Health & FitnessArticlesAustralia & New ZealandBreaking NewsLatest News

ਹਰ ਦਿਲ ਨੂੰ ਇੱਕ ਮੌਕਾ ਦਿਓ: ਇਸ ਸ਼ੌਕਟੋਬਰ ਸਿੱਖੋ ‘ਕਾਲ, ਪੁਸ਼, ਸ਼ੌਕ’

ਐਂਬੂਲੈਂਸ ਵਿਕਟੋਰੀਆ ਨੇ ਲੋਕਾਂ ਨੂੰ ਤਿੰਨ ਸੌਖੇ ਕਦਮ ਯਾਦ ਰੱਖਣ ਦੀ ਅਪੀਲ ਕੀਤੀ ਹੈ—ਕਾਲ, ਪੁਸ਼, ਸ਼ੌਕ (Call, Push, Shock)।

ਦਿਲ ਦਾ ਦੌਰਾ (ਕਾਰਡਿਅਕ ਅਰੇਸਟ) ਕਿਸੇ ਨੂੰ ਵੀ, ਕਿਸੇ ਵੀ ਸਮੇਂ ਆ ਸਕਦਾ ਹੈ। ਇਸ ਲਈ ਇਸ ਸਾਲ ਦੇ ਸ਼ੌਕਟੋਬਰ ਮੌਕੇ ’ਤੇ ਐਂਬੂਲੈਂਸ ਵਿਕਟੋਰੀਆ ਨੇ ਲੋਕਾਂ ਨੂੰ ਤਿੰਨ ਸੌਖੇ ਕਦਮ ਯਾਦ ਰੱਖਣ ਦੀ ਅਪੀਲ ਕੀਤੀ ਹੈ—ਕਾਲ, ਪੁਸ਼, ਸ਼ੌਕ (Call, Push, Shock)। ਐਂਬੂਲੈਂਸ ਵਿਕਟੋਰੀਆ ਮੁਤਾਬਕ ਵਿਕਟੋਰੀਆ ਵਿੱਚ ਹਰ ਰੋਜ਼ ਲਗਭਗ 21 ਲੋਕਾਂ ਨੂੰ ਕਾਰਡਿਅਕ ਅਰੇਸਟ ਹੁੰਦਾ ਹੈ ਅਤੇ ਇਨ੍ਹਾਂ ਵਿੱਚੋਂ ਸਿਰਫ਼ 10 ਵਿੱਚੋਂ ਇੱਕ ਵਿਅਕਤੀ ਬਚਦਾ ਹੈ। ਲਗਭਗ 77 ਫ਼ੀਸਦੀ ਕਾਰਡਿਅਕ ਅਰੇਸਟ ਘਰ ਵਿੱਚ ਹੀ ਹੁੰਦੇ ਹਨ। ਇਹ ਸਮੱਸਿਆ ਉਮਰ, ਸਿਹਤ ਜਾਂ ਫਿਟਨੈੱਸ ਦੀ ਪਰਵਾਹ ਕੀਤੇ ਬਿਨਾਂ ਕਿਸੇ ਨੂੰ ਵੀ ਹੋ ਸਕਦੀ ਹੈ ਅਤੇ ਕਈ ਵਾਰ ਇਸ ਤੋਂ ਪਹਿਲਾਂ ਕੋਈ ਲੱਛਣ ਵੀ ਨਹੀਂ ਹੁੰਦੇ।

ਇਸ ਸਾਲ ਐਂਬੂਲੈਂਸ ਵਿਕਟੋਰੀਆ ਦੀ ਸਾਲਾਨਾ ਸ਼ੌਕਟੋਬਰ ਮੁਹਿੰਮ ਦਾ ਸੱਤਵਾਂ ਸਾਲ ਹੈ। ਇਸ ਮੁਹਿੰਮ ਦਾ ਮਕਸਦ ਲੋਕਾਂ ਨੂੰ CPR ਅਤੇ Automated External Defibrillator (AED) ਦੀ ਵਰਤੋਂ ਬਾਰੇ ਜਾਣਕਾਰੀ ਅਤੇ ਹੌਸਲਾ ਦੇਣਾ ਹੈ, ਤਾਂ ਜੋ ਐਂਬੂਲੈਂਸ ਪਹੁੰਚਣ ਤੋਂ ਪਹਿਲਾਂ ਲੋਕ ਮਦਦ ਕਰ ਸਕਣ।

ਐਂਬੂਲੈਂਸ ਵਿਕਟੋਰੀਆ ਦੇ ਐਗਜ਼ਿਕਿਊਟਿਵ ਡਾਇਰੈਕਟਰ ਰੀਜਨਲ ਓਪਰੇਸ਼ਨਜ਼ ਮਾਈਕਲ ਜੌਰਜਿਓ ਨੇ ਕਿਹਾ ਕਿ ਜਾਨ ਬਚਾਉਣ ਲਈ ਮੈਡੀਕਲ ਟ੍ਰੇਨਿੰਗ ਹੋਣਾ ਲਾਜ਼ਮੀ ਨਹੀਂ ਹੈ। ਉਨ੍ਹਾਂ ਕਿਹਾ, “ਸਾਡਾ ਸੁਨੇਹਾ ਸੌਖਾ ਹੈ—ਕਾਲ, ਪੁਸ਼ ਅਤੇ ਸ਼ੌਕ। ਪਹਿਲਾਂ ਟ੍ਰਿਪਲ ਜ਼ੀਰੋ (000) ’ਤੇ ਕਾਲ ਕਰੋ, ਫਿਰ ਛਾਤੀ ਦੇ ਵਿਚਕਾਰ ਜ਼ੋਰ ਨਾਲ ਅਤੇ ਤੇਜ਼ੀ ਨਾਲ CPR ਕਰੋ ਅਤੇ AED ਦੀ ਵਰਤੋਂ ਕਰਕੇ ਦਿਲ ਨੂੰ ਮੁੜ ਚਲਾਉਣ ਦੀ ਕੋਸ਼ਿਸ਼ ਕਰੋ।” ਉਨ੍ਹਾਂ ਕਿਹਾ ਕਿ ਕਾਰਡਿਅਕ ਅਰੇਸਟ ਵਿੱਚ ਹਰ ਮਿੰਟ ਮਹੱਤਵਪੂਰਨ ਹੁੰਦਾ ਹੈ। ਜੇ ਪੈਰਾਮੈਡਿਕਸ ਦੇ ਪਹੁੰਚਣ ਤੋਂ ਪਹਿਲਾਂ ਮਰੀਜ਼ ਨੂੰ CPR ਅਤੇ AED ਦਾ ਸ਼ੌਕ ਮਿਲ ਜਾਵੇ ਤਾਂ ਉਸ ਦੇ ਬਚਣ ਦੀ ਸੰਭਾਵਨਾ ਦੁੱਗਣੀ ਤੋਂ ਵੀ ਵੱਧ ਹੋ ਸਕਦੀ ਹੈ। ਜੇ ਕਿਸੇ ਵਿਅਕਤੀ ਨੂੰ ਕਾਰਡਿਅਕ ਅਰੇਸਟ ਹੋਇਆ ਹੈ ਅਤੇ ਨੇੜੇ AED ਮੌਜੂਦ ਹੈ ਤਾਂ ਉਸ ਨੂੰ ਖੋਲ੍ਹ ਕੇ ਮਸ਼ੀਨ ’ਤੇ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

ਵਿਕਟੋਰੀਆ ਵਿੱਚ ਬਚਣ ਦੀ ਦਰ ਵਿੱਚ ਸੁਧਾਰ

2024-25 ਵਿੱਚ ਵਿਕਟੋਰੀਆ ਨੇ ਕਾਰਡਿਅਕ ਅਰੇਸਟ ਤੋਂ ਬਚਣ ਦੀ ਆਪਣੀ ਸਭ ਤੋਂ ਉੱਚੀ ਦਰ ਦਰਜ ਕੀਤੀ। ਹਸਪਤਾਲ ਤੋਂ ਛੁੱਟੀ ਤੱਕ 44.4 ਫ਼ੀਸਦੀ ਲੋਕ ਬਚੇ, ਜਿਨ੍ਹਾਂ ਦਾ ਕਾਰਡਿਅਕ ਅਰੇਸਟ ਕਿਸੇ ਹੋਰ ਵਿਅਕਤੀ ਨੇ ਦੇਖਿਆ ਸੀ। ਇਹ ਦਰ ਆਸਟ੍ਰੇਲੀਆ ਵਿੱਚ ਸਭ ਤੋਂ ਵੱਧ ਅਤੇ ਦੁਨੀਆ ਵਿੱਚ ਦੂਜੇ ਨੰਬਰ ’ਤੇ ਰਹੀ। ਪਰ ਇੱਕ ਚਿੰਤਾ ਇਹ ਵੀ ਹੈ ਕਿ ਪਿਛਲੇ ਸਾਲ ਵਿਕਟੋਰੀਆ ਵਿੱਚ ਸਿਰਫ਼ 152 ਕਾਰਡਿਅਕ ਅਰੇਸਟ ਮਰੀਜ਼ਾਂ ਨੂੰ ਪੈਰਾਮੈਡਿਕਸ ਦੇ ਪਹੁੰਚਣ ਤੋਂ ਪਹਿਲਾਂ ਜਨਤਕ AED ਰਾਹੀਂ ਸ਼ੌਕ ਦਿੱਤਾ ਗਿਆ। ਅੰਕੜਿਆਂ ਮੁਤਾਬਕ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ AED ਰਾਹੀਂ ਸ਼ੌਕ ਮਿਲਣ ਦੀ ਸੰਭਾਵਨਾ ਲਗਭਗ ਅੱਧੀ ਹੈ। ਐਂਬੂਲੈਂਸ ਵਿਕਟੋਰੀਆ ਇਸ ਅੰਤਰ ਨੂੰ ਘਟਾਉਣ ਲਈ ਲੋਕਾਂ ਨੂੰ AED ਦੀ ਸਹੀ ਵਰਤੋਂ ਬਾਰੇ ਜਾਗਰੂਕ ਕਰ ਰਹੀ ਹੈ। ਮਾਈਕਲ ਜੌਰਜਿਓ ਨੇ ਕਿਹਾ ਕਿ AED ਪੈਡ ਲਗਾਉਣ ਲਈ ਛਾਤੀ ਦੀ ਚਮੜੀ ਨਾਲ ਸਿੱਧਾ ਸੰਪਰਕ ਬਹੁਤ ਜ਼ਰੂਰੀ ਹੈ ਅਤੇ ਲੋਕਾਂ ਨੂੰ ਕੱਪੜੇ ਹਟਾਉਣ ਵਿੱਚ ਝਿਜਕ ਨਹੀਂ ਕਰਨੀ ਚਾਹੀਦੀ। AED ਦੇ ਪੈਡਾਂ ’ਤੇ ਬਣੇ ਚਿੱਤਰਾਂ ਮੁਤਾਬਕ ਇੱਕ ਪੈਡ ਸੱਜੀ ਛਾਤੀ ’ਤੇ ਕਾਲਰ ਬੋਨ ਦੇ ਹੇਠਾਂ ਅਤੇ ਦੂਜਾ ਖੱਬੇ ਪਾਸੇ, ਬਾਂਹ ਦੇ ਹੇਠਾਂ ਛਾਤੀ ਦੇ ਕੋਲ ਲਗਾਇਆ ਜਾਂਦਾ ਹੈ। ਔਰਤਾਂ ਦੇ ਮਾਮਲੇ ਵਿੱਚ ਲੋੜ ਪੈਣ ’ਤੇ ਛਾਤੀ ਨੂੰ ਉੱਪਰ ਕਰਕੇ ਪੈਡ ਨੂੰ ਸਿੱਧਾ ਪੱਸਲੀਆਂ ਵਾਲੀ ਨੰਗੀ ਚਮੜੀ ’ਤੇ ਲਗਾਉਣਾ ਜ਼ਰੂਰੀ ਹੈ।

GoodSAM ਰਿਸਪਾਂਡਰ ਬਣਨ ਦੀ ਅਪੀਲ

ਐਂਬੂਲੈਂਸ ਵਿਕਟੋਰੀਆ ਨੇ ਲੋਕਾਂ ਨੂੰ GoodSAM Responder ਬਣਨ ਲਈ ਵੀ ਉਤਸ਼ਾਹਿਤ ਕੀਤਾ ਹੈ।GoodSAM ਇੱਕ ਮੁਫ਼ਤ ਮੋਬਾਈਲ ਫੋਨ ਐਪ ਹੈ। ਇਸ ਰਾਹੀਂ ਟ੍ਰਿਪਲ ਜ਼ੀਰੋ (000) ਦਾ ਕਾਲ ਟੇਕਰ ਕਾਰਡਿਅਕ ਅਰੇਸਟ ਵਾਲੇ ਮਰੀਜ਼ ਦੇ ਨੇੜੇ ਮੌਜੂਦ ਕਿਸੇ ਸਿਖਲਾਈ ਪ੍ਰਾਪਤ ਜਾਂ ਮਦਦ ਕਰਨ ਲਈ ਤਿਆਰ ਵਲੰਟੀਅਰ ਨੂੰ ਸੂਚਿਤ ਕਰ ਸਕਦਾ ਹੈ। ਇਹ ਵਲੰਟੀਅਰ ਪੈਰਾਮੈਡਿਕਸ ਦੇ ਪਹੁੰਚਣ ਤੱਕ ਹੱਥਾਂ ਨਾਲ CPR ਸ਼ੁਰੂ ਕਰ ਸਕਦਾ ਹੈ। ਇਸ ਵੇਲੇ ਵਿਕਟੋਰੀਆ ਵਿੱਚ 18,600 ਤੋਂ ਵੱਧ GoodSAM Responders ਹਨ, ਪਰ ਐਂਬੂਲੈਂਸ ਵਿਕਟੋਰੀਆ ਦਾ ਕਹਿਣਾ ਹੈ ਕਿ ਹੋਰ ਲੋਕਾਂ ਦੀ ਵੀ ਲੋੜ ਹੈ। ਪਿਛਲੇ ਸਾਲ ਐਂਬੂਲੈਂਸ ਵਿਕਟੋਰੀਆ ਦੇ ਪੈਰਾਮੈਡਿਕਸ ਨੇ ਸੂਬੇ ਵਿੱਚ 7,550 ਕਾਰਡਿਅਕ ਅਰੇਸਟ ਮਾਮਲਿਆਂ ਵਿੱਚ ਮਦਦ ਕੀਤੀ। ਇਸ ਸ਼ੌਕਟੋਬਰ ਦੌਰਾਨ ਵਿਕਟੋਰੀਆ ਵਾਸੀਆਂ ਨੂੰ ਆਪਣੇ ਨੇੜੇ ਹੋਣ ਵਾਲੇ ਮੁਫ਼ਤ Call, Push, Shock ਸਮਾਗਮਾਂ ਵਿੱਚ ਸ਼ਾਮਲ ਹੋਣ ਅਤੇ ਜਾਨ ਬਚਾਉਣ ਵਾਲੇ ਹੁਨਰਾਂ ਨੂੰ ਦੁਬਾਰਾ ਸਿੱਖਣ ਦੀ ਅਪੀਲ ਕੀਤੀ ਗਈ ਹੈ। ਸ਼ੌਕਟੋਬਰ ਬਾਰੇ ਹੋਰ ਜਾਣਕਾਰੀ ਅਤੇ ਆਪਣੇ ਨੇੜੇ ਮੁਫ਼ਤ ਸਮਾਗਮ ਲੱਭਣ ਲਈ Ambulance Victoria ਦੀ ਵੈੱਬਸਾਈਟ ਵੇਖੀ ਜਾ ਸਕਦੀ ਹੈ।

Related posts

ਹਾਂਗਕਾਂਗ ਦੇ ਨਾਗਰਿਕਾ ਨੂੰ ਹੁਣ ਆਸਟ੍ਰੇਲੀਆ ਵਿੱਚ ਪੀ. ਆਰ. ਮਿਲੇਗੀ

admin

ਦਿਖਾਵੇ ਦਾ ਰੋਗ: ਇੱਕ ਆਧੁਨਿਕ ਮਹਾਂਮਾਰੀ ਨਾਲ ਜੂਝ ਰਿਹਾ ਅੱਜ ਦਾ ਸਮਾਜ !

admin

ਨੀਰਜ ਚੋਪੜਾ ਦਾ ਗੁਪਤ ਵਿਆਹ ਕਿਸ ਨਾਲ ਅਤੇ ਕਿਥੇ ਹੋਇਆ ?

admin