਭਾਲ ਅਤੇ ਖੋਜ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਬੂਤਾਂ ‘ਤੇ ਆਧਾਰਿਤ ਸੁਝਾਅ ਦਿੱਤੇ ਗਏ ਹਨ। ਇਸ ਖਾਕੇ ਦਾ ਮਕਸਦ ਦਿਮਾਗੀ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਸਿਹਤ ਸੇਵਾਵਾਂ ਵਿੱਚ ਮੌਜੂਦ ਕਮੀਆਂ ਨੂੰ ਦੂਰ ਕਰਨਾ ਹੈ। ਇਸ ਨਾਲ ਮਰੀਜ਼ਾਂ ਨੂੰ ਵਧੀਆ ਇਲਾਜ ਅਤੇ ਸਹਾਇਤਾ ਮਿਲੇਗੀ ਅਤੇ ਲੰਬੇ ਸਮੇਂ ਵਿੱਚ ਸਿਹਤ, ਅਪਾਹਜਤਾ ਅਤੇ ਬਜ਼ੁਰਗਾਂ ਦੀ ਦੇਖਭਾਲ ਵਾਲੇ ਸਰਕਾਰੀ ਤੰਤਰ ਉੱਤੇ ਪੈਣ ਵਾਲਾ ਬੋਝ ਵੀ ਘਟੇਗਾ।
ਐਨਏਏ ਦੇ ਚੇਅਰ ਰੋਹਨ ਗ੍ਰੀਨਲੈਂਡ ਨੇ ਕਿਹਾ ਕਿ ਇਸ ਸਾਲ ਦੇ ਵਿਸ਼ਵ ਦਿਮਾਗ ਦਿਵਸ ਦਾ ਵਿਸ਼ਾ ਹਰ ਕਿਸੇ ਲਈ ਦਿਮਾਗੀ ਸਿਹਤ ਤੱਕ ਪਹੁੰਚ ਹੈ। ਇਹ ਉਹੀ ਮੰਗ ਹੈ ਜੋ ਦਿਮਾਗੀ ਬਿਮਾਰੀਆਂ ਨਾਲ ਪ੍ਰਭਾਵਿਤ ਲੋਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਿਹਤ ਮਾਹਿਰਾਂ ਨੇ ਲਗਾਤਾਰ ਉਠਾਈ ਹੈ। ਦਿਮਾਗੀ ਬਿਮਾਰੀਆਂ ਨਾਲ ਜੀਵਨ ਬਤੀਤ ਕਰ ਰਹੇ ਲੋਕਾਂ ਨੂੰ ਸਮੇਂ ਸਿਰ ਬਿਮਾਰੀ ਦੀ ਪਛਾਣ, ਸਹੀ ਇਲਾਜ, ਗੁਣਵੱਤਾ ਵਾਲੀ ਦੇਖਭਾਲ ਅਤੇ ਲਗਾਤਾਰ ਸਹਾਇਤਾ ਤੱਕ ਬਰਾਬਰ ਪਹੁੰਚ ਮਿਲਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਲੋਕਾਂ ਨੂੰ ਖੋਜ ਅਤੇ ਨਵੀਆਂ ਇਲਾਜੀ ਤਕਨੀਕਾਂ ਬਾਰੇ ਜਾਣਕਾਰੀ ਅਤੇ ਉਨ੍ਹਾਂ ਵਿੱਚ ਹਿੱਸਾ ਲੈਣ ਦੇ ਵਧੇਰੇ ਮੌਕੇ ਵੀ ਮਿਲਣੇ ਚਾਹੀਦੇ ਹਨ। ਸੁਨੇਹਾ ਬਿਲਕੁਲ ਸਪੱਸ਼ਟ ਹੈ। ਦਿਮਾਗੀ ਬਿਮਾਰੀਆਂ ਦੀ ਦੇਖਭਾਲ ਅਤੇ ਖੋਜ ਲਈ ਦੇਸ਼ ਪੱਧਰ ‘ਤੇ ਮਿਲ ਕੇ ਕੰਮ ਕਰਨ ਵਾਲੀ ਇੱਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਯੋਜਨਾ ਦੀ ਲੋੜ ਹੈ, ਜਿਸ ਦੇ ਨਤੀਜੇ ਸਪੱਸ਼ਟ ਤੌਰ ‘ਤੇ ਵੇਖੇ ਅਤੇ ਮਾਪੇ ਜਾ ਸਕਣ।”
ਐਨਏਏ ਨੇ ਆਸਟ੍ਰੇਲੀਆ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਅਤੇ ਖੇਤਰੀ ਸਰਕਾਰਾਂ, ਦਿਮਾਗੀ ਬਿਮਾਰੀਆਂ ਨਾਲ ਪ੍ਰਭਾਵਿਤ ਲੋਕਾਂ, ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ, ਡਾਕਟਰਾਂ, ਖੋਜਕਾਰਾਂ ਅਤੇ ਹੋਰ ਸੰਬੰਧਿਤ ਸੰਸਥਾਵਾਂ ਨਾਲ ਮਿਲ ਕੇ ਆਸਟ੍ਰੇਲੀਆ ਦੀ ਪਹਿਲੀ ਰਾਸ਼ਟਰੀ ਕਾਰਜ ਯੋਜਨਾ ਤਿਆਰ ਕਰੇ ਅਤੇ ਇਸ ਲਈ ਲੋੜੀਂਦੇ ਸਰੋਤ ਮੁਹੱਈਆ ਕਰਵਾਏ। ਇਸ ਯੋਜਨਾ ਨਾਲ ਦਿਮਾਗੀ ਸਿਹਤ ਵਿੱਚ ਸੁਧਾਰ, ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਅਤੇ ਸੱਟਾਂ ਦੇ ਖਤਰੇ ਨੂੰ ਘਟਾਉਣ ਅਤੇ ਦਿਮਾਗੀ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਦੀ ਜ਼ਿੰਦਗੀ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਮਿਲੇਗੀ।
ਐਨਏਏ ਵੱਲੋਂ ਕਰਵਾਏ ਗਏ ਨਿਊਰੋ ਸਰਵਿਸ ਗੈਪਸ ਐਂਡ ਇਨੋਵੇਸ਼ਨ ਸਰਵੇ ਦੇ ਨਤੀਜੇ 13 ਅਗਸਤ ਨੂੰ ਕੈਨਬਰਾ ਦੇ ਪਾਰਲੀਮੈਂਟ ਹਾਊਸ ਵਿੱਚ ਹੋਣ ਵਾਲੇ ਨਿਊਰੋਲੋਜੀਕਲ ਸਮਿੱਟ ਦੌਰਾਨ ਜਾਰੀ ਕੀਤੇ ਜਾਣਗੇ।
ਨਿਊਰੋਲੋਜੀਕਲ ਅਲਾਇੰਸ ਆਸਟ੍ਰੇਲੀਆ ਬਾਰੇ
ਨਿਊਰੋਲੋਜੀਕਲ ਅਲਾਇੰਸ ਆਸਟ੍ਰੇਲੀਆ ਲਗਭਗ 50 ਗੈਰ-ਮੁਨਾਫ਼ਾ ਸੰਸਥਾਵਾਂ ਦਾ ਰਾਸ਼ਟਰੀ ਗਠਜੋੜ ਹੈ। ਇਹ ਸੰਸਥਾਵਾਂ ਆਸਟ੍ਰੇਲੀਆ ਵਿੱਚ ਦਿਮਾਗੀ ਅਤੇ ਨਿਊਰੋਮਸਕੁਲਰ ਬਿਮਾਰੀਆਂ ਨਾਲ ਪ੍ਰਭਾਵਿਤ ਲਗਭਗ 70 ਲੱਖ ਲੋਕਾਂ ਦੀ ਸਹਾਇਤਾ ਲਈ ਕੰਮ ਕਰਦੀਆਂ ਹਨ। ਇਹ ਗਠਜੋੜ ਪ੍ਰਭਾਵਿਤ ਲੋਕਾਂ ਦੀ ਜ਼ਿੰਦਗੀ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ, ਸਿਹਤ ਸੇਵਾਵਾਂ ਅਤੇ ਸਹਾਇਤਾ ਤੱਕ ਪਹੁੰਚ ਮਜ਼ਬੂਤ ਕਰਨ ਅਤੇ ਦਿਮਾਗੀ ਬਿਮਾਰੀਆਂ ਦੀ ਖੋਜ, ਇਲਾਜ ਅਤੇ ਬਿਹਤਰ ਦੇਖਭਾਲ ਲਈ ਨਿਵੇਸ਼ ਵਧਾਉਣ ਦੀ ਵਕਾਲਤ ਕਰਦਾ ਹੈ।
