
ਤਿੰਨ ਕੁ ਸਾਲ ਪਹਿਲਾਂ ਆਈ ਪੰਜਾਬੀ ਫ਼ਿਲਮ‘ ਅੜਬ ਮੁਟਿਆਰਾਂ’ ਨਾਲ ਬਤੌਰ ਨਾਇਕ ਪੰਜਾਬੀ ਪਰਦੇ ‘ਤੇ ਵੱਖਰੀ ਛਾਪ ਛੱਡਣ ਵਾਲਾ ਅਜੇ ਸਰਕਾਰੀਆ ਹੁਣ ਆਪਣੀ ਨਵੀਂ ਫ਼ਿਲਮ ‘ਜਿੰਦ ਮਾਹੀ’ ਨਾਲ ਮੁੜ ਪੰਜਾਬੀ ਪਰਦੇ ‘ਤੇ ਨਜ਼ਰ ਆਵੇਗਾ।, ਜਿਸ ਵਿੱਚ ਉਹ ਇੱਕ ਵਾਰ ਫ਼ਿਰ ਸੋਨਮ ਬਾਜਵਾ ਦਾ ਲਵਰ-ਹੀਰੋ ਬਣਕੇ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਪਹਿਲੀ ਫ਼ਿਲਮ ਵਾਂਗ ‘ਜਿੰਦ ਮਾਹੀ’ ਵਿੱਚ ਵੀ ਉਸਦੀ ਨਾਇਕਾ ਸੋਨਮ ਬਾਜਵਾ ਹੀ ਹੈ। ਖਾਸ ਗੱਲ ਕਿ ਇਸ ਫ਼ਿਲਮ ਵਿੱਚ ਸੋਨਮ ਬਾਜਵਾ ਦਾ ਪਹਿਲੀ ਫ਼ਿਲਮ ਵਾਲਾ ਅੰਦਾਜ਼ ਵੇਖਣ ਨੂੰ ਮਿਲੇਗਾ। ਭਾਵੇਂਕਿ ਇਸ ਫ਼ਿਲਮ ਦੀ ਜਿਆਦਾਤਰ ਸੂਟਿੰਗ ਯੂ ਕੇ ਵਿੱਚ ਹੋਈ ਹੈ ਪ੍ਰੰਤੂ ਫ਼ਿਲਮ ਵਿੱਚ ਮਾਝੇ ਤੇ ਦੁਆਬੇ ਦੀ ਠੇਠ ਬੋਲੀ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਤ ਕਰੇਗੀ। ਇਸ ਫ਼ਿਲਮ ਦੇ ਤਿੰਨ ਮੁੱਖ ਪਾਤਰ ਹਨ ਜਿੰਨ੍ਹਾਂ ਨੂੰ ਸੋਨਮ ਬਾਜਵਾ, ਅਜੇ ਸਰਕਾਰੀਆ ਤੇ ਗੁਰਨਾਮ ਭੁੱਲਰ ਨੇ ਨਿਭਾਇਆ ਹੈ। ਅਜੇ ਸਰਕਾਰੀਆ ਤੇ ਸੋਨਮ ਬਾਜਵਾ ਦੀ ਜੋੜੀ ਇੱਕ ਵਾਰ ਫ਼ਿਰ ਦਰਸ਼ਕਾਂ ਨੂੰ ਰੁਮਾਂਟਿਕ ਤੇ ਕਾਮੇਡੀ ਭਰੇ ਮਨੋਰੰਜਨ ਨਾਲ ਨਿਹਾਲ ਕਰੇਗੀ। ਫ਼ਿਲਮ ਬਾਰੇ ਗੱਲਬਾਤ ਕਰਦਿਆਂ ਅਜੇ ਸਰਕਾਰੀਆ ਨੇ ਕਿਹਾ ਕਿ ਇਸ ਫ਼ਿਲਮ ਦੀ ਕਹਾਣੀ ਅਜੋਕੀ ਨੋਜਵਾਨ ਪੀੜ੍ਹੀ ਅਧਾਰਤ ਹੈ ਜੋ ਆਪਣੀ ਜ਼ਿੰਦਗੀ ਬਿਨ੍ਹਾਂ ਕਿਸੇ ਦੇ ਦਖ਼ਲ ਅੰਦਾਜ਼ੀ, ਆਜ਼ਾਦ ਹੋ ਕੇ ਜਿਉਣਾ ਚਾਹੁੰਦੇ ਹਨ। ਇਹ ਇੱਕ ਕਾਮੇਡੀ ਭਰਪੂਰ ਲਵ ਸਟੋਰੀ ਹੈ ਜਿਸ ਵਿੱਚ ਦਰਸ਼ਕਾਂ ਨੂੰ ਮਨੋਰੰਜਨ ਦਾ ਹਰੇਕ ਰੰਗ ਨਜ਼ਰ ਆਵੇਗਾ। ਫ਼ਿਲਮ ਵਿੱਚ ਉਸਨੇ ਹੈਰੀ ਨਾਂ ਦੇ ਅਜਿਹੇ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ ਜਿਸਦੀ ਜ਼ਿੰਦਗੀ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ। ਬੇਹੱਦ ਹੁਸੀਨ ਤੇ ਤਨਾਅ ਮੁਕਤ ਵਿਖਾਈ ਦੇਣ ਵਾਲੇ ਹੈਰੀ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਭਰੀ ਪਈ ਹੈ। ਅਚਾਨਕ ਉਸਦੀ ਜਿੰਦਗੀ ਵਿੱਚ ਲਾਡੋ (ਸੋਨਮ ਬਾਜਵਾ) ਨਾਂ ਦੀ ਕੁੜੀ ਆਉਂਦੀ ਹੈ ਜੋ ਉਸਦੇ ਦੁੱਖਾਂ ਨੂੰ ਸਮਝਣ ਦਾ ਯਤਨ ਕਰਦੀ ਹੈ।