ArticlesAustralia & New Zealand

ਨਵੀਂ ਕੈਬਨਿਟ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੇ ਲਈ ਤਿਆਰ ਕੀਤਾ ਹੈ – ਪ੍ਰੀਮੀਅਰ ਕੈਰੋਲ

ਵਿਕਟੋਰੀਆ ਦੇ ਪ੍ਰੀਮੀਅਰ ਬੇਨ ਕੈਰੋਲ ਅਤੇ ਕੈਬਨਿਟ ਦੇ ਵਿੱਚ ਸ਼ਾਮਿਲ ਮੰਤਰੀ ਸਹੁੰ-ਚੁੱਕ ਸਮਾਗਮ ਤੋਂ ਬਾਅਦ ਵਿਕਟੋਰੀਆ ਦੇ ਗਵਰਨਰ ਮਾਣਯੋਗ ਮਾਰਗ੍ਰੇਟ ਗਾਰਡਨਰ ਦੇ ਨਾਲ ਇੱਕ ਯਾਦਗਾਰੀ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਹਨ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਵਿਕਟੋਰੀਆ ਦੇ ਵਿੱਚ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਵੱਡੀ ਰੱਦੋਬਦਲ ਕਰਦਿਆਂ ਸੂਬੇ ਲਈ ਨਵੀਂ ਦਿਸ਼ਾ ਅਤੇ ਬਿਹਤਰ ਨਤੀਜੇ ਦੇਣ ਲਈ ਨਵੀਂ ਕੈਬਨਿਟ ਟੀਮ ਬਣਾਈ ਗਈ ਹੈ। ਨਵੀਂ ਤਜਰਬੇਕਾਰ ਕੈਬਨਿਟ ਨੂੰ ਇਕਜੁੱਟ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਅਤੇ ਕੰਮ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ।

ਵਿਕਟੋਰੀਆ ਦੇ ਪ੍ਰੀਮੀਅਰ ਬੇਨ ਕੈਰੋਲ ਨੇ ਕੱਲ੍ਹ ਬੁੱਧਵਾਰ 4 ਅਗਸਤ ਨੂੰ ਦੱਸਿਆ ਕਿ, “ਸਰਕਾਰ ਨੇ ਮੰਤਰੀ ਮੰਡਲ ਦਾ ਆਕਾਰ ਘਟਾਇਆ ਗਿਆ ਹੈ, ਜਿਸ ਨਾਲ ਟੈਕਸਦਾਤਾਵਾਂ ਦੇ ਪੈਸੇ ਦੀ ਬੱਚਤ ਹੋਵੇਗੀ। ਸਰਕਾਰ ਦਾ ਹਰ ਡਾਲਰ ਸੋਚ-ਸਮਝ ਕੇ ਅਤੇ ਸਿਰਫ਼ ਉੱਥੇ ਹੀ ਖਰਚ ਕੀਤਾ ਜਾਵੇਗਾ, ਜਿੱਥੇ ਵਿਕਟੋਰੀਆ ਦੇ ਲੋਕਾਂ ਨੂੰ ਸਭ ਤੋਂ ਵੱਧ ਲਾਭ ਮਿਲੇ।”

ਨਵੀਂ ਕੈਬਨਿਟ ਵਿੱਚ ਪਹਿਲੀ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜ਼ਿਟਲ ਅਰਥਵਿਵਸਥਾ ਲਈ ਵੱਖਰਾ ਮੰਤਰੀ ਬਣਾਇਆ ਗਿਆ ਹੈ। ਐਂਥਨੀ ਕਾਰਬਾਈਨਜ਼ ਨੂੰ ਏਆਈ ਅਤੇ ਡਿਜ਼ਿਟਲ ਅਰਥਵਿਵਸਥਾ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਹ ਨਵੀਨਤਾ, ਨਿਵੇਸ਼ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਦੇ ਨਾਲ-ਨਾਲ ਏਆਈ ਦੇ ਜ਼ਿੰਮੇਵਾਰ ਅਤੇ ਨੈਤਿਕ ਵਿਕਾਸ ‘ਤੇ ਵੀ ਧਿਆਨ ਦੇਣਗੇ। ਇਸ ਤੋਂ ਇਲਾਵਾ ਉਹ ਮੇਜਰ ਇਵੈਂਟਸ, ਮੈਡੀਕਲ ਰਿਸਰਚ, ਆਰਥਿਕ ਵਿਕਾਸ ਅਤੇ ਰੇਸਿੰਗ ਮੰਤਰੀ ਵਜੋਂ ਵੀ ਕੰਮ ਕਰਨਗੇ ਅਤੇ ਸਦਨ ਦੇ ਆਗੂ ਦੀ ਜ਼ਿੰਮੇਵਾਰੀ ਵੀ ਨਿਭਾਉਣਗੇ।

ਉਪ-ਪ੍ਰੀਮੀਅਰ ਗੈਬਰੀਏਲ ਵਿਲੀਅਮਜ਼ ਨੂੰ ਸਿੱਖਿਆ, ਮਹਿਲਾ ਅਤੇ ਲਿੰਗ ਸਮਾਨਤਾ, ਹੁਨਰ ਤੇ ਸਿਖਲਾਈ ਅਤੇ ਫਸਟ ਪੀਪਲਜ਼ ਮੰਤਰੀ ਬਣਾਇਆ ਗਿਆ ਹੈ। ਕੋਲਿਨ ਬਰੂਕਸ ਨੂੰ ਨਵਾਂ ਖਜ਼ਾਨਾ ਮੰਤਰੀ ਅਤੇ ਉਦਯੋਗਿਕ ਸਬੰਧ ਮੰਤਰੀ ਨਿਯੁਕਤ ਕੀਤਾ ਗਿਆ ਹੈ। ਪਾਲ ਐਡਬਰੂਕ ਨੂੰ ਪੁਲਿਸ, ਐਮਰਜੈਂਸੀ ਸੇਵਾਵਾਂ, ਅਪਰਾਧ ਰੋਕਥਾਮ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਹੈ। ਇੰਗਰਿਡ ਸਟਿੱਟ ਨੂੰ ਸਿਹਤ, ਮਾਨਸਿਕ ਸਿਹਤ ਅਤੇ ਐਂਬੂਲੈਂਸ ਸੇਵਾਵਾਂ ਦੀ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਹ ਸਪੈਸ਼ਲ ਮਨਿਸਟਰ ਆਫ਼ ਸਟੇਟ ਦੀ ਜ਼ਿੰਮੇਵਾਰੀ ਵੀ ਨਿਭਾਉਂਦੀ ਰਹੇਗੀ। ਜੈਕਲਿਨ ਸਾਇਮਜ਼ ਨੂੰ ਊਰਜਾ, ਸਰੋਤ, ਸਟੇਟ ਇਲੈਕਟ੍ਰਿਸਿਟੀ ਕਮਿਸ਼ਨ, ਜਲਵਾਯੂ ਕਾਰਵਾਈ ਅਤੇ ਵਾਤਾਵਰਨ ਮੰਤਰੀ ਬਣਾਇਆ ਗਿਆ ਹੈ। ਉਹ ਵਿਧਾਨ ਸਭਾ ਵਿੱਚ ਸਰਕਾਰ ਦੀ ਆਗੂ ਵੀ ਰਹੇਗੀ। ਵਿੱਕੀ ਵਾਰਡ ਨੂੰ ਜਨਤਕ ਆਵਾਜਾਈ ਮੰਤਰੀ ਬਣਾਇਆ ਗਿਆ ਹੈ, ਜਦਕਿ ਉਹ ਕ੍ਰੀਏਟਿਵ ਇੰਡਸਟਰੀਜ਼ ਦਾ ਵਿਭਾਗ ਵੀ ਸੰਭਾਲੇਗੀ।

ਇਸ ਤੋਂ ਇਲਾਵਾ ਕਈ ਹੋਰ ਮੰਤਰੀਆਂ ਨੂੰ ਵੀ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਲਿਜ਼ੀ ਬਲੈਂਡਥੌਰਨ ਬੱਚਿਆਂ ਅਤੇ ਦਿਵਿਆਂਗਤਾ ਮੰਤਰੀ ਬਣੀ ਰਹੇਗੀ। ਸਟੀਵ ਡਿਮੋਪੋਲੋਸ ਨੂੰ ਵਰਕਸੇਫ਼, ਟੀਏਸੀ ਅਤੇ ਸਮਾਨਤਾ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਐਨਵਰ ਏਰਦੋਗਨ ਵਿੱਤ ਅਤੇ ਸਰਕਾਰੀ ਸੇਵਾਵਾਂ ਦੇ ਮੰਤਰੀ ਬਣਨ ਦੇ ਨਾਲ ਕੈਸੀਨੋ, ਗੇਮਿੰਗ ਅਤੇ ਸ਼ਰਾਬ ਨਿਯਮ ਵਿਭਾਗ ਵੀ ਸੰਭਾਲਣਗੇ। ਮੇਲਿਸਾ ਹੌਰਨ ਨੂੰ ਰੁਜ਼ਗਾਰ, ਉਦਯੋਗ, ਐਡਵਾਂਸਡ ਮੈਨੂਫੈਕਚਰਿੰਗ ਅਤੇ ਰੱਖਿਆ ਉਦਯੋਗ ਮੰਤਰੀ ਬਣਾਇਆ ਗਿਆ ਹੈ। ਇਸੇ ਤਰ੍ਹਾਂ ਸੋਨੀਆ ਕਿਲਕੇਨੀ ਨੂੰ ਪਰਿਵਾਰਕ ਹਿੰਸਾ ਰੋਕਥਾਮ ਮੰਤਰੀ ਬਣਾਇਆ ਗਿਆ ਹੈ ਅਤੇ ਉਹ ਅਟਾਰਨੀ ਜਨਰਲ ਅਤੇ ਯੋਜਨਾ ਮੰਤਰੀ ਵੀ ਰਹੇਗੀ। ਟਿਮ ਰਿਚਰਡਸਨ ਨੂੰ ਸਥਾਨਕ ਸਰਕਾਰ, ਖਪਤਕਾਰ ਮਾਮਲੇ ਅਤੇ ਕਿਰਾਏਦਾਰਾਂ ਨਾਲ ਸਬੰਧਤ ਵਿਭਾਗ ਦਿੱਤੇ ਗਏ ਹਨ। ਮਾਈਕੈਲਾ ਸੈਟਲ ਨੂੰ ਪਾਣੀ, ਪੇਂਡੂ ਅਤੇ ਖੇਤਰੀ ਵਿਕਾਸ ਦੇ ਨਾਲ ਖੇਤੀਬਾੜੀ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਰੌਸ ਸਪੈਂਸ ਯੂਥ ਜਸਟਿਸ, ਜੇਲ੍ਹਾਂ ਅਤੇ ਪੀੜਤ ਸਹਾਇਤਾ ਮੰਤਰੀ ਬਣੇਗੀ, ਜਦਕਿ ਨਿਕ ਸਟਾਈਕੋਸ ਨੂੰ ਰਿਹਾਇਸ਼, ਇਮਾਰਤਾਂ, ਪ੍ਰਿਸਿੰਕਟਸ, ਬੇਘਰ ਲੋਕਾਂ ਅਤੇ ਸੀਨੀਅਰ ਨਾਗਰਿਕਾਂ ਨਾਲ ਸਬੰਧਤ ਵਿਭਾਗ ਦਿੱਤੇ ਗਏ ਹਨ। ਨੈਟਲੀ ਸੁਲੇਮਾਨ ਵਪਾਰ, ਸੈਰ-ਸਪਾਟਾ ਅਤੇ ਨਿਵੇਸ਼ ਮੰਤਰੀ ਬਣੇਗੀ ਅਤੇ ਛੋਟੇ ਤੇ ਪਰਿਵਾਰਕ ਕਾਰੋਬਾਰਾਂ ਅਤੇ ਸਾਬਕਾ ਫੌਜੀਆਂ ਦੇ ਮਾਮਲੇ ਵੀ ਸੰਭਾਲੇਗੀ। ਨੀਨਾ ਟੇਲਰ ਨੂੰ ਨਵੀਂ ਕੈਬਨਿਟ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਵਿਕਟੋਰੀਆ ਦੇ ਪ੍ਰੀਮੀਅਰ ਬੇਨ ਕੈਰੋਲ ਨੇ ਕਿਹਾ ਹੈ ਕਿ, “ਵਿਕਟੋਰੀਆ ਸਰਕਾਰ ਇੱਕ ਮਜ਼ਬੂਤ ਅਤੇ ਇਕਜੁੱਟ ਟੀਮ ਵਜੋਂ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਨਵੀਂ ਕੈਬਨਿਟ ਦੀ ਸਭ ਤੋਂ ਵੱਡੀ ਤਰਜੀਹ ਮਹਿੰਗਾਈ ਦੇ ਦਬਾਅ ਨੂੰ ਘਟਾਉਣਾ, ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨਾ ਹੋਵੇਗੀ।”

Related posts

ਆਓ ਕਰੀਏ ਆਪੇ ਦੀ ਸਵੈ ਪੜਚੋਲ !

admin

ਪ੍ਰਧਾਨ ਮੰਤਰੀ ਵਲੋਂ ਪੰਜਾਬ-ਹਿਮਾਚਲ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵਿਸ਼ੇਸ਼ ਵਿੱਤੀ ਪੈਕੇਜ ਐਲਾਨ !

admin

Northern Councils Call On Residents To Share Transport Struggles !

admin