ਸਿਡਨੀ – ਨਿਊ ਸਾਊਥ ਵੇਲਜ਼ ਦੀ ਫਾਇਰ ਐਂਡ ਰੈਸਕਿਊ (FRNSW) ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਘਰਾਂ ਦੇ ਨਾਲ-ਨਾਲ ਕੈਰਾਵੈਨ ਅਤੇ ਛੁੱਟੀਆਂ ਦੌਰਾਨ ਵਰਤੀ ਜਾਣ ਵਾਲੀ ਰਿਹਾਇਸ਼ ਵਿੱਚ ਵੀ ਕਾਰਗਰ ਸਮੋਕ ਅਲਾਰਮ ਜ਼ਰੂਰ ਲਗਾਏ ਜਾਣ। ਇਹ ਅਪੀਲ ਉੱਤਰੀ ਨਿਊ ਸਾਊਥ ਵੇਲਜ਼ ਦੇ ਚਿੰਡਰਾਹ ਵਿੱਚ ਇੱਕ ਵੱਡੀ ਅੱਗ ਦੀ ਘਟਨਾ ਤੋਂ ਬਾਅਦ ਕੀਤੀ ਗਈ ਹੈ।
ਅਧਿਕਾਰੀਆਂ ਮੁਤਾਬਕ ਚਿੰਡਰਾਹ ਬੇ ਡਰਾਈਵ ਸਥਿਤ ਇੱਕ ਹੌਲੀਡੇਅ ਪਾਰਕ ਵਿੱਚ ਬੀਤੇ ਦਿਨ ਇੱਕ ਮੋਬਾਈਲ ਹੋਮ ਵਿੱਚ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਫੈਲ ਕੇ ਚਾਰ ਹੋਰ ਯੂਨਿਟਾਂ ਤੱਕ ਪਹੁੰਚ ਗਈ, ਜਿਨ੍ਹਾਂ ਵਿੱਚੋਂ ਦੋ ਯੂਨਿਟ ਪੂਰੀ ਤਰ੍ਹਾਂ ਤਬਾਹ ਹੋ ਗਏ। ਇਸ ਘਟਨਾ ਦੌਰਾਨ ਬਜ਼ੁਰਗਾਂ ਅਤੇ ਹੋਰ ਕਮਜ਼ੋਰ ਵਰਗ ਦੇ ਲੋਕਾਂ ਸਮੇਤ 40 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ ਗਿਆ। ਖੁਸ਼ਕਿਸਮਤੀ ਨਾਲ ਕਿਸੇ ਵੀ ਵਿਅਕਤੀ ਨੂੰ ਸੱਟ ਨਹੀਂ ਲੱਗੀ। ਟਵੀਡ ਹੈਡਜ਼, ਕਿੰਗਸਕਲਿਫ਼ ਅਤੇ ਬਨੋਰਾ ਪੌਇੰਟ ਤੋਂ ਫਾਇਰ ਐਂਡ ਰੈਸਕਿਊ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ। ਇੱਕ ਬਲਕ ਵਾਟਰ ਟਰਾਂਸਫਰ ਯੂਨਿਟ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ।
ਐਫਆਰਐਨਐਸਡਬਲਯੂ ਜ਼ੋਨ ਕਮਾਂਡਰ ਸੁਪਰਿੰਟੈਂਡੈਂਟ ਗੈਰੀ ਵਾਈਟ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਦੌਰਾਨ ਘਰਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵੱਧ ਜਾਂਦੀਆਂ ਹਨ, ਇਸ ਲਈ ਹਰ ਘਰ, ਕੈਰਾਵੈਨ ਜਾਂ ਹੌਲੀਡੇਅ ਰਿਹਾਇਸ਼ ਵਿੱਚ ਚੱਲਣ ਯੋਗ ਸਮੋਕ ਅਲਾਰਮ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਹਰ ਘਰ ਅਤੇ ਕੈਰਾਵੈਨ ਵਿੱਚ ਸਮੋਕ ਅਲਾਰਮ ਲਗਾਉਣਾ ਲਾਜ਼ਮੀ ਹੈ। ਜੇਕਰ ਕੈਰਾਵਾਨ ਨਾਲ ਕੋਈ ਐਨੇਕਸ ਜਾਂ ਵੱਖਰਾ ਕਮਰਾ ਸੌਣ ਲਈ ਵਰਤਿਆ ਜਾਂਦਾ ਹੈ ਤਾਂ ਉੱਥੇ ਵੀ ਵੱਖਰਾ ਸਮੋਕ ਅਲਾਰਮ ਹੋਣਾ ਚਾਹੀਦਾ ਹੈ।
ਫਾਇਰ ਐਂਡ ਰੈਸਕਿਊ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਰਾਜ ਵਿੱਚ 3,884 ਘਰਾਂ ਵਿੱਚ ਵੱਡੀਆਂ ਅੱਗ ਦੀਆਂ ਘਟਨਾਵਾਂ ਦਰਜ ਹੋਈਆਂ, ਜਿਨ੍ਹਾਂ ਵਿੱਚੋਂ 45 ਫ਼ੀਸਦੀ ਘਰਾਂ ਵਿੱਚ ਕੰਮ ਕਰਨ ਵਾਲਾ ਸਮੋਕ ਅਲਾਰਮ ਨਹੀਂ ਸੀ।
ਸੁਪਰਿੰਟੈਂਡੈਂਟ ਵਾਈਟ ਨੇ ਦੱਸਿਆ ਕਿ ਸਮੋਕ ਅਲਾਰਮ ਦੀ ਉਮਰ 10 ਸਾਲ ਹੁੰਦੀ ਹੈ। ਇਸ ਤੋਂ ਪੁਰਾਣੇ ਅਲਾਰਮ ਤੁਰੰਤ ਬਦਲ ਦੇਣੇ ਚਾਹੀਦੇ ਹਨ ਅਤੇ ਸਮੇਂ-ਸਮੇਂ ‘ਤੇ ਟੈਸਟ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸਹੀ ਢੰਗ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਫਾਇਰ ਐਂਡ ਰੈਸਕਿਊ ਨਿਊ ਸਾਊਥ ਵੇਲਜ਼ ਦੀਆਂ ਟੀਮਾਂ ਘਰਾਂ, ਹੌਲੀਡੇਅ ਪਾਰਕਾਂ, ਰਿਟਾਇਰਮੈਂਟ ਅਤੇ ਲਾਈਫਸਟਾਈਲ ਵਿਲੇਜਾਂ ਵਿੱਚ ਮੁਫ਼ਤ ਅੱਗ ਸੁਰੱਖਿਆ ਜਾਂਚ ਕਰਦੀਆਂ ਹਨ। ਇਸ ਦੌਰਾਨ ਲੋਕਾਂ ਨੂੰ ਸੁਰੱਖਿਆ ਸੰਬੰਧੀ ਸਲਾਹ ਦਿੱਤੀ ਜਾਂਦੀ ਹੈ ਅਤੇ ਲੋੜ ਪੈਣ ‘ਤੇ ਮੁਫ਼ਤ ਸਮੋਕ ਅਲਾਰਮ ਵੀ ਲਗਾਏ ਜਾਂਦੇ ਹਨ।
