Health & FitnessArticlesAustralia & New ZealandBreaking NewsLatest News

ਦੁਨੀਆਂ ਦੇ ਦੂਜੇ ਤੇ ਆਸਟ੍ਰੇਲੀਆ ਦੇ ਸਭ ਤੋਂ ਲੰਮੀ ਉਮਰ ਵਾਲੇ ਪੁਰਸ਼ ਨੇ 113ਵਾਂ ਜਨਮਦਿਨ ਮਨਾਇਆ !

ਕੇਨ ਵੀਕਸ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਦਰਜ ਹੋਣ ਵਾਲੇ ਪਹਿਲੇ ਪੁਰਸ਼ ਹਨ ਜੋ 113 ਸਾਲ ਦੀ ਉਮਰ ਤੱਕ ਪਹੁੰਚੇ ਹਨ। ਫੋਟੋ: LongeviQuest ਅਤੇ Whiddon।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਆਸਟ੍ਰੇਲੀਆ ਦੇ ਸਭ ਤੋਂ ਵੱਧ ਉਮਰ ਵਾਲੇ ਜੀਵਤ ਪੁਰਸ਼ ਅਤੇ ਦੁਨੀਆ ਦੇ ਦੂਜੇ ਸਭ ਤੋਂ ਵੱਧ ਉਮਰ ਵਾਲੇ ਜੀਵਤ ਪੁਰਸ਼ ਕੇਨ ਵੀਕਸ ਨੇ 5 ਅਕਤੂਬਰ 2026 ਨੂੰ ਆਪਣਾ 113ਵਾਂ ਜਨਮਦਿਨ ਮਨਾਇਆ। ਲੰਮੀ ਉਮਰ ਨਾਲ ਜੁੜੀ ਖੋਜ ਕਰਨ ਵਾਲੀ ਸੰਸਥਾ LongeviQuest ਨੇ ਪੁਸ਼ਟੀ ਕੀਤੀ ਹੈ ਕਿ ਕੇਨ ਵੀਕਸ ਨੇ ਇਹ ਇਤਿਹਾਸਕ ਉਮਰ ਪੂਰੀ ਕਰ ਲਈ ਹੈ। ਉਹ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਦਰਜ ਹੋਣ ਵਾਲੇ ਪਹਿਲੇ ਪੁਰਸ਼ ਹਨ ਜੋ 113 ਸਾਲ ਦੀ ਉਮਰ ਤੱਕ ਪਹੁੰਚੇ ਹਨ। ਇਸ ਦੇ ਨਾਲ ਕੇਨ ਵੀਕਸ ਨੇ ਆਸਟ੍ਰੇਲੀਆ ਵਿੱਚ ਸਭ ਤੋਂ ਲੰਮੀ ਉਮਰ ਜੀਉਣ ਵਾਲੇ ਪੁਰਸ਼ ਵਜੋਂ ਆਪਣਾ ਰਿਕਾਰਡ ਹੋਰ ਮਜ਼ਬੂਤ ਕਰ ਲਿਆ ਹੈ।

ਪਰਿਵਾਰ ਅਤੇ ਦੋਸਤਾਂ ਨਾਲ ਸਾਦਾ ਜਨਮਦਿਨ ਸਮਾਗਮ

ਕੇਨ ਨੇ ਆਪਣਾ 113ਵਾਂ ਜਨਮਦਿਨ ਨਿਊ ਸਾਊਥ ਵੇਲਜ਼ ਦੇ ਗ੍ਰਾਫਟਨ ਵਿਖੇ ਆਪਣੇ ਕੇਅਰ ਹੋਮ Whiddon-Grafton ਵਿੱਚ ਪਰਿਵਾਰ, ਦੋਸਤਾਂ ਅਤੇ ਹੋਰ ਰਹਿਣ ਵਾਲੇ ਲੋਕਾਂ ਨਾਲ ਸਾਦੇ ਢੰਗ ਨਾਲ ਮਨਾਇਆ। ਇਹ ਜਨਮਦਿਨ ਇਸ ਲਈ ਵੀ ਖਾਸ ਸੀ ਕਿਉਂਕਿ ਆਸਟ੍ਰੇਲੀਆ ਵਿੱਚ ਇੱਕ ਪੁਰਸ਼ ਵੱਲੋਂ 113 ਸਾਲ ਦੀ ਉਮਰ ਪੂਰੀ ਕਰਨ ਦਾ ਇਹ ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ ਪਹਿਲਾ ਮੌਕਾ ਹੈ। ਜਨਮਦਿਨ ਦੀ ਪਾਰਟੀ ਵਿੱਚ ਪਰਿਵਾਰ ਅਤੇ ਦੋਸਤਾਂ ਨੇ ਕੇਨ ਲਈ ‘Happy Birthday’ ਗੀਤ ਗਾਇਆ। ਕੇਨ ਨੇ ਆਪਣੇ ਖਾਸ ਤੌਰ ’ਤੇ ਤਿਆਰ ਕੀਤੇ ਗਏ ਜਨਮਦਿਨ ਕੇਕ ’ਤੇ ਲੱਗੀਆਂ ਮੋਮਬੱਤੀਆਂ ਬੁਝਾਈਆਂ। ਇਸ ਤੋਂ ਬਾਅਦ ਕੇਨ ਨੇ ਖੁਦ ਛੁਰੀ ਫੜ ਕੇ ਕੇਕ ਦਾ ਪਹਿਲਾ ਟੁਕੜਾ ਕੱਟਿਆ। ਕੇਕ ਨੂੰ ਪਰਿਵਾਰ ਦੇ ਮੈਂਬਰਾਂ ਅਤੇ ਕੇਅਰ ਹੋਮ ਵਿੱਚ ਰਹਿੰਦੇ ਹੋਰ ਲੋਕਾਂ ਨੇ ਖੁਸ਼ੀ ਨਾਲ ਖਾਧਾ।

Whiddon Care-Homes ਦੇ CEO ਕ੍ਰਿਸ ਮਾਮਾਰੇਲਿਸ ਨੇ ਕਿਹਾ ਕਿ ਕੇਨ ਦਾ 113ਵਾਂ ਜਨਮਦਿਨ ਬੇਹੱਦ ਖਾਸ ਮੌਕਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਗੱਲ ਸਿਰਫ਼ 113 ਸਾਲ ਦੀ ਉਮਰ ਦੀ ਨਹੀਂ ਹੈ, ਸਗੋਂ ਉਸ ਪੂਰੀ ਜ਼ਿੰਦਗੀ ਦੀ ਹੈ ਜੋ ਕੇਨ ਨੇ ਇਸ ਉਮਰ ਤੱਕ ਪਹੁੰਚਣ ਲਈ ਜੀਤੀ ਹੈ। ਉਨ੍ਹਾਂ ਮੁਤਾਬਕ ਕੇਨ ਦੀ ਜ਼ਿੰਦਗੀ ਦੇ ਇਸ ਪੜਾਅ ਦਾ ਹਿੱਸਾ ਬਣਨਾ ਅਤੇ ਉਨ੍ਹਾਂ ਨੂੰ ਲੋਕਾਂ ਨਾਲ ਜੁੜ ਕੇ ਅਤੇ ਆਪਣੇ ਆਲੇ-ਦੁਆਲੇ ਦੀ ਦੁਨੀਆ ਵਿੱਚ ਦਿਲਚਸਪੀ ਰੱਖ ਕੇ ਖੁਸ਼ੀ ਲੈਂਦੇ ਦੇਖਣਾ ਇੱਕ ਸਨਮਾਨ ਹੈ।

113 ਸਾਲਾਂ ਦੀ ਜ਼ਿੰਦਗੀ, ਲਗਭਗ 5,896 ਹਫ਼ਤੇ

Kenneth Loxton Weeks ਦਾ ਜਨਮ 5 ਅਕਤੂਬਰ 1913 ਨੂੰ ਗ੍ਰਾਫਟਨ, ਨਿਊ ਸਾਊਥ ਵੇਲਜ਼ ਵਿੱਚ ਹੋਇਆ ਸੀ। ਉਹ ਡਾਰਸੀ ਐਡਵਿਨ ਵੀਕਸ ਅਤੇ ਡੋਰਥੀ ਲੌਕਸਟਨ ਦੇ ਪੰਜ ਬੱਚਿਆਂ ਵਿੱਚੋਂ ਸਭ ਤੋਂ ਵੱਡੇ ਸਨ। ਉਨ੍ਹਾਂ ਦਾ ਬਚਪਨ ਸਵੈਨ ਕ੍ਰੀਕ ਦੇ ਨੇੜੇ ਦਰਿਆ ਕੰਢੇ ਸਥਿਤ ਇੱਕ ਖੇਤ ਵਿੱਚ ਬੀਤਿਆ। ਬਚਪਨ ਤੋਂ ਹੀ ਕੇਨ ਨੇ ਮਿਹਨਤ ਕਰਨੀ ਸਿੱਖੀ। ਉਨ੍ਹਾਂ ਦੀ ਪਹਿਲੀ ਨੌਕਰੀ ਖੇਤ ਵਿੱਚ ਕੰਮ ਕਰਨ ਵਾਲੇ ਲੜਕੇ ਵਜੋਂ ਸੀ। ਕੇਨ ਨੇ ਇੱਕ ਵਾਰ ਆਪਣੇ ਕੰਮ ਨੂੰ ਯਾਦ ਕਰਦਿਆਂ ਦੱਸਿਆ ਸੀ ਕਿ ਉਨ੍ਹਾਂ ਦਾ ਕੰਮ ਸਵੇਰ ਹੋਣ ਤੋਂ ਪਹਿਲਾਂ ਉੱਠ ਕੇ ਪਸ਼ੂਆਂ ਨੂੰ ਇਕੱਠਾ ਕਰਨਾ ਹੁੰਦਾ ਸੀ।

ਜੰਗ ਦੌਰਾਨ ਵੀ ਨਹੀਂ ਰੁਕੀ ਮਿਹਨਤ

ਦੂਜੇ ਵਿਸ਼ਵ ਯੁੱਧ ਦੌਰਾਨ ਕੇਨ ਨੇ Royal Australian Air Force ਵਿੱਚ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ ਸੀ। ਪਰ ਉਨ੍ਹਾਂ ਦਾ ਕੱਦ ਸਿਰਫ਼ ਲਗਭਗ 1.5 ਮੀਟਰ ਸੀ ਅਤੇ ਛੋਟੇ ਕੱਦ ਕਾਰਨ ਉਨ੍ਹਾਂ ਨੂੰ ਹਵਾਈ ਫੌਜ ਵਿੱਚ ਨਹੀਂ ਲਿਆ ਗਿਆ। ਇਸ ਤੋਂ ਬਾਅਦ ਕੇਨ ਨੇ ਨਿਰਮਾਣ ਦੇ ਕੰਮ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਸੜਕਾਂ ਬਣਾਉਣ ਅਤੇ ਜੰਗ ਦੌਰਾਨ ਵਰਤੇ ਜਾਣ ਵਾਲੇ ਹਵਾਈ ਅੱਡਿਆਂ ਦੀ ਉਸਾਰੀ ਵਿੱਚ ਕੰਮ ਕੀਤਾ। ਇਨ੍ਹਾਂ ਵਿੱਚ Evans Head ਦੇ ਹਵਾਈ ਮੈਦਾਨ ਵੀ ਸ਼ਾਮਲ ਸਨ। ਉਹ ਆਪਣਾ ਟਿੱਪਰ ਟਰੱਕ ਖੁਦ ਚਲਾਉਂਦੇ ਸਨ ਅਤੇ ਕਈ ਵਾਰ ਹੱਥ ਨਾਲ ਭਾਰੀ ਬੱਜਰੀ ਟਰੱਕ ਵਿੱਚ ਭਰਨੀ ਪੈਂਦੀ ਸੀ। ਇਸੇ ਦੌਰਾਨ ਕੇਨ ਦੀ ਰੇਡੀਓ ਅਤੇ ਇਲੈਕਟ੍ਰਾਨਿਕਸ ਵਿੱਚ ਦਿਲਚਸਪੀ ਪੈਦਾ ਹੋਈ। ਬਾਅਦ ਵਿੱਚ ਉਨ੍ਹਾਂ ਨੇ ਆਪਣੇ ਘਰ ਦੀ ਛੱਤ ’ਤੇ ਇੱਕ ਉੱਚਾ ਟੀਵੀ ਐਂਟੀਨਾ ਟਾਵਰ ਵੀ ਲਗਾਇਆ ਤਾਂ ਜੋ ਉਹ ਟੀਵੀ ਦਾ ਕਮਜ਼ੋਰ ਸਿਗਨਲ ਪ੍ਰਾਪਤ ਕਰ ਸਕਣ। ਉਸ ਸਮੇਂ ਉਨ੍ਹਾਂ ਦੇ ਸ਼ਹਿਰ ਵਿੱਚ ਸਥਾਨਕ ਟੀਵੀ ਪ੍ਰਸਾਰਣ ਵੀ ਸ਼ੁਰੂ ਨਹੀਂ ਹੋਇਆ ਸੀ। ਜੰਗ ਤੋਂ ਬਾਅਦ ਕੇਨ ਨੇ ਗ੍ਰਾਫਟਨ ਵਿੱਚ Chrysler ਕਾਰਾਂ ਦੀ ਡੀਲਰਸ਼ਿਪ ਅਤੇ ਮੁਰੰਮਤ ਦੇ ਕਾਰੋਬਾਰ ਵਿੱਚ ਹਿੱਸੇਦਾਰੀ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਰੇਡੀਓ ਅਤੇ ਬਿਜਲੀ ਦੇ ਸਮਾਨ ਦੀ ਵਿਕਰੀ ਅਤੇ ਮੁਰੰਮਤ ਦਾ ਕਾਰੋਬਾਰ ਸ਼ੁਰੂ ਕੀਤਾ। ਬਾਅਦ ਵਿੱਚ ਉਨ੍ਹਾਂ ਨੇ ਆਪਣੀ ਪਤਨੀ ਨਾਲ ਮਿਲ ਕੇ ਇੱਕ ਮਿਲਕ ਬਾਰ ਚਲਾਇਆ। ਉਨ੍ਹਾਂ ਨੇ ਰਵਾਇਤੀ ਫਿਸ਼ ਐਂਡ ਚਿਪਸ ਦੀ ਦੁਕਾਨ ਵੀ ਚਲਾਈ। ਆਪਣੀ ਜ਼ਿੰਦਗੀ ਦੇ ਇੱਕ ਹੋਰ ਪੜਾਅ ਵਿੱਚ ਕੇਨ ਨੇ Clarence Valley ਖੇਤਰ ਵਿੱਚ ਸਕੂਲ ਬੱਸ ਡਰਾਈਵਰ ਵਜੋਂ ਵੀ ਕੰਮ ਕੀਤਾ। ਆਖ਼ਰਕਾਰ ਉਨ੍ਹਾਂ ਨੇ 1978 ਵਿੱਚ 65 ਸਾਲ ਦੀ ਉਮਰ ਵਿੱਚ ਰਿਟਾਇਰਮੈਂਟ ਲੈ ਲਈ।

ਕਿਸ਼ਤੀਆਂ ਅਤੇ ਬੋਟ ਬਣਾਉਣ ਦਾ ਸ਼ੌਕ

ਕੇਨ ਨੂੰ ਸਾਰੀ ਜ਼ਿੰਦਗੀ ਕਿਸ਼ਤੀਆਂ ਅਤੇ ਬੋਟ ਬਣਾਉਣ ਦਾ ਬਹੁਤ ਸ਼ੌਕ ਰਿਹਾ। ਉਨ੍ਹਾਂ ਨੇ ਆਪਣੀ ਦਾਦੀ ਦੇ ਗੈਰਾਜ ਵਿੱਚ ਇੱਕ ‘VS’ ਕਲਾਸ ਦੀ ਸੇਲਿੰਗ ਬੋਟ ਬਣਾਈ। ਉਨ੍ਹਾਂ ਦੀ ਦਾਦੀ ਦਾ ਘਰ ਉਨ੍ਹਾਂ ਦੇ ਆਪਣੇ ਘਰ ਦੇ ਨਾਲ ਹੀ ਸੀ। ਕੇਨ ਆਪਣੀ ਬਣਾਈ ਕਿਸ਼ਤੀ ਨੂੰ ਹੋਰ ਸ਼ੌਕੀਨਾਂ ਨਾਲ ਰੇਸ ਵਿੱਚ ਵੀ ਲੈ ਕੇ ਜਾਂਦੇ ਸਨ ਅਤੇ 1940 ਤੇ 1950 ਦੇ ਦਹਾਕਿਆਂ ਵਿੱਚ ਉਹ ਸਥਾਨਕ ਚੈਂਪੀਅਨ ਵੀ ਰਹੇ। ਬਾਅਦ ਵਿੱਚ ਉਨ੍ਹਾਂ ਨੇ ਇੱਕ ਦੋਸਤ ਦੀ ਮਦਦ ਨਾਲ 38 ਫੁੱਟ ਲੰਬੀ ਫਿਸ਼ਿੰਗ ਬੋਟ ਬਣਾਈ, ਜੋ 1957 ਵਿੱਚ ਪਾਣੀ ਵਿੱਚ ਉਤਾਰੀ ਗਈ। ਕੇਨ ਨੂੰ ਛੋਟੇ ਟਰੱਕਾਂ ਨਾਲ ਕੰਮ ਕਰਨਾ ਵੀ ਪਸੰਦ ਸੀ। ਉਨ੍ਹਾਂ ਨੇ ਕੁਝ ਟਰੱਕਾਂ ਨੂੰ ਬਦਲ ਕੇ ਕੈਂਪਰ ਵੈਨਾਂ ਵਿੱਚ ਤਬਦੀਲ ਕੀਤਾ। ਰਿਟਾਇਰਮੈਂਟ ਤੋਂ ਬਾਅਦ ਕੇਨ ਅਤੇ ਉਨ੍ਹਾਂ ਦੀ ਪਤਨੀ ਨੇ ਇਨ੍ਹਾਂ ਰਾਹੀਂ ਆਸਟ੍ਰੇਲੀਆ ਦੇ ਪੂਰਬੀ ਤੱਟ ਦੇ ਕਈ ਹਿੱਸਿਆਂ ਦੀ ਯਾਤਰਾ ਕੀਤੀ।

ਪਤਨੀ ਦੀ ਮੌਤ ਤੋਂ ਬਾਅਦ ਵੀ ਸਰਗਰਮ ਰਹੇ

ਕੇਨ ਨੇ 1941 ਵਿੱਚ ਜੀਨ ਮੈਕਫੀ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਲਗਭਗ 45 ਸਾਲ ਚੱਲਿਆ ਅਤੇ ਉਨ੍ਹਾਂ ਦੇ ਦੋ ਪੁੱਤਰ ਹੋਏ—ਇਆਨ ਅਤੇ ਮਰਹੂਮ ਨੋਏਲ। 1986 ਵਿੱਚ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਵੀ ਕੇਨ ਨੇ ਜ਼ਿੰਦਗੀ ਨਾਲ ਆਪਣਾ ਨਾਤਾ ਕਾਇਮ ਰੱਖਿਆ। ਉਹ ਲੰਮੇ ਸਮੇਂ ਤੱਕ ਆਪਣੇ ਘਰ ਤੋਂ ਖੁਦ ਪੈਦਲ ਸ਼ਹਿਰ ਵਿੱਚ ਖਰੀਦਦਾਰੀ ਕਰਨ ਜਾਂਦੇ ਰਹੇ। ਉਨ੍ਹਾਂ ਨੇ ਇਹ ਕੰਮ 100 ਸਾਲ ਦੀ ਉਮਰ ਤੱਕ ਜਾਰੀ ਰੱਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀਆਂ ਯਾਤਰਾਵਾਂ ਨੂੰ ਆਸਾਨ ਬਣਾਉਣ ਲਈ ਇੱਕ ਇਲੈਕਟ੍ਰਿਕ ਟ੍ਰਾਈਸਾਈਕਲ ਖਰੀਦੀ। ਕੇਨ ਲਗਭਗ 65 ਸਾਲ ਤੱਕ ਉਸੇ ਘਰ ਵਿੱਚ ਰਹੇ, ਜੋ ਕਿਸੇ ਸਮੇਂ ਉਨ੍ਹਾਂ ਦੇ ਪੜਦਾਦਾ ਵਿਲੀਅਮ ਦਾ ਸੀ। ਆਖ਼ਰਕਾਰ 2018 ਵਿੱਚ ਆਪਣੇ 105ਵੇਂ ਜਨਮਦਿਨ ਤੋਂ ਥੋੜ੍ਹਾ ਪਹਿਲਾਂ ਉਹ ਕੇਅਰ ਹੋਮ ਵਿੱਚ ਰਹਿਣ ਲਈ ਚਲੇ ਗਏ।

ਲੰਮੀ ਉਮਰ ਦਾ ਰਾਜ ਕੀ ਹੈ?

ਕੇਨ ਦੀ ਸਿਹਤ ਸਾਰੀ ਜ਼ਿੰਦਗੀ ਚੰਗੀ ਰਹੀ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਵੀ ਲੰਮੀ ਉਮਰ ਦੇਖਣ ਨੂੰ ਮਿਲੀ। ਉਨ੍ਹਾਂ ਦੇ ਭੈਣ-ਭਰਾ ਮਾਰਜੋਰੀ, ਐਲਨ ਅਤੇ ਗੋਰਡਨ ਵੀ 90 ਸਾਲ ਦੀ ਉਮਰ ਤੱਕ ਜੀਉਂਦੇ ਰਹੇ। 2012 ਵਿੱਚ Grafton High School ਦੀ 100ਵੀਂ ਵਰ੍ਹੇਗੰਢ ਸਮਾਗਮ ਵਿੱਚ ਕੇਨ ਅਤੇ ਉਨ੍ਹਾਂ ਦੇ ਭਰਾ ਵੀ ਸ਼ਾਮਲ ਹੋਏ ਸਨ। ਉਸ ਸਮੇਂ 98 ਸਾਲ ਦੀ ਉਮਰ ਵਿੱਚ ਕੇਨ ਸਕੂਲ ਦੇ ਸਭ ਤੋਂ ਵੱਧ ਉਮਰ ਵਾਲੇ ਜੀਵਤ ਪੁਰਸ਼ ਸਾਬਕਾ ਵਿਦਿਆਰਥੀ ਸਨ। ਉਨ੍ਹਾਂ ਨੂੰ ਵਿਸ਼ੇਸ਼ ਸਮਾਗਮ ਵਿੱਚ ਕੇਕ ਕੱਟਣ ਲਈ ਸੱਦਾ ਦਿੱਤਾ ਗਿਆ ਸੀ। ਜਦੋਂ ਕੇਨ ਨੇ 2013 ਵਿੱਚ ਆਪਣਾ 100ਵਾਂ ਜਨਮਦਿਨ ਮਨਾਇਆ ਤਾਂ ਉਨ੍ਹਾਂ ਦੇ ਪੁੱਤਰ ਇਆਨ ਨੇ ਉਨ੍ਹਾਂ ਦੀ ਲੰਮੀ ਉਮਰ ਬਾਰੇ ਕਿਹਾ ਸੀ ਕਿ ਇਸ ਵਿੱਚ ਸਿਗਰਟ ਨਾ ਪੀਣਾ, ਸ਼ਰਾਬ ਨਾ ਪੀਣਾ ਅਤੇ ਬਹੁਤ ਤੁਰਨਾ ਵੱਡੀ ਭੂਮਿਕਾ ਨਿਭਾਉਂਦੇ ਹਨ। ਕੇਨ ਸਰੀਰਕ ਅਤੇ ਮਾਨਸਿਕ ਤੌਰ ’ਤੇ ਵੀ ਸਰਗਰਮ ਰਹੇ। ਹਾਲ ਹੀ ਦੇ ਸਾਲਾਂ ਤੱਕ ਉਹ ਆਪਣੇ ਸ਼ੇਅਰ ਅਤੇ ਸਟਾਕ ਖੁਦ ਸੰਭਾਲਦੇ ਰਹੇ ਅਤੇ ਆਪਣਾ ਟੈਕਸ ਰਿਟਰਨ ਵੀ ਖੁਦ ਭਰਦੇ ਸਨ। ਇਸ ਲਈ ਉਹ ਕੰਪਿਊਟਰ ਦੀ ਵਰਤੋਂ ਵੀ ਕਰਦੇ ਸਨ—ਇੱਕ ਅਜਿਹਾ ਹੁਨਰ ਜੋ ਉਨ੍ਹਾਂ ਨੇ ਖੁਦ ਸਿੱਖਿਆ ਸੀ।

110 ਸਾਲ ਦੀ ਉਮਰ ਵਿੱਚ ਬਣੇ ‘ਸੁਪਰਸੈਂਟੇਨੇਰੀਅਨ’

2023 ਵਿੱਚ ਆਪਣਾ 110ਵਾਂ ਜਨਮਦਿਨ ਮਨਾਉਣ ਤੋਂ ਬਾਅਦ ਕੇਨ ਉਨ੍ਹਾਂ ਕੁਝ ਗਿਣੇ-ਚੁਣੇ ਆਸਟ੍ਰੇਲੀਅਨ ਪੁਰਸ਼ਾਂ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੇ 110 ਸਾਲ ਦੀ ਉਮਰ ਪੂਰੀ ਕੀਤੀ ਹੈ। ਇਸ ਉਮਰ ਤੱਕ ਪਹੁੰਚਣ ਵਾਲੇ ਵਿਅਕਤੀਆਂ ਨੂੰ ਆਮ ਤੌਰ ’ਤੇ ਸੁਪਰਸੈਂਟੇਨੇਰੀਅਨ ਕਿਹਾ ਜਾਂਦਾ ਹੈ। ਅਪ੍ਰੈਲ 2025 ਵਿੱਚ ਕੇਨ ਨੇ Dexter Kruger ਦੀ ਉਮਰ ਪਾਰ ਕੀਤੀ ਅਤੇ ਉਹ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਉਮਰ ਵਾਲੇ ਪੁਰਸ਼ ਬਣ ਗਏ। ਫਿਰ ਮਈ 2026 ਵਿੱਚ ਰੋਮਾਨੀਆ ਦੇ ਰਹਿਣ ਵਾਲੇ Ilie Ciocan ਦੀ ਮੌਤ ਤੋਂ ਬਾਅਦ ਕੇਨ 1913 ਵਿੱਚ ਜਨਮੇ ਦੁਨੀਆ ਦੇ ਆਖ਼ਰੀ ਜੀਵਤ ਪੁਰਸ਼ ਬਣ ਗਏ। ਹੁਣ 113 ਸਾਲ ਦੀ ਉਮਰ ਵਿੱਚ ਉਹ ਦੁਨੀਆ ਦੇ ਦੂਜੇ ਸਭ ਤੋਂ ਵੱਧ ਉਮਰ ਵਾਲੇ ਜੀਵਤ ਪੁਰਸ਼ ਹਨ।

113 ਸਾਲ ਦੀ ਉਮਰ ਵਿੱਚ ਵੀ ‘ਪੂਰੇ ਜੋਸ਼’ ਵਿੱਚ

ਕੇਨ ਦੀ ਉਮਰ 113 ਸਾਲ ਹੋ ਚੁੱਕੀ ਹੈ, ਪਰ ਉਹ ਅਜੇ ਵੀ ਸਰਗਰਮ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਉਹ ਆਪਣੇ ਵਾਕਰ ਦੀ ਮਦਦ ਨਾਲ ਕੇਅਰ ਹੋਮ ਦੇ ਗਲਿਆਰਿਆਂ ਵਿੱਚ ਨਿਯਮਿਤ ਤੌਰ ’ਤੇ ਤੇਜ਼ ਕਦਮਾਂ ਨਾਲ ਤੁਰਦੇ ਹਨ। ਉਹ ਆਪਣੇ ਆਲੇ-ਦੁਆਲੇ ਹੋ ਰਹੀਆਂ ਗੱਲਾਂ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਹੋਰ ਰਹਿਣ ਵਾਲਿਆਂ ਨਾਲ ਗੱਲਬਾਤ ਕਰਦੇ ਹਨ। ਭਾਵੇਂ ਹੁਣ ਉਨ੍ਹਾਂ ਨੂੰ ਕੇਅਰ ਹੋਮ ਦੇ ਸਟਾਫ ਤੋਂ ਕੁਝ ਮਦਦ ਦੀ ਲੋੜ ਪੈਂਦੀ ਹੈ, ਪਰ ਉਹ ਆਪਣੀ ਕਾਫ਼ੀ ਸਾਰੀ ਆਜ਼ਾਦੀ ਅਜੇ ਵੀ ਕਾਇਮ ਰੱਖਦੇ ਹਨ। ਉਨ੍ਹਾਂ ਦੀ ਇੱਕ ਆਦਤ ਅੱਜ ਵੀ ਨਹੀਂ ਬਦਲੀ—ਉਹ ਹਰ ਸਵੇਰ ਆਪਣਾ ਬਿਸਤਰਾ ਖੁਦ ਸਾਫ਼-ਸੁਥਰੇ ਢੰਗ ਨਾਲ ਲਗਾਉਣਾ ਪਸੰਦ ਕਰਦੇ ਹਨ। ਉਹ ਇਸ ਕੰਮ ਵਿੱਚ ਕਿਸੇ ਹੋਰ ਦੀ ਦਖ਼ਲਅੰਦਾਜ਼ੀ ਪਸੰਦ ਨਹੀਂ ਕਰਦੇ ਅਤੇ ਆਪਣੇ ਮਿਆਰ ਮੁਤਾਬਕ ਬਿਸਤਰਾ ਖੁਦ ਤਿਆਰ ਕਰਦੇ ਹਨ।

ਲੰਮੀ ਉਮਰ ਵਿੱਚ ‘ਬੇਕਡ ਬੀਨਜ਼’ ਦਾ ਵੀ ਹਿੱਸਾ?

ਕੇਨ ਆਪਣੀ ਲੰਮੀ ਉਮਰ ਦਾ ਕੋਈ ਇੱਕ ਵੱਡਾ ਰਾਜ ਨਹੀਂ ਦੱਸਦੇ। ਸਰਗਰਮ ਰਹਿਣ ਅਤੇ ਦੁਨੀਆ ਵਿੱਚ ਦਿਲਚਸਪੀ ਬਣਾਈ ਰੱਖਣ ਦੇ ਨਾਲ ਉਹ ਆਪਣੀ ਇੱਕ ਹੋਰ ਪੁਰਾਣੀ ਆਦਤ ਦਾ ਜ਼ਿਕਰ ਕਰਦੇ ਹਨ। ਉਨ੍ਹਾਂ ਨੂੰ ਸਾਰੀ ਜ਼ਿੰਦਗੀ Heinz Baked Beans ਖਾਣ ਦੀ ਆਦਤ ਰਹੀ ਹੈ ਅਤੇ ਉਹ ਅੱਜ ਵੀ ਇਹ ਲਗਭਗ ਹਰ ਰੋਜ਼ ਖਾਂਦੇ ਹਨ। 113 ਸਾਲਾਂ ਵਿੱਚ ਕੇਨ ਨੇ ਦੁਨੀਆ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਦੇਖੀਆਂ ਹਨ। ਰੇਡੀਓ ਤੋਂ ਲੈ ਕੇ ਟੀਵੀ, ਕੰਪਿਊਟਰ ਅਤੇ ਆਧੁਨਿਕ ਤਕਨਾਲੋਜੀ ਤੱਕ—ਉਹ ਕਈ ਪੀੜ੍ਹੀਆਂ ਦੇ ਬਦਲਾਅ ਦੇ ਗਵਾਹ ਰਹੇ ਹਨ। ਉਨ੍ਹਾਂ ਦੀ ਪੋਤੀ ਯੂਨੀਸ ਨੇ ਪਰਿਵਾਰ ਵੱਲੋਂ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦਾਦਾ ਦੀ ਮਜ਼ਬੂਤੀ, ਦ੍ਰਿੜ੍ਹ ਇਰਾਦਾ, ਖੁਦਮੁਖਤਿਆਰੀ ਅਤੇ ਰੱਬ ’ਤੇ ਵਿਸ਼ਵਾਸ ਨੇ ਉਨ੍ਹਾਂ ਨੂੰ ਇੰਨੀ ਲੰਮੀ ਅਤੇ ਅਸਾਧਾਰਣ ਜ਼ਿੰਦਗੀ ਦਿੱਤੀ ਹੈ। ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਨ ਦੀ ਖਾਸ ਗੱਲ ਇਹ ਹੈ ਕਿ ਇੰਨੀ ਲੰਮੀ ਉਮਰ ਦੇ ਬਾਵਜੂਦ ਉਨ੍ਹਾਂ ਨੇ ਇੱਕ ਸਧਾਰਨ ਅਤੇ ਮਿਹਨਤੀ ਇਨਸਾਨ ਵਾਂਗ ਜ਼ਿੰਦਗੀ ਬਿਤਾਈ। ਯੂਨੀਸ ਨੇ ਆਪਣੇ ਦਾਦਾ ਨੂੰ ਇੱਕ ਆਮ ਆਸਟ੍ਰੇਲੀਅਨ ਮਿਹਨਤੀ ਵਿਅਕਤੀ ਦੱਸਿਆ, ਜੋ ਸਿਰਫ਼ ਇਸ ਕਰਕੇ ਖਾਸ ਬਣ ਗਏ ਕਿ ਉਹ ਉਨ੍ਹਾਂ ਦੇ ਦਾਦਾ ਹਨ।

ਦੁਨੀਆ ਦੇ ਦੂਜੇ ਸਭ ਤੋਂ ਵੱਧ ਉਮਰ ਵਾਲੇ ਪੁਰਸ਼ ਨਾਲ ਖਾਸ ਮੁਲਾਕਾਤ

ਕੇਨ ਦੇ 113ਵੇਂ ਜਨਮਦਿਨ ਨੂੰ ਹੋਰ ਵੀ ਖਾਸ ਬਣਾਉਣ ਵਾਲੀ ਗੱਲ ਇਹ ਸੀ ਕਿ ਦੁਨੀਆ ਵਿੱਚ ਉਨ੍ਹਾਂ ਤੋਂ ਵੱਧ ਉਮਰ ਵਾਲਾ ਇਕੋ ਇੱਕ ਜੀਵਤ ਪੁਰਸ਼ ਵੀ 5 ਅਕਤੂਬਰ ਨੂੰ ਹੀ ਆਪਣਾ ਜਨਮਦਿਨ ਮਨਾਉਂਦਾ ਹੈ। ਬ੍ਰਾਜ਼ੀਲ ਦੇ João Marinho Neto ਦਾ ਜਨਮ ਕੇਨ ਤੋਂ ਠੀਕ ਇੱਕ ਸਾਲ ਪਹਿਲਾਂ, 5 ਅਕਤੂਬਰ 1912 ਨੂੰ Maranguape, Ceará ਵਿੱਚ ਹੋਇਆ ਸੀ। ਇਸ ਤਰ੍ਹਾਂ 5 ਅਕਤੂਬਰ 2026 ਨੂੰ ਦੋਵੇਂ ਪੁਰਸ਼ਾਂ ਨੇ ਇਕੱਠੇ ਆਪਣਾ ਜਨਮਦਿਨ ਮਨਾਇਆ—ਇੱਕ ਦੀ ਉਮਰ 113 ਸਾਲ ਅਤੇ ਦੂਜੇ ਦੀ 114 ਸਾਲ। ਦੋਵੇਂ ਇੱਕ-ਦੂਜੇ ਤੋਂ 14,000 ਕਿਲੋਮੀਟਰ ਤੋਂ ਵੱਧ ਦੂਰ ਹਨ, ਪਰ ਇਸ ਖਾਸ ਦਿਨ ਉਨ੍ਹਾਂ ਨੇ ਦੁਨੀਆ ਦੇ ਦੋ ਵੱਖ-ਵੱਖ ਕੋਨਿਆਂ ਤੋਂ ਇੱਕ-ਦੂਜੇ ਨੂੰ ਜਨਮਦਿਨ ਦੀਆਂ ਵਧਾਈਆਂ ਭੇਜੀਆਂ। ਇਹ ਸੰਪਰਕ ਦੁਨੀਆ ਦੇ ਦੋ ਸਭ ਤੋਂ ਵੱਧ ਉਮਰ ਵਾਲੇ ਜੀਵਤ ਪੁਰਸ਼ਾਂ ਵਿਚਕਾਰ ਆਪਣੀ ਕਿਸਮ ਦਾ ਪਹਿਲਾ ਜਾਣਿਆ-ਪਛਾਣਿਆ ਜਨਮਦਿਨ ਸੰਦੇਸ਼ ਮੰਨਿਆ ਜਾ ਰਿਹਾ ਹੈ।

ਬ੍ਰਾਜ਼ੀਲ ਤੋਂ ਆਇਆ ਪਿਆਰਾ ਸੰਦੇਸ਼

João ਨੇ ਬ੍ਰਾਜ਼ੀਲ ਤੋਂ ਕੇਨ ਲਈ ਖਾਸ ਜਨਮਦਿਨ ਸੰਦੇਸ਼ ਭੇਜਿਆ। ਆਪਣੀ ਪੋਤੀ Valeria Marinho ਰਾਹੀਂ ਉਨ੍ਹਾਂ ਨੇ ਕੇਨ ਨੂੰ ਕਿਹਾ: “Feliz Anniversario Ken! Muitos anos de vida. Parabens!” ਇਸ ਦਾ ਅਰਥ ਹੈ: “ਕੇਨ, ਜਨਮਦਿਨ ਮੁਬਾਰਕ! ਮੈਂ ਤੁਹਾਡੇ ਲਈ ਹੋਰ ਕਈ ਸਾਲਾਂ ਦੀ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕਰਦਾ ਹਾਂ। ਵਧਾਈਆਂ!” João ਨੇ ਕੇਨ ਲਈ ਵਿਸ਼ੇਸ਼ ਤੌਰ ’ਤੇ ਬਣਾਏ ਗਏ ਕਾਰਡ ਨੂੰ ਹੱਥ ਵਿੱਚ ਫੜ ਕੇ ਤਸਵੀਰ ਵੀ ਖਿਚਵਾਈ। ਇਸ ਦੇ ਜਵਾਬ ਵਿੱਚ ਕੇਨ ਨੇ ਵੀ Whiddon ਦੀ ਟੀਮ ਵੱਲੋਂ ਤਿਆਰ ਕੀਤਾ ਵਿਸ਼ੇਸ਼ ਕਾਰਡ ਹੱਥ ਵਿੱਚ ਫੜ ਕੇ ਤਸਵੀਰ ਖਿਚਵਾਈ। ਆਪਣੀ ਪੋਤੀ ਯੂਨੀਸ ਦੇ ਨਾਲ ਕੇਨ ਨੇ João ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਦੋ ਬਜ਼ੁਰਗਾਂ ਦਾ ਇਤਿਹਾਸਕ ਸੰਦੇਸ਼

ਇਹ ਖਾਸ ਜਨਮਦਿਨ ਸੰਦੇਸ਼ LongeviQuest ਦੇ UK ਖੋਜਕਾਰ Ben Hinchliffe, João ਦੀ ਪੋਤੀ Valeria Marinho ਅਤੇ Whiddon Care-Homes ਦੀ General Communications/PR Manager Shannon Muscolino ਦੇ ਸਹਿਯੋਗ ਨਾਲ ਸੰਭਵ ਹੋਇਆ। Whiddon ਦੇ CEO ਕ੍ਰਿਸ ਮਾਮਾਰੇਲਿਸ ਨੇ ਕਿਹਾ ਕਿ ਇਸ ਦਿਨ ਕੇਨ ਦਾ ਦੁਨੀਆ ਦੇ ਇਕਲੌਤੇ ਉਸ ਵਿਅਕਤੀ ਨਾਲ ਸੰਪਰਕ ਹੋਇਆ ਜੋ ਉਨ੍ਹਾਂ ਤੋਂ ਵੀ ਵੱਧ ਉਮਰ ਦਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪੁਰਸ਼ ਇੱਕ ਸਾਲ ਅਤੇ ਹਜ਼ਾਰਾਂ ਕਿਲੋਮੀਟਰ ਦੇ ਫ਼ਾਸਲੇ ਨਾਲ ਜਨਮੇ, ਪਰ ਇੱਕੋ ਦਿਨ ਇੱਕ-ਦੂਜੇ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਉਨ੍ਹਾਂ ਦੇ ਮੁਤਾਬਕ ਇਹ ਬਹੁਤ ਹੀ ਅਸਾਧਾਰਣ ਘਟਨਾ ਹੈ ਅਤੇ ਸ਼ਾਇਦ ਦੁਬਾਰਾ ਕਦੇ ਦੇਖਣ ਨੂੰ ਨਾ ਮਿਲੇ।

LongeviQuest ਦੇ CEO Ben Meyers ਨੇ ਕਿਹਾ ਕਿ ਕੇਨ ਅਤੇ João ਵੱਲੋਂ ਇੱਕ-ਦੂਜੇ ਨੂੰ ਜਨਮਦਿਨ ਦੀਆਂ ਵਧਾਈਆਂ ਦੇਣਾ ਉਨ੍ਹਾਂ ਦੀ ਅਸਾਧਾਰਣ ਜ਼ਿੰਦਗੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ 113 ਅਤੇ 114 ਸਾਲ ਦੀ ਉਮਰ ਵਿੱਚ ਇਹ ਦੋਵੇਂ ਇੱਕ-ਦੂਜੇ ਲਈ ਅਜਿਹੇ ਸਾਥੀ ਹਨ ਜੋ ਆਪਣੀ ਲੰਮੀ ਉਮਰ ਦੇ ਤਜਰਬੇ ਨੂੰ ਸਭ ਤੋਂ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਹ ਗੱਲ ਹੋਰ ਵੀ ਖਾਸ ਬਣ ਜਾਂਦੀ ਹੈ ਕਿਉਂਕਿ ਦੋਵੇਂ ਇੱਕੋ ਜਨਮਦਿਨ ਸਾਂਝਾ ਕਰਦੇ ਹਨ ਅਤੇ ਉਨ੍ਹਾਂ ਦਾ ਜਨਮ ਠੀਕ ਇੱਕ ਸਾਲ ਦੇ ਫ਼ਰਕ ਨਾਲ ਹੋਇਆ ਸੀ—ਇੱਕ 1912 ਵਿੱਚ ਅਤੇ ਦੂਜਾ 1913 ਵਿੱਚ।

113ਵੇਂ ਜਨਮਦਿਨ ’ਤੇ ਮਿਲਿਆ ਇੱਕ ਹੋਰ ਤੋਹਫ਼ਾ 

113 ਸਾਲ ਦੀ ਉਮਰ ਤੱਕ ਪਹੁੰਚਣ ਵਾਲੇ ਵਿਅਕਤੀ ਦੀ ਜ਼ਿੰਦਗੀ ਵਿੱਚ ਨਵੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ। ਪਰ ਕੇਨ ਦੇ ਇਸ ਜਨਮਦਿਨ ’ਤੇ ਉਨ੍ਹਾਂ ਨੂੰ ਇੱਕ ਬਹੁਤ ਖਾਸ ਤੋਹਫ਼ਾ ਮਿਲਿਆ—ਦੁਨੀਆ ਦੇ ਇਕਲੌਤੇ ਉਸ ਪੁਰਸ਼ ਦਾ ਸੰਦੇਸ਼ ਜੋ ਉਨ੍ਹਾਂ ਤੋਂ ਇੱਕ ਸਾਲ ਵੱਡਾ ਹੈ। ਇੱਕ ਆਸਟ੍ਰੇਲੀਆ ਵਿੱਚ 1913 ਵਿੱਚ ਜਨਮਿਆ ਅਤੇ ਦੂਜਾ ਬ੍ਰਾਜ਼ੀਲ ਵਿੱਚ 1912 ਵਿੱਚ। ਦੋਵੇਂ ਹਜ਼ਾਰਾਂ ਕਿਲੋਮੀਟਰ ਦੂਰ ਰਹਿੰਦੇ ਹਨ, ਪਰ ਉਨ੍ਹਾਂ ਦੀ ਉਮਰ ਅਤੇ ਜਨਮਦਿਨ ਨੇ ਉਨ੍ਹਾਂ ਨੂੰ ਇੱਕ ਅਨੋਖੇ ਤਰੀਕੇ ਨਾਲ ਜੋੜ ਦਿੱਤਾ।

ਕੇਨ ਵੀਕਸ ਦੀ 113 ਸਾਲਾਂ ਦੀ ਕਹਾਣੀ ਸਿਰਫ਼ ਇੱਕ ਲੰਮੀ ਉਮਰ ਦਾ ਰਿਕਾਰਡ ਨਹੀਂ ਹੈ। ਇਹ ਮਿਹਨਤ, ਖੁਦਮੁਖਤਿਆਰੀ, ਪਰਿਵਾਰ, ਸ਼ੌਕ, ਸਾਦਗੀ ਅਤੇ ਬਦਲਦੀ ਦੁਨੀਆ ਨਾਲ ਜੁੜੇ ਰਹਿਣ ਦੀ ਕਹਾਣੀ ਵੀ ਹੈ। ਇੱਕ ਖੇਤ ਵਿੱਚ ਕੰਮ ਕਰਨ ਵਾਲੇ ਬੱਚੇ ਤੋਂ ਲੈ ਕੇ ਕਾਰੋਬਾਰੀ, ਬੋਟ ਬਣਾਉਣ ਵਾਲੇ, ਸਕੂਲ ਬੱਸ ਡਰਾਈਵਰ ਅਤੇ ਅੰਤ ਵਿੱਚ ਆਸਟ੍ਰੇਲੀਆ ਦੇ ਸਭ ਤੋਂ ਵੱਧ ਉਮਰ ਵਾਲੇ ਪੁਰਸ਼ ਬਣਨ ਤੱਕ—ਕੇਨ ਨੇ 113 ਸਾਲਾਂ ਵਿੱਚ ਇਤਿਹਾਸ ਦੇ ਕਈ ਦੌਰ ਆਪਣੀਆਂ ਅੱਖਾਂ ਨਾਲ ਦੇਖੇ ਹਨ। LongeviQuest ਅਤੇ Whiddon ਵੱਲੋਂ ਕੇਨ ਵੀਕਸ ਨੂੰ 113ਵੇਂ ਜਨਮਦਿਨ ’ਤੇ ਦਿਲੋਂ ਵਧਾਈਆਂ ਅਤੇ ਚੰਗੀ ਸਿਹਤ, ਖੁਸ਼ੀ ਅਤੇ ਹੋਰ ਸੁਹਣੇ ਸਾਲਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ।

Related posts

ਪੰਜਾਬ ਦੇ ਥਰਮਲਾਂ ‘ਚ ਕੋਲੇ ਦੀ ਸਥਿਤੀ ਚਿੰਤਾਜਨਕ, ਸਰਕਾਰੀ ਪਲਾਂਟ ਬੰਦ ਹੋਣ ਪਿੱਛੋਂ ਹੁਣ ਨਿੱਜੀ ਥਰਮਲ ਪਲਾਂਟਾਂ ‘ਤੇ ਟੇਕ

Bunty

ਕਿਸਾਨਾਂ ਦੀ ਜਿੱਤ: 14 ਮਹੀਨੇ ਬਾਅਦ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲਈ ਸਰਕਾਰ ਨੂੰ ਝੁਕਣਾ ਪਿਆ !

admin

Sky’s the limit: Monash students counting down to historic rocket launch near Bendigo

admin