FinanceBusinessArticlesIndiaLatest News

ਭਾਰਤ ’ਤੇ ਵਧਿਆ ਦੁਨੀਆ ਦਾ ਭਰੋਸਾ, ਨਿਵੇਸ਼ਕਾਂ ਦੀ ਬਣੀ ਪਸੰਦ

ਇੰਡੀਅਨ ਇਕੋਨੋਮੀ।

ਨਵੀਂ ਦਿੱਲੀ – ਦੁਨੀਆ ਵਿੱਚ ਵਧ ਰਹੀ ਆਰਥਿਕ ਅਤੇ ਭੂ-ਰਾਜਨੀਤਿਕ ਅਣਸ਼ਚਿਤਤਾ ਦੇ ਬਾਵਜੂਦ ਭਾਰਤ ਨੂੰ ਇੱਕ ਮਜ਼ਬੂਤ ਅਤੇ ਸੰਭਾਵਨਾਵਾਂ ਵਾਲੀ ਅਰਥਵਿਵਸਥਾ ਵਜੋਂ ਦੇਖਿਆ ਜਾ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਦੀ ਮਜ਼ਬੂਤ ਵਿਕਾਸ ਦਰ, ਵੱਡੀ ਮਾਰਕੀਟ, ਬਿਹਤਰ ਬੁਨਿਆਦੀ ਢਾਂਚਾ ਅਤੇ ਵਧਦੀ ਨਿਰਮਾਣ ਸਮਰੱਥਾ ਦੇਸ਼ ਨੂੰ ਵਿਦੇਸ਼ੀ ਨਿਵੇਸ਼ਕਾਂ ਲਈ ਆਕਰਸ਼ਕ ਬਣਾ ਰਹੀ ਹੈ। ਕੌਟਿਲਿਆ ਇਕਨਾਮਿਕ ਕਾਨਫਰੰਸ 2026 ਵਿੱਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਆਏ ਅਰਥਸ਼ਾਸਤਰੀਆਂ ਅਤੇ ਨੀਤੀ ਮਾਹਿਰਾਂ ਨੇ ਐਤਵਾਰ ਨੂੰ ਵਿਸ਼ਵ ਅਰਥਵਿਵਸਥਾ ਨਾਲ ਜੁੜੇ ਕਈ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ। ਕਾਨਫਰੰਸ ਵਿੱਚ ਭਾਰਤ ਦੀ ਵਿਕਾਸ ਸੰਭਾਵਨਾ, ਵਿਸ਼ਵ ਵਪਾਰ ਪ੍ਰਣਾਲੀ, ਊਰਜਾ ਸੁਰੱਖਿਆ, ਜਲਵਾਯੂ ਤਬਦੀਲੀ, ਸਪਲਾਈ ਚੇਨ ਅਤੇ ਅੰਤਰਰਾਸ਼ਟਰੀ ਸਹਿਯੋਗ ਵਰਗੇ ਮੁੱਦੇ ਮੁੱਖ ਰਹੇ।

ਭਾਰਤ ਦੀ ਵਿਕਾਸ ਸਮਰੱਥਾ ਮਜ਼ਬੂਤ

ਸਵੀਡਨ ਦੇ ਅਰਥਸ਼ਾਸਤਰੀ ਐਰਿਕ ਬਰਗਲੋਫ ਨੇ ਕਿਹਾ ਕਿ ਉਹ ਇਸ ਕਾਨਫਰੰਸ ਨਾਲ ਇਸ ਦੀ ਸ਼ੁਰੂਆਤ ਤੋਂ ਹੀ ਜੁੜੇ ਹੋਏ ਹਨ ਅਤੇ ਪਿਛਲੇ ਕੁਝ ਸਾਲਾਂ ਵਿੱਚ ਇਸ ਦੀ ਗੁਣਵੱਤਾ ਅਤੇ ਅੰਤਰਰਾਸ਼ਟਰੀ ਭਾਗੀਦਾਰੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਦੁਨੀਆ ਭਰ ਵਿੱਚ ਅਣਸ਼ਚਿਤਤਾ ਕਾਫ਼ੀ ਵਧੀ ਹੋਈ ਹੈ। ਊਰਜਾ, ਵਪਾਰ ਅਤੇ ਸਪਲਾਈ ਚੇਨ ਨਾਲ ਜੁੜੇ ਖਤਰਿਆਂ ਦੇ ਵਿਚਕਾਰ ਦੇਸ਼ਾਂ ਲਈ ਆਪਣੀਆਂ ਅਰਥਵਿਵਸਥਾਵਾਂ ਨੂੰ ਹੋਰ ਮਜ਼ਬੂਤ ਅਤੇ ਲਚਕੀਲਾ ਬਣਾਉਣਾ ਜ਼ਰੂਰੀ ਹੈ। ਬਰਗਲੋਫ ਨੇ ਕਿਹਾ ਕਿ ਭਾਰਤ ਦੀ ਵਿਕਾਸ ਸੰਭਾਵਨਾ ਮਜ਼ਬੂਤ ਹੈ ਅਤੇ ਕੋਵਿਡ-19 ਤੋਂ ਬਾਅਦ ਦੇਸ਼ ਨੇ ਚੰਗੀ ਆਰਥਿਕ ਰਫ਼ਤਾਰ ਦਿਖਾਈ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਈਰਾਨ ਨਾਲ ਜੁੜੇ ਸੰਘਰਸ਼ ਅਤੇ ਪੱਛਮੀ ਏਸ਼ੀਆ ਵਿੱਚ ਵਧ ਰਹੇ ਤਣਾਅ ਦਾ ਪ੍ਰਭਾਵ ਭਾਰਤ ਸਮੇਤ ਕਈ ਉਭਰ ਰਹੀਆਂ ਅਰਥਵਿਵਸਥਾਵਾਂ ’ਤੇ ਪਿਆ ਹੈ। ਉਨ੍ਹਾਂ ਮੁਤਾਬਕ ਸਰਕਾਰ ਵੱਲੋਂ ਲੋਕਾਂ ਅਤੇ ਕਾਰੋਬਾਰਾਂ ਨੂੰ ਰਾਹਤ ਦੇਣ ਦੇ ਕਦਮ ਚੁੱਕੇ ਗਏ ਹਨ, ਪਰ ਇਸ ਨਾਲ ਸਰਕਾਰ ’ਤੇ ਵਿੱਤੀ ਦਬਾਅ ਵੀ ਵਧ ਸਕਦਾ ਹੈ। ਅਜਿਹੇ ਹਾਲਾਤ ਵਿੱਚ ਵਿਕਾਸ ਦੀ ਰਫ਼ਤਾਰ ਕਾਇਮ ਰੱਖਣਾ ਨੀਤੀ-ਨਿਰਮਾਤਾਵਾਂ ਲਈ ਵੱਡੀ ਚੁਣੌਤੀ ਹੈ।

ਜਲਵਾਯੂ ਤਬਦੀਲੀ ਵੱਡਾ ਸਾਂਝਾ ਖਤਰਾ

ਬ੍ਰਾਜ਼ੀਲ ਸਥਿਤ ਕਲਾਈਮੇਟ ਪਾਲਿਸੀ ਇਨੀਸ਼ੀਏਟਿਵ ਦੇ ਕਾਰਜਕਾਰੀ ਨਿਰਦੇਸ਼ਕ ਜੁਲਿਆਨੋ ਅਸੁਨਸਾਓ ਨੇ ਕਿਹਾ ਕਿ ਅੱਜ ਦੁਨੀਆ ਸਾਹਮਣੇ ਸਭ ਤੋਂ ਵੱਡੇ ਸਾਂਝੇ ਖਤਰਿਆਂ ਵਿੱਚੋਂ ਇੱਕ ਜਲਵਾਯੂ ਤਬਦੀਲੀ ਹੈ। ਉਨ੍ਹਾਂ ਕਿਹਾ ਕਿ ਜਲਵਾਯੂ ਸੰਕਟ ਕਿਸੇ ਇੱਕ ਦੇਸ਼ ਤੱਕ ਸੀਮਿਤ ਨਹੀਂ ਹੈ ਅਤੇ ਇਸ ਨਾਲ ਨਜਿੱਠਣ ਲਈ ਦੁਨੀਆ ਦੇ ਦੇਸ਼ਾਂ ਵਿਚਕਾਰ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਮੁਤਾਬਕ ਭਾਰਤ ਅਤੇ ਬ੍ਰਾਜ਼ੀਲ ਨਾ ਸਿਰਫ਼ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਦਾ ਸਾਹਮਣਾ ਕਰ ਰਹੇ ਹਨ, ਸਗੋਂ ਇਸ ਦੇ ਹੱਲ ਲੱਭਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕਦੇ ਹਨ। ਅਸੁਨਸਾਓ ਨੇ ਕਿਹਾ ਕਿ ਭਾਰਤ ਅਤੇ ਬ੍ਰਾਜ਼ੀਲ ਵਿਚਕਾਰ ਬ੍ਰਿਕਸ ਵਰਗੇ ਮੰਚਾਂ ਰਾਹੀਂ ਪਹਿਲਾਂ ਹੀ ਸੰਬੰਧ ਮੌਜੂਦ ਹਨ। ਭਾਰਤੀ ਕੰਪਨੀਆਂ ਦਾ ਬ੍ਰਾਜ਼ੀਲ ਵਿੱਚ ਨਿਵੇਸ਼ ਵੀ ਵਧ ਰਿਹਾ ਹੈ। ਦੋਵਾਂ ਦੇਸ਼ਾਂ ਸਾਹਮਣੇ ਵਿਕਾਸ, ਖੇਤੀਬਾੜੀ, ਜਲਵਾਯੂ ਅਤੇ ਟਿਕਾਊ ਆਰਥਿਕ ਵਿਕਾਸ ਵਰਗੀਆਂ ਕਈ ਸਾਂਝੀਆਂ ਚੁਣੌਤੀਆਂ ਹਨ। ਇਸ ਲਈ ਭਾਰਤ ਅਤੇ ਬ੍ਰਾਜ਼ੀਲ ਵਿਚਕਾਰ ਭਵਿੱਖ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਹੋਰ ਵਧ ਸਕਦੀਆਂ ਹਨ।

ਭਾਰਤ-ਨਿਊਜ਼ੀਲੈਂਡ ਵਪਾਰ ਸਹਿਯੋਗ ਦੀ ਮਿਸਾਲ

ਨਿਊਜ਼ੀਲੈਂਡ ਦੇ ਅਰਥਸ਼ਾਸਤਰੀ ਪ੍ਰੋ. ਜੌਨ ਗਿਬਸਨ ਨੇ ਕਿਹਾ ਕਿ ਕੌਟਿਲਿਆ ਇਕਨਾਮਿਕ ਕਾਨਫਰੰਸ ਖੋਜਕਾਰਾਂ ਅਤੇ ਨੀਤੀ-ਨਿਰਮਾਤਾਵਾਂ ਵਿਚਕਾਰ ਵਿਚਾਰ-ਵਟਾਂਦਰੇ ਦਾ ਇੱਕ ਮਹੱਤਵਪੂਰਨ ਮੰਚ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇੱਥੇ ਸਿਰਫ਼ ਭਾਰਤ ਨਾਲ ਸਬੰਧਤ ਮੁੱਦਿਆਂ ’ਤੇ ਹੀ ਨਹੀਂ, ਸਗੋਂ ਏਸ਼ੀਆ-ਪੈਸਿਫਿਕ ਖੇਤਰ ਅਤੇ ਪੂਰੀ ਦੁਨੀਆ ਦੀ ਅਰਥਵਿਵਸਥਾ ਨਾਲ ਜੁੜੇ ਮੁੱਦਿਆਂ ’ਤੇ ਵੀ ਚਰਚਾ ਹੁੰਦੀ ਹੈ। ਵਿਸ਼ਵ ਪੱਧਰ ’ਤੇ ਵਧ ਰਹੀ ਅਣਸ਼ਚਿਤਤਾ ਅਤੇ ਨਿਯਮਾਂ ’ਤੇ ਆਧਾਰਿਤ ਵਪਾਰ ਪ੍ਰਣਾਲੀ ਸਾਹਮਣੇ ਵਧ ਰਹੀਆਂ ਚੁਣੌਤੀਆਂ ਵਿਚਕਾਰ ਉਨ੍ਹਾਂ ਨੇ ਕਿਹਾ ਕਿ ਮੁਕਤ ਵਪਾਰ ਸਮਝੌਤੇ (FTA) ਆਰਥਿਕ ਸਥਿਰਤਾ ਲਿਆਉਣ ਵਿੱਚ ਮਦਦ ਕਰ ਸਕਦੇ ਹਨ। ਉਨ੍ਹਾਂ ਨੇ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਹੋਏ ਮੁਕਤ ਵਪਾਰ ਸਮਝੌਤੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਦੋਵਾਂ ਦੇਸ਼ਾਂ ਵਿਚਕਾਰ ਨਿਯਮਾਂ ’ਤੇ ਆਧਾਰਿਤ ਅਤੇ ਵਧੇਰੇ ਵਿਵਸਥਿਤ ਆਰਥਿਕ ਸਹਿਯੋਗ ਦੀ ਮਿਸਾਲ ਹੈ।

ਜਾਪਾਨੀ ਕੰਪਨੀਆਂ ਦੀ ਭਾਰਤ ਵਿੱਚ ਵਧਦੀ ਦਿਲਚਸਪੀ

ਜਾਪਾਨ ਦੇ ਇੰਸਟੀਚਿਊਟ ਆਫ ਜਿਓਇਕੋਨਾਮਿਕਸ ਦੇ ਨਿਰਦੇਸ਼ਕ ਕਾਜੁਤੋ ਸੁਜ਼ੂਕੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਰਥਵਿਵਸਥਾ, ਭੂ-ਰਾਜਨੀਤੀ ਅਤੇ ਜਿਓ-ਇਕਨਾਮਿਕਸ ਇੱਕ-ਦੂਜੇ ਨਾਲ ਡੂੰਘੇ ਤੌਰ ’ਤੇ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਕੌਟਿਲਿਆ ਇਕਨਾਮਿਕ ਕਾਨਫਰੰਸ ਦੀ ਖਾਸ ਗੱਲ ਇਹ ਹੈ ਕਿ ਇੱਥੇ ਸਿਰਫ਼ ਆਰਥਿਕ ਮੁੱਦਿਆਂ ’ਤੇ ਹੀ ਨਹੀਂ, ਸਗੋਂ ਉਨ੍ਹਾਂ ਭੂ-ਰਾਜਨੀਤਿਕ ਕਾਰਕਾਂ ’ਤੇ ਵੀ ਚਰਚਾ ਹੁੰਦੀ ਹੈ ਜੋ ਆਰਥਿਕ ਫੈਸਲਿਆਂ ਨੂੰ ਪ੍ਰਭਾਵਿਤ ਕਰਦੇ ਹਨ। ਸੁਜ਼ੂਕੀ ਮੁਤਾਬਕ ਚੀਨ ਨਾਲ ਜਾਪਾਨ ਦੇ ਗੁੰਝਲਦਾਰ ਸੰਬੰਧਾਂ ਦੇ ਮੱਦੇਨਜ਼ਰ ਜਾਪਾਨੀ ਉਦਯੋਗ ਲੰਮੇ ਸਮੇਂ ਤੋਂ ਭਾਰਤ ਨੂੰ ਇੱਕ ਮਹੱਤਵਪੂਰਨ ਅਤੇ ਵੱਡੀਆਂ ਸੰਭਾਵਨਾਵਾਂ ਵਾਲੀ ਮਾਰਕੀਟ ਵਜੋਂ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਜਾਪਾਨੀ ਕੰਪਨੀਆਂ ਭਾਰਤ ਵਿੱਚ ਨਿਵੇਸ਼ ਦੇ ਮੌਕੇ ਲੱਭ ਰਹੀਆਂ ਹਨ ਅਤੇ ਭਾਰਤ ਨੂੰ ਲੰਮੇ ਸਮੇਂ ਦੇ ਵਿਕਾਸ ਅਤੇ ਨਿਰਮਾਣ ਦੇ ਕੇਂਦਰ ਵਜੋਂ ਦੇਖਦੀਆਂ ਹਨ।

ਮਾਹਿਰਾਂ ਮੁਤਾਬਕ ਭਾਰਤ ਦੀ ਵੱਡੀ ਮਾਰਕੀਟ, ਨੌਜਵਾਨ ਆਬਾਦੀ ਅਤੇ ਆਰਥਿਕ ਵਿਕਾਸ ਦੀ ਸੰਭਾਵਨਾ ਵਿਦੇਸ਼ੀ ਨਿਵੇਸ਼ਕਾਂ ਨੂੰ ਲਗਾਤਾਰ ਆਕਰਸ਼ਿਤ ਕਰ ਰਹੀ ਹੈ। ਕੁੱਲ ਮਿਲਾ ਕੇ ਕੌਟਿਲਿਆ ਇਕਨਾਮਿਕ ਕਾਨਫਰੰਸ ਵਿੱਚ ਹੋਈ ਚਰਚਾ ਨੇ ਇਹ ਦਰਸਾਇਆ ਕਿ ਵਿਸ਼ਵ ਪੱਧਰ ’ਤੇ ਚੁਣੌਤੀਆਂ ਵਧਣ ਦੇ ਬਾਵਜੂਦ ਭਾਰਤ ਨੂੰ ਆਉਣ ਵਾਲੇ ਸਾਲਾਂ ਵਿੱਚ ਵਿਕਾਸ ਅਤੇ ਨਿਵੇਸ਼ ਲਈ ਇੱਕ ਮਹੱਤਵਪੂਰਨ ਦੇਸ਼ ਵਜੋਂ ਦੇਖਿਆ ਜਾ ਰਿਹਾ ਹੈ।

Related posts

ਬਾਲੀਵੁੱਡ ਸਿਤਾਰੇ ਸਰਕਾਰ ਦੇ ਖਿਲਾਫ਼ ਕਿਉਂ ਨਹੀਂ ਬੋਲਦੇ ?

admin

ਜੇ ਕਮਾਂਡਰ ਸੁਲੇਮਾਨੀ ਨਾ ਮਰਦਾ ਤਾਂ ਅੱਜ ਈਰਾਨ-ਅਮਰੀਕਾ ਸਮਝੌਤਾ ਸੰਭਵ ਨਾ ਹੁੰਦਾ – ਟਰੰਪ

admin

ਕੀ ਨਿਤਿਨ ਗਡਕਰੀ ਰਾਜਨੀਤੀ ਤੋਂ ਸੰਨਿਆਸ ਲੈਣ ਜਾ ਰਹੇ ਹਨ?

admin