
ਕਈ ਪੀੜ੍ਹੀਆਂ ਤੋਂ ਕਾਲਜ ਕੈਂਪਸ ਸਿਰਫ਼ ਅਕਾਦਮਿਕ ਸਿੱਖਿਆ ਦਾ ਸਥਾਨ ਨਹੀਂ ਰਿਹਾ। ਇਹ ਉਹ ਮੰਚ ਵੀ ਰਿਹਾ ਹੈ ਜਿੱਥੇ ਨੌਜਵਾਨਾਂ ਨੇ ਵਿਚਾਰਾਂ ’ਤੇ ਚਰਚਾ ਕੀਤੀ, ਸੱਤਾ ਅਤੇ ਪ੍ਰਬੰਧ ’ਤੇ ਸਵਾਲ ਉਠਾਏ, ਅੰਦੋਲਨ ਸੰਗਠਿਤ ਕੀਤੇ, ਸਮਾਜਿਕ ਮੁੱਦਿਆਂ ’ਤੇ ਵਿਚਾਰ ਕੀਤਾ ਅਤੇ ਨਾਗਰਿਕ ਚੇਤਨਾ ਵਿਕਸਿਤ ਕੀਤੀ। ਕਈ ਮਹੱਤਵਪੂਰਨ ਰਾਜਨੀਤਿਕ ਅਤੇ ਸਮਾਜਿਕ ਅੰਦੋਲਨਾਂ ਨੂੰ ਉਨ੍ਹਾਂ ਦੀਆਂ ਸ਼ੁਰੂਆਤੀ ਆਵਾਜ਼ਾਂ ਕਲਾਸਰੂਮਾਂ, ਵਿਦਿਆਰਥੀ ਯੂਨੀਅਨਾਂ, ਲਾਇਬ੍ਰੇਰੀਆਂ ਅਤੇ ਕੈਂਪਸ ਦੀਆਂ ਸਭਾਵਾਂ ਵਿੱਚੋਂ ਮਿਲੀਆਂ ਹਨ।
ਪਰ ਅੱਜ ਕੈਂਪਸ ਦੀ ਰਾਜਨੀਤੀ ਬਦਲ ਰਹੀ ਹੈ। ਇੱਕ ਨਵੀਂ ਪੀੜ੍ਹੀ—ਜਨਰੇਸ਼ਨ ਜ਼ੈੱਡ —ਵੱਖਰੀਆਂ ਉਮੀਦਾਂ, ਸੰਚਾਰ ਦੇ ਨਵੇਂ ਢੰਗ ਅਤੇ ਵੱਖਰੇ ਰਾਜਨੀਤਿਕ ਤਜਰਬਿਆਂ ਨਾਲ ਉੱਚ ਸਿੱਖਿਆ ਵਿੱਚ ਦਾਖਲ ਹੋ ਰਹੀ ਹੈ। ਇਹ ਪੀੜ੍ਹੀ ਸਮਾਰਟਫੋਨ, ਸੋਸ਼ਲ ਮੀਡੀਆ, ਤੁਰੰਤ ਜਾਣਕਾਰੀ ਅਤੇ ਤੇਜ਼ੀ ਨਾਲ ਬਦਲ ਰਹੀ ਦੁਨੀਆ ਦੇ ਮਾਹੌਲ ਵਿੱਚ ਵੱਡੀ ਹੋਈ ਹੈ। ਇਸ ਲਈ ਰਾਜਨੀਤੀ ਬਾਰੇ ਇਸ ਦੀ ਸਮਝ ਸਿਰਫ਼ ਰਵਾਇਤੀ ਵਿਦਿਆਰਥੀ ਸੰਗਠਨਾਂ ਤੱਕ ਸੀਮਿਤ ਨਹੀਂ ਹੈ। ਡਿਜ਼ੀਟਲ ਚਰਚਾਵਾਂ, ਆਨਲਾਈਨ ਮੁਹਿੰਮਾਂ, ਵਿਸ਼ਵ ਪੱਧਰੀ ਘਟਨਾਵਾਂ ਅਤੇ ਰੋਜ਼ਾਨਾ ਜੀਵਨ ਨਾਲ ਜੁੜੇ ਮੁੱਦੇ ਇਸ ਦੀ ਰਾਜਨੀਤਿਕ ਸੋਚ ਨੂੰ ਵਧੇਰੇ ਪ੍ਰਭਾਵਿਤ ਕਰ ਰਹੇ ਹਨ। ਇੱਥੇ ਇੱਕ ਮਹੱਤਵਪੂਰਨ ਸਵਾਲ ਉੱਠਦਾ ਹੈ—ਕੀ ਜਨਰੇਸ਼ਨ ਜ਼ੈੱਡ ਕੈਂਪਸ ਰਾਜਨੀਤੀ ਨੂੰ ਨਵੀਂ ਜ਼ਿੰਦਗੀ ਦੇ ਸਕਦੀ ਹੈ? ਜਵਾਬ ਹਾਂ ਹੋ ਸਕਦਾ ਹੈ, ਪਰ ਸ਼ਾਇਦ ਰਵਾਇਤੀ ਢੰਗ ਨਾਲ ਨਹੀਂ।
ਨਾਅਰਿਆਂ ਤੋਂ ਮੁੱਦਿਆਂ ਵੱਲ
ਪਿਛਲੀਆਂ ਪੀੜ੍ਹੀਆਂ ਦੀ ਵਿਦਿਆਰਥੀ ਰਾਜਨੀਤੀ ਅਕਸਰ ਕੈਂਪਸ ਚੋਣਾਂ, ਰੈਲੀਆਂ, ਬਹਿਸਾਂ, ਪ੍ਰਦਰਸ਼ਨਾਂ ਅਤੇ ਵੱਡੇ ਰਾਜਨੀਤਿਕ ਸੰਗਠਨਾਂ ਨਾਲ ਜੁੜਾਅ ਨਾਲ ਪਛਾਣੀ ਜਾਂਦੀ ਸੀ। ਇਨ੍ਹਾਂ ਗਤੀਵਿਧੀਆਂ ਨੇ ਵਿਦਿਆਰਥੀਆਂ ਨੂੰ ਨੇਤ੍ਰਿਤਵ, ਜਨਤਕ ਭਾਸ਼ਣ, ਗੱਲਬਾਤ, ਸਮਝੌਤੇ ਅਤੇ ਸਾਂਝੀ ਕਾਰਵਾਈ ਦੀ ਸਮਝ ਹਾਸਲ ਕਰਨ ਦੇ ਮੌਕੇ ਦਿੱਤੇ। ਜੈੱੱਨ ਜ਼ੈੱਡ ਰਾਜਨੀਤੀ ਨੂੰ ਵੱਖਰੇ ਢੰਗ ਨਾਲ ਦੇਖ ਸਕਦੀ ਹੈ। ਬਹੁਤ ਸਾਰੇ ਨੌਜਵਾਨ ਵਿਚਾਰਧਾਰਕ ਪਛਾਣਾਂ ਨਾਲੋਂ ਖਾਸ ਮੁੱਦਿਆਂ ਵਿੱਚ ਵਧੇਰੇ ਦਿਲਚਸਪੀ ਰੱਖਦੇ ਹਨ। ਜਲਵਾਯੂ ਪਰਿਵਰਤਨ, ਰੋਜ਼ਗਾਰ, ਸਿੱਖਿਆ ਦੀ ਲਾਗਤ, ਮਾਨਸਿਕ ਸੁਖ-ਸਿਹਤ, ਲਿੰਗ ਸਮਾਨਤਾ, ਤਕਨਾਲੋਜੀ, ਨਿੱਜਤਾ, ਭੇਦਭਾਵ, ਜਨਤਕ ਸੁਰੱਖਿਆ ਅਤੇ ਨੌਜਵਾਨਾਂ ਲਈ ਮੌਕੇ—ਇਹ ਮੁੱਦੇ ਰਵਾਇਤੀ ਰਾਜਨੀਤਿਕ ਪਛਾਣਾਂ ਨਾਲੋਂ ਉਨ੍ਹਾਂ ਲਈ ਵਧੇਰੇ ਤੁਰੰਤ ਮਹੱਤਵ ਰੱਖ ਸਕਦੇ ਹਨ। ਇਸਦਾ ਅਰਥ ਇਹ ਨਹੀਂ ਕਿ ਨੌਜਵਾਨ ਰਾਜਨੀਤੀ ਤੋਂ ਬੇਪਰਵਾਹ ਹਨ। ਕਈ ਮਾਮਲਿਆਂ ਵਿੱਚ ਉਹ ਜਨਤਕ ਮਸਲਿਆਂ ਬਾਰੇ ਬਹੁਤ ਚਿੰਤਤ ਹੁੰਦੇ ਹਨ, ਪਰ ਸਥਾਈ ਰਾਜਨੀਤਿਕ ਸੰਗਠਨ ਨਾਲ ਜੁੜਨ ਦੀ ਬਜਾਏ ਮੁੱਦਾ-ਅਧਾਰਿਤ ਭਾਗੀਦਾਰੀ ਨੂੰ ਤਰਜੀਹ ਦਿੰਦੇ ਹਨ। ਇਸ ਲਈ ਭਵਿੱਖ ਦੇ ਕੈਂਪਸ ਵਿੱਚ ਸਵਾਲ ਸ਼ਾਇਦ ਇਹ ਨਾ ਹੋਵੇ—“ਤੁਸੀਂ ਕਿਸ ਸੰਗਠਨ ਨਾਲ ਜੁੜੇ ਹੋ?” ਸਗੋਂ ਇਹ ਹੋਵੇ—“ਤੁਸੀਂ ਕਿਸ ਮੁੱਦੇ ਲਈ ਕੰਮ ਕਰਨ ਲਈ ਤਿਆਰ ਹੋ?”
ਸਮਾਰਟਫੋਨ: ਨਵਾਂ ਰਾਜਨੀਤਿਕ ਨੋਟਿਸ ਬੋਰਡ
ਪਹਿਲਾਂ ਕੈਂਪਸ ਦਾ ਰਾਜਨੀਤਿਕ ਨੋਟਿਸ ਬੋਰਡ ਇੱਕ ਅਸਲ ਬੋਰਡ ਹੁੰਦਾ ਸੀ। ਵਿਦਿਆਰਥੀ ਪੋਸਟਰਾਂ, ਪੈਂਫਲਿਟਾਂ ਅਤੇ ਕੰਧਾਂ ’ਤੇ ਲੱਗੀਆਂ ਸੂਚਨਾਵਾਂ ਰਾਹੀਂ ਕੈਂਪਸ ਦੀਆਂ ਗਤੀਵਿਧੀਆਂ ਬਾਰੇ ਜਾਣਦੇ ਸਨ। ਅੱਜ ਇੱਕ ਰਾਜਨੀਤਿਕ ਗੱਲਬਾਤ ਇੱਕ ਪੋਸਟ, ਵੀਡੀਓ, ਸੁਨੇਹੇ ਜਾਂ ਆਨਲਾਈਨ ਚਰਚਾ ਤੋਂ ਸ਼ੁਰੂ ਹੋ ਕੇ ਕੁਝ ਹੀ ਮਿੰਟਾਂ ਵਿੱਚ ਹਜ਼ਾਰਾਂ ਵਿਦਿਆਰਥੀਆਂ ਤੱਕ ਪਹੁੰਚ ਸਕਦੀ ਹੈ। ਸੋਸ਼ਲ ਮੀਡੀਆ ਨੇ ਰਾਜਨੀਤਿਕ ਭਾਗੀਦਾਰੀ ਦੀਆਂ ਰੁਕਾਵਟਾਂ ਨੂੰ ਕਾਫ਼ੀ ਘਟਾ ਦਿੱਤਾ ਹੈ। ਜਿਹੜਾ ਵਿਦਿਆਰਥੀ ਵੱਡੀ ਸਭਾ ਵਿੱਚ ਬੋਲਣ ਤੋਂ ਹਿਚਕਚਾ ਸਕਦਾ ਹੈ, ਉਹ ਆਨਲਾਈਨ ਆਪਣੀ ਰਾਏ ਪ੍ਰਗਟ ਕਰ ਸਕਦਾ ਹੈ। ਜਿਹੜਾ ਕੈਂਪਸ ਮੁੱਦਾ ਪਹਿਲਾਂ ਇੱਕ ਸੰਸਥਾ ਤੱਕ ਸੀਮਿਤ ਰਹਿੰਦਾ ਸੀ, ਉਹ ਹੁਣ ਤੇਜ਼ੀ ਨਾਲ ਵੱਡਾ ਧਿਆਨ ਖਿੱਚ ਸਕਦਾ ਹੈ। ਪਰ ਇਸ ਬਦਲਾਅ ਦਾ ਇੱਕ ਦੂਜਾ ਪੱਖ ਵੀ ਹੈ। ਤੇਜ਼ੀ ਹਮੇਸ਼ਾ ਸਮਝ ਪੈਦਾ ਨਹੀਂ ਕਰਦੀ। ਸੋਸ਼ਲ ਮੀਡੀਆ ਭਾਵਨਾਤਮਕ ਪ੍ਰਤੀਕਿਰਿਆਵਾਂ, ਗਲਤ ਜਾਣਕਾਰੀ, ਧੜੇਬੰਦੀ ਅਤੇ ਸਰਲ ਬਣਾਈਆਂ ਗਈਆਂ ਦਲੀਲਾਂ ਨੂੰ ਵਧਾ ਸਕਦਾ ਹੈ। ਵਿਦਿਆਰਥੀਆਂ ਨੂੰ ਅਜਿਹੀ ਰਾਜਨੀਤਿਕ ਸਮੱਗਰੀ ਮਿਲ ਸਕਦੀ ਹੈ ਜਿਸਦਾ ਉਦੇਸ਼ ਜਾਣਕਾਰੀ ਦੇਣਾ ਨਹੀਂ, ਸਗੋਂ ਉਨ੍ਹਾਂ ਨੂੰ ਉਕਸਾਉਣਾ ਹੋਵੇ। ਇੱਕ ਛੋਟੀ ਵੀਡੀਓ ਬਿਨਾਂ ਪੂਰਾ ਸੰਦਰਭ ਦਿੱਤੇ ਬਹੁਤ ਮਜ਼ਬੂਤ ਰਾਏ ਪੈਦਾ ਕਰ ਸਕਦੀ ਹੈ। ਇਸ ਲਈ ਡਿਜ਼ੀਟਲ ਕੈਂਪਸ ਨੂੰ ਨਵੀਂ ਕਿਸਮ ਦੀ ਰਾਜਨੀਤਿਕ ਸਾਖਰਤਾ ਦੀ ਲੋੜ ਹੈ। ਵਿਦਿਆਰਥੀਆਂ ਨੂੰ ਸਿਰਫ਼ ਰਾਏ ਪ੍ਰਗਟ ਕਰਨੀ ਹੀ ਨਹੀਂ, ਸਗੋਂ ਜਾਣਕਾਰੀ ਦੀ ਪੁਸ਼ਟੀ ਕਰਨੀ, ਵਿਰੋਧੀ ਵਿਚਾਰ ਸੁਣਨੇ ਅਤੇ ਤੱਥਾਂ ਤੇ ਪ੍ਰਚਾਰ ਵਿਚਕਾਰ ਫ਼ਰਕ ਕਰਨਾ ਵੀ ਸਿੱਖਣਾ ਹੋਵੇਗਾ।
ਬਹਿਸ ਨੂੰ ਕੈਂਪਸ ਵਿੱਚ ਵਾਪਸ ਲਿਆਉਣਾ ਹੋਵੇਗਾ
ਇੱਕ ਸਿਹਤਮੰਦ ਕੈਂਪਸ ਲੋਕਤੰਤਰ ਲਈ ਅਸਹਿਮਤੀ ਜ਼ਰੂਰੀ ਹੈ। ਅਸਹਿਮਤੀ ਨੂੰ ਆਪਣੇ ਆਪ ਦੁਸ਼ਮਣੀ ਨਹੀਂ ਮੰਨਿਆ ਜਾਣਾ ਚਾਹੀਦਾ। ਯੂਨੀਵਰਸਿਟੀਆਂ ਸਮਾਜ ਦੀਆਂ ਉਹ ਥਾਵਾਂ ਹੋਣੀਆਂ ਚਾਹੀਦੀਆਂ ਹਨ ਜਿੱਥੇ ਵਿਦਿਆਰਥੀ ਆਪਣੇ ਤੋਂ ਵੱਖਰੇ ਵਿਚਾਰਾਂ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਢੰਗ ਨਾਲ ਸੁਣ ਸਕਣ। ਇੱਕ ਵਿਦਿਆਰਥੀ ਨੂੰ ਕਿਸੇ ਪ੍ਰਚਲਿਤ ਵਿਚਾਰ ’ਤੇ ਸਵਾਲ ਕਰਨ ਲਈ ਮਜ਼ਾਕ ਜਾਂ ਤਾਨੇ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਦੂਜੇ ਵਿਦਿਆਰਥੀ ਨੂੰ ਉਸ ਵਿਚਾਰ ਦਾ ਸਮਰਥਨ ਕਰਨ ਤੋਂ ਚੁੱਪ ਨਹੀਂ ਕਰਵਾਇਆ ਜਾਣਾ ਚਾਹੀਦਾ। ਬਹਿਸ ਦਾ ਉਦੇਸ਼ ਹਮੇਸ਼ਾ ਸਹਿਮਤੀ ਪੈਦਾ ਕਰਨਾ ਨਹੀਂ ਹੁੰਦਾ। ਕਈ ਵਾਰ ਇਸਦੀ ਸਭ ਤੋਂ ਵੱਡੀ ਮਹੱਤਤਾ ਇਹ ਹੁੰਦੀ ਹੈ ਕਿ ਇਹ ਸਾਨੂੰ ਸਤਿਕਾਰ ਨਾਲ ਅਸਹਿਮਤ ਹੋਣਾ ਸਿਖਾਉਂਦੀ ਹੈ। ਜੈੱਨ ਜ਼ੈੱਡ ਲਈ ਇਹ ਹੋਰ ਵੀ ਮਹੱਤਵਪੂਰਨ ਹੈ, ਕਿਉਂਕਿ ਇਹ ਪੀੜ੍ਹੀ ਤੇਜ਼ ਜਾਣਕਾਰੀ ਅਤੇ ਵਧਦੀ ਵੰਡ ਵਾਲੇ ਜਨਤਕ ਸੰਵਾਦ ਦੇ ਮਾਹੌਲ ਵਿੱਚ ਵੱਡੀ ਹੋ ਰਹੀ ਹੈ। ਯੂਨੀਵਰਸਿਟੀਆਂ ਨੂੰ ਸੰਰਚਿਤ ਬਹਿਸਾਂ, ਵਿਦਿਆਰਥੀ ਫੋਰਮਾਂ, ਜਨਤਕ ਭਾਸ਼ਣਾਂ, ਮੌਕ ਪਾਰਲੀਮੈਂਟਾਂ, ਨੀਤੀ-ਚਰਚਾਵਾਂ ਅਤੇ ਮੁੱਦਾ-ਅਧਾਰਿਤ ਕਲੱਬਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਹ ਗਤੀਵਿਧੀਆਂ ਰਾਜਨੀਤਿਕ ਦਿਲਚਸਪੀ ਨੂੰ ਲੋਕਤੰਤਰੀ ਸਿੱਖਿਆ ਵਿੱਚ ਬਦਲ ਸਕਦੀਆਂ ਹਨ।
ਕੈਂਪਸ ਰਾਜਨੀਤੀ ਸਿਰਫ਼ ਪਾਰਟੀ ਰਾਜਨੀਤੀ ਨਾ ਬਣੇ
ਯੂਨੀਵਰਸਿਟੀਆਂ ਵਿੱਚ ਰਾਜਨੀਤਿਕ ਜਾਗਰੂਕਤਾ ਲਈ ਨਿਸ਼ਚਿਤ ਤੌਰ ’ਤੇ ਥਾਂ ਹੋਣੀ ਚਾਹੀਦੀ ਹੈ। ਨੌਜਵਾਨਾਂ ਨੂੰ ਲੋਕਤੰਤਰ ਦੀ ਕਾਰਗੁਜ਼ਾਰੀ, ਜਨਤਕ ਸੰਸਥਾਵਾਂ ਅਤੇ ਸਮਾਜ ’ਤੇ ਨੀਤੀਆਂ ਦੇ ਪ੍ਰਭਾਵ ਨੂੰ ਸਮਝਣਾ ਚਾਹੀਦਾ ਹੈ। ਪਰ ਕੈਂਪਸ ਰਾਜਨੀਤੀ ਉਸ ਸਮੇਂ ਗੈਰ-ਸਿਹਤਮੰਦ ਹੋ ਜਾਂਦੀ ਹੈ ਜਦੋਂ ਸਿੱਖਿਆ ਸੰਸਥਾਵਾਂ ਨੂੰ ਵੱਡੇ ਰਾਜਨੀਤਿਕ ਸੰਗਠਨਾਂ ਲਈ ਸਿਰਫ਼ ਭਰਤੀ ਕੇਂਦਰ ਸਮਝਿਆ ਜਾਣ ਲੱਗੇ। ਵਿਦਿਆਰਥੀ ਨੇਤ੍ਰਿਤਵ ਵਿੱਚ ਸ਼ਕਤੀ ਦੇ ਨਾਲ ਸੇਵਾ ਦੀ ਭਾਵਨਾ ਵੀ ਹੋਣੀ ਚਾਹੀਦੀ ਹੈ। ਵਿਦਿਆਰਥੀ ਪ੍ਰਤੀਨਿਧੀ ਦੀ ਕਾਮਯਾਬੀ ਸਿਰਫ਼ ਇਸ ਗੱਲ ਨਾਲ ਨਹੀਂ ਮਾਪੀ ਜਾਣੀ ਚਾਹੀਦੀ ਕਿ ਉਹ ਕਿੰਨੇ ਸਮਰਥਕ ਇਕੱਠੇ ਕਰ ਸਕਦਾ ਹੈ, ਸਗੋਂ ਇਸ ਗੱਲ ਨਾਲ ਵੀ ਕਿ ਉਹ ਕਿਹੜੀਆਂ ਸਮੱਸਿਆਵਾਂ ਹੱਲ ਕਰ ਸਕਦਾ ਹੈ। ਕੀ ਉਹ ਲਾਇਬ੍ਰੇਰੀ ਵਿੱਚ ਸੁਧਾਰ ਕਰਵਾ ਸਕਦਾ ਹੈ? ਕੀ ਉਹ ਆਵਾਜਾਈ, ਸਫ਼ਾਈ, ਪਹੁੰਚਯੋਗਤਾ, ਅਕਾਦਮਿਕ ਸਹੂਲਤਾਂ ਜਾਂ ਵਿਦਿਆਰਥੀ ਭਲਾਈ ਨਾਲ ਜੁੜੇ ਮੁੱਦੇ ਉਠਾ ਸਕਦਾ ਹੈ? ਕੀ ਉਹ ਪ੍ਰਸ਼ਾਸਨ ਨਾਲ ਜ਼ਿੰਮੇਵਾਰੀ ਨਾਲ ਗੱਲਬਾਤ ਕਰ ਸਕਦਾ ਹੈ? ਕੀ ਉਹ ਉਨ੍ਹਾਂ ਵਿਦਿਆਰਥੀਆਂ ਦੀ ਵੀ ਨੁਮਾਇੰਦਗੀ ਕਰ ਸਕਦਾ ਹੈ ਜਿਨ੍ਹਾਂ ਨੇ ਉਸਨੂੰ ਵੋਟ ਨਹੀਂ ਦਿੱਤੀ? ਇਹ ਵੀ ਰਾਜਨੀਤਿਕ ਹੁਨਰ ਹਨ।
ਸੁਣਨ ਦੀ ਕਲਾ ਦੀ ਘਾਟ
ਆਧੁਨਿਕ ਰਾਜਨੀਤੀ ਅਕਸਰ ਉੱਚੀ ਆਵਾਜ਼ ਵਿੱਚ ਬੋਲਣ ਵਾਲਿਆਂ ਨੂੰ ਤਰਜੀਹ ਦਿੰਦੀ ਹੈ। ਪਰ ਲੋਕਤੰਤਰ ਲਈ ਸੁਣਨਾ ਵੀ ਓਨਾ ਹੀ ਜ਼ਰੂਰੀ ਹੈ। ਜੈੱਨ ਜ਼ੈੱਡ ਕੋਲ ਨੇਤ੍ਰਿਤਵ ਦੀ ਪਰਿਭਾਸ਼ਾ ਬਦਲਣ ਦਾ ਮੌਕਾ ਹੈ, ਜਿਸ ਵਿੱਚ ਸੁਣਨ ਦੀ ਕਲਾ ਨੂੰ ਕੇਂਦਰੀ ਸਥਾਨ ਮਿਲੇ। ਇੱਕ ਚੰਗਾ ਵਿਦਿਆਰਥੀ ਨੇਤਾ ਸਿਰਫ਼ ਆਪਣੇ ਸਮਰਥਕਾਂ ਨਾਲ ਸੰਚਾਰ ਨਹੀਂ ਕਰਦਾ, ਸਗੋਂ ਉਨ੍ਹਾਂ ਵਿਦਿਆਰਥੀਆਂ ਦੀਆਂ ਚਿੰਤਾਵਾਂ ਨੂੰ ਵੀ ਸਮਝਦਾ ਹੈ ਜਿਨ੍ਹਾਂ ਨੇ ਉਸਨੂੰ ਵੋਟ ਨਹੀਂ ਦਿੱਤੀ। ਨੇਤ੍ਰਿਤਵ ਦਾ ਅਰਥ ਅਜਿਹੀਆਂ ਥਾਵਾਂ ਬਣਾਉਣਾ ਵੀ ਹੈ ਜਿੱਥੇ ਸ਼ਾਂਤ ਅਤੇ ਘੱਟ ਬੋਲਣ ਵਾਲੀਆਂ ਆਵਾਜ਼ਾਂ ਸੁਣੀਆਂ ਜਾ ਸਕਣ। ਲੜਕੀਆਂ, ਪੇਂਡੂ ਪਿਛੋਕੜ ਵਾਲੇ ਵਿਦਿਆਰਥੀ, ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਵਿਦਿਆਰਥੀ, ਅਪਾਹਜ ਵਿਦਿਆਰਥੀ ਅਤੇ ਉਹ ਨੌਜਵਾਨ ਜੋ ਜਨਤਕ ਤੌਰ ’ਤੇ ਬੋਲਣ ਵਿੱਚ ਸਹਿਜ ਮਹਿਸੂਸ ਨਹੀਂ ਕਰਦੇ—ਸਭ ਨੂੰ ਕੈਂਪਸ ਜੀਵਨ ਵਿੱਚ ਅਰਥਪੂਰਨ ਭਾਗੀਦਾਰੀ ਦੇ ਮੌਕੇ ਮਿਲਣੇ ਚਾਹੀਦੇ ਹਨ। ਇੱਕ ਜੀਵੰਤ ਕੈਂਪਸ ਲੋਕਤੰਤਰ ਉਹ ਨਹੀਂ ਜਿਸ ਵਿੱਚ ਸਭ ਤੋਂ ਉੱਚੀਆਂ ਆਵਾਜ਼ਾਂ ਹਾਵੀ ਹੋਣ। ਇਹ ਉਹ ਹੈ ਜਿਸ ਵਿੱਚ ਵੱਖ-ਵੱਖ ਆਵਾਜ਼ਾਂ ਸੁਣੀਆਂ ਜਾਣ।
- ਭਵਿੱਖ ਵਿੱਚ ਕਿਹੜੀਆਂ ਨੌਕਰੀਆਂ ਉਪਲਬਧ ਹੋਣਗੀਆਂ?
- ਸਿੱਖਿਆ ਨੂੰ ਆਰਟੀਫ਼ੀਸ਼ਲ ਇੰਟੈਲੀਜੈਂਸ ਦੇ ਅਨੁਸਾਰ ਕਿਵੇਂ ਬਦਲਣਾ ਚਾਹੀਦਾ ਹੈ?
- ਪੇਂਡੂ ਨੌਜਵਾਨ ਨਵੇਂ ਮੌਕਿਆਂ ਤੱਕ ਕਿਵੇਂ ਪਹੁੰਚ ਸਕਦੇ ਹਨ?
- ਯੂਨੀਵਰਸਿਟੀਆਂ ਉਦਯਮਤਾ ਨੂੰ ਕਿਵੇਂ ਉਤਸ਼ਾਹਿਤ ਕਰ ਸਕਦੀਆਂ ਹਨ?
- ਉੱਚ ਸਿੱਖਿਆ ਨੂੰ ਹੋਰ ਸਮਾਵੇਸ਼ੀ ਅਤੇ ਕਿਫ਼ਾਇਤੀ ਕਿਵੇਂ ਬਣਾਇਆ ਜਾ ਸਕਦਾ ਹੈ?
