
ਇੱਕ ਇਨਸਾਨ ਨੇ ਆਪਣੇ ਦੁੱਖ ਨੂੰ ਇੱਕ ਜੀਵਤ ਰੂਪ ਦੇ ਕੇ ਨਵੀਂ ਮਿਸਾਲ ਕਾਇਮ ਕੀਤੀ ਕਿ ਯਾਦਗਾਰਾਂ ਬਣਾ ਕੇ, ਸਿਰਜ ਕੇ ਜਾਂ ਉਸਾਰ ਕੇ ਹੀ ਸੰਭਾਲੀਆਂ ਨਹੀਂ ਬਲਕਿ ਉਗਾਈਆਂ ਤੇ ਪਾਲੀਆਂ ਵੀ ਜਾ ਸਕਦੀਆਂ ਹਨ।
ਅਰਜਨਟੀਨਾ ਦੇ ਕੋਰਡੋਬਾ ਸੂਬੇ ਦੇ ਪੇਂਡੂ ਇਲਾਕੇ ਵਿੱਚ ‘ਜਨਰਲ ਲੇਵਾਲੇ’ ਨਾਮਕ ਕਸਬੇ ਦੇ ਨੇੜੇ ਪੈਡਰੋ ਮਾਰਟਿਨ ਉਰੇਟਾ ਨਾਮ ਦੇ ਇੱਕ ਕਿਸਾਨ ਅਤੇ ਉਸਦੀ ਪਤਨੀ ਗ੍ਰੇਸੀਏਲਾ ਯਰਾਈਜ਼ੋਜ਼ ਦੀ ਕਹਾਣੀ ਦੁਖਦਾਈ ਵੀ ਹੈ ਪਰ ਉਸ ਤੋਂ ਵਧ ਕੇ ਦਿਲ ਨੂੰ ਛੂਹ ਲੈਣ ਵਾਲੀ ਵੀ ਹੈ ਜੋ ਜੀਵਨ ਸਾਥੀ ਦੀ ਪਸੰਦ, ਚਾਹਤ ਜਾਂ ਰੀਝ ਖਾਤਰ ਸਮਰਪਣ, ਸਬਰ, ਸ਼ਰਧਾ ਅਤੇ ਦੂਰ-ਅੰਦੇਸ਼ੀ ਦੀ ਖੂਬਸੂਰਤ ਗਾਥਾ ਬਣ ਗਈ ਹੈ।
ਉਰੇਟਾ ਦੀ ਪਤਨੀ ਗ੍ਰੇਸੀਏਲਾ ਕੇਵਲ 25 ਸਾਲ ਦੀ ਉਮਰ ਵਿੱਚ ਦਿਮਾਗ ਦੀ ਨਸ ਫੁੱਲਣ ਦੀ ਵਜਾਹ ਨਾਲ ਚਲਾਣਾ ਕਰ ਗਈ ਸੀ। ਉਹਨਾਂ ਦੇ ਚਾਰ ਬੱਚੇ ਸਨ। ਗ੍ਰੇਸੀਏਲਾ ਨੂੰ ਸੰਗੀਤਕ ਸਾਜਾਂ ਅਤੇ ਕੁਦਰਤ ਨਾਲ ਬਹੁਤ ਪਿਆਰ ਸੀ। ਇੱਕ ਵਾਰ ਉਸਨੇ ਇੱਕ ਹਵਾਈ ਦ੍ਰਿਸ਼ ਦੇਖਿਆ ਜੋ ਪਸ਼ੂ-ਪਾਲਕਾਂ ਦੁਆਰਾ ਦੁੱਧ ਚੋਅ ਕੇ ਪਾਉਣ ਲਈ ਵਰਤੀ ਜਾਣ ਵਾਲੀ ‘ਦੁੱਧ ਵਾਲੀ ਕੇਨੀ’ ਦੇ ਆਕਾਰ ਦੀ ਤਸਵੀਰ ਸੀ ਅਤੇ ਕਿਸੇ ਪੇਂਡੂ ਇਲਾਕੇ ਦੀ ਜਮੀਨ ਦੇ ਉੱਪਰੋਂ ਲਿਆ ਗਿਆ ਸੀ। ਉਸ ਤੋਂ ਪ੍ਰਭਾਵਿਤ ਹੋ ਕੇ ਉਸਨੇ ਆਪਣੇ ਪਤੀ ਅੱਗੇ ਇੱਛਾ ਜਾਹਰ ਕੀਤੀ ਕਿ ਆਪਾਂ ਵੀ ਆਪਣੀ ਜ਼ਮੀਨ ਉੱਪਰ ਗਿਟਾਰ ਦੇ ਆਕਾਰ ਦਾ ਇੱਕ ਅਕਸ ਸਿਰਜ ਸਕਦੇ ਹਾਂ। ਉਸਦੀ ਮੌਤ ਤੋਂ ਬਾਅਦ ਓਰੇਟਾ ਨੇ ਉਸ ਪ੍ਰੇਰਨਾ ਵਿੱਚੋਂ ਉਪਜੇ ਆਪਣੀ ਪਤਨੀ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਦਾ ਫੈਸਲਾ ਕੀਤਾ।
1977 ਵਿੱਚ ਹੋਈ ਗ੍ਰੇਸੀਏਲਾ ਦੀ ਮੌਤ ਤੋਂ ਬਾਅਦ ਦੂਜੇ ਸਾਲ ਹੀ ਉਰੇਟਾ ਅਤੇ ਉਸਦੇ ਬੱਚਿਆਂ ਨੇ ਬਿਨਾਂ ਕਿਸੇ ਬਾਹਰੀ ਮਦਦ ਖੁਦ ਹੀ ਗ੍ਰੇਸੀਏਲਾ ਦੇ ਸੁਪਨੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਆਪਣੀ ਜਮੀਨ ਦੇ 60 ਏਕੜ ਤੋਂ ਵੱਡੇ ਰਕਬੇ ਉੱਪਰ ਗਿਟਾਰ ਦੀ ਬਣਤਰ ਅਨੁਸਾਰ 7000 ਰੁੱਖ ਕਤਾਰਬੱਧ ਕਰਕੇ ਲਗਾ ਦਿੱਤੇ। ਜਿਹਨਾਂ ਵਿੱਚ ਸਦਾਬਹਾਰ ਕੈਲੀਫੋਰਨੀਆ ਸਾਈਪ੍ਰਸ ਅਤੇ ਨੀਲੀ ਭਾਅ ਮਾਰਦੇ ਯੂਕਲਿਪਟਸ ਦੀ ਮੁੱਖ ਤੌਰਤੇ ਵਰਤੋਂ ਕੀਤੀ ਗਈ। ਮੁੱਖ ਹਿੱਸਾ ਅਤੇ ਗਿਟਾਰ ਦੀਆਂ ਤਾਰਾਂ ਨੂੰ ਵੱਖਰੀ ਦਿੱਖ ਦੇਣ ਲਈ ਵਰਤੇ ਗਏ ਰੁੱਖਾਂ ਦੀ ਚੋਣ ਅਤੇ ਤਰਤੀਬ ਇਹਨਾਂ ਦੇ ਹਲਕੇ ਅਤੇ ਗੂੜ੍ਹੇ ਰੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ। ਪੰਜ ਸਾਲ ਤੱਕ ਚੱਲਿਆ ਇਹ ਸ਼ੁਰੁਆਤੀ ਕਾਰਜ ਬਹੁਤ ਔਖਾ ਸੀ ਜਿਸ ਲਈ ਬਹੁਤ ਮਿਹਨਤ ਅਤੇ ਸਬਰ ਦੀ ਲੋੜ ਪਈ ਅਤੇ ਅਨੇਕ ਫਸਲਾਂ ਦੀ ਕੁਰਬਾਨੀ ਵੀ ਦੇਣੀ ਪਈ। ਰੁੱਖਾਂ ਨੂੰ ਪੂਰੀ ਤਰ੍ਹਾਂ ਵਿਕਸਤ ਹੋ ਕੇ ਗਿਟਾਰ ਦੀ ਦਿੱਖ ਬਣਾਉਣ ਵਿੱਚ ਚਾਲੀ ਸਾਲ ਲੱਗ ਗਏ। ਉਸਨੇ ਕਈ ਦਹਾਕੇ ਇਹਨਾਂ ਰੁੱਖਾਂ ਦੀ ਦੇਖਭਾਲ ਕੀਤੀ ਅਤੇ ਉਹਨਾਂ ਦੇ ਵਧਣ-ਫੁੱਲਣ ਤੱਕ ਲੰਬੀ ਉਡੀਕ ਕੀਤੀ ਜੋ ਇੱਕ ਪਤਨੀ ਦੀ ਯਾਦ, ਚਾਹਤ, ਪ੍ਰੇਮ ਅਤੇ ਸੁਪਨੇ ਖਾਤਰ ਸਮਰਪਣ ਅਤੇ ਸ਼ਰਧਾ ਦੀ ਸਿਖਰ ਬਣ ਗਿਆ ਜਿੱਥੇ ਤੱਕ ਪਹੁੰਚਦਾ ਵਿਅਕਤੀ ਅਕਸਰ ਹਾਰ-ਹੰਭ ਜਾਂਦਾ ਹੈ। ਸ਼ਾਇਦ ਏਸੇ ਕਰਕੇ ਨਾਸਾ ਦੁਆਰਾ ਇਸ ਵਿਲੱਖਣ ਦ੍ਰਿਸ਼ ਦੀ ਤਸਵੀਰ ਨੂੰ ਗੂਗਲ ਅਰਥ ਨੇ ਨਕਸ਼ੇ ਉੱਪਰ ਸਾਂਭਿਆ ਹੋਇਆ ਹੈ ਕਿਉਂਕਿ ਇੱਕ ਕਿਲੋਮੀਟਰ ਤੋਂ ਵੀ ਵੱਧ ਲੰਬਾਈ ਵਿੱਚ ਫੈਲੇ ਇਸ ਗਿਟਾਰ ਦੇ ਸ਼ਾਨਦਾਰ ਅਕਸ ਨੂੰ ਜਮੀਨ ਤੋਂ ਪੂਰਾ ਨਹੀਂ ਦੇਖਿਆ ਜਾ ਸਕਦਾ। ਇਸ ਦੀ ਸ਼ਾਨ ਹਵਾਈ ਦ੍ਰਿਸ਼ ਵਿੱਚ ਦੇਖਿਆਂ ਹੀ ਬਣਦੀ ਹੈ।
ਉਡਾਣ ਭਰਨ ਤੋਂ ਡਰਨ ਵਾਲਾ ਉਰੇਟਾ ਆਪ ਭਾਵੇਂ ਇਸ ਅਚੰਭੇ ਭਰੀ ਕਲਾਕ੍ਰਿਤ ਨੂੰ ਬਿਨਾਂ ਦੇਖੇ ਹੀ 2019 ਵਿੱਚ 79 ਸਾਲ ਦੀ ਉਮਰੇ ਆਪਣੀ ਪਤਨੀ ਦੇ ਸੁਪਨਿਆਂ ਦੇ ਬਗੀਚੇ ਨੂੰ ਵਿਰਾਸਤ ਵਜੋਂ ਛੱਡ ਸਦੀਵੀ ਅਲਵਿਦਾ ਆਖ ਗਿਆ ਹੈ ਪਰ ਗਿਟਾਰ ਦੇ ਆਕਾਰ ਦਾ ਇੱਕ ਵਿਸ਼ਾਲ ਜੰਗਲ ਨੁਮਾ ‘ਜੀਵਤ ਸਮਾਰਕ’ ਦੁਨੀਆਂ ਨੂੰ ਦੇ ਗਿਆ। ਲਹਿ ਲਹਾਉਦੀਆਂ ਫਸਲਾਂ ਨਾਲ ਭਰੇ ਖੇਤਾਂ ਦਰਮਿਆਨ ਉੱਭਰੀ ਉਹਨਾਂ ਦੀ ਯਾਦਗਾਰ ਅਸਮਾਨ ਤੋਂ ਦੇਖਣ ਤੇ ਮਨਮੋਹਕ ਨਜ਼ਾਰਾ ਪੇਸ਼ ਕਰਦੀ ਹੈ। ਇਸ ਪ੍ਰੇਮ ਕਹਾਣੀ ਦੇ ਮੁੱਖ ਪਾਤਰ ਤਾਂ ਅੱਜ ਦੁਨੀਆਂ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਬੱਚੇ ਇਸ ਜਿਉਂਦੀ-ਜਾਗਦੀ ਯਾਦਗਾਰ ਨੂੰ ਸੰਭਾਲ ਰਹੇ ਹਨ।
