ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਆਈਪੀਐਲ 2026 ਦੇ ਫਾਈਨਲ ਵਿੱਚ ਗੁਜਰਾਤ ਟਾਈਟਨਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। ਕੱਲ੍ਹ ਐਤਵਾਰ 31 ਮਈ 2026 ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਗੁਜਰਾਤ ਟਾਈਟਨਜ਼ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 155 ਦੌੜਾਂ ਬਣਾਈਆਂ। ਆਰਸੀਬੀ ਨੇ 18 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 161 ਦੌੜਾਂ ਬਣਾਈਆਂ ਅਤੇ ਮੈਚ ਜਿੱਤ ਲਿਆ।
ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ (ਜੀਟੀ) ਜੋ ਟਾਸ ਹਾਰ ਗਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਗਿਆ ਅਤੇ 8 ਵਿਕਟਾਂ ‘ਤੇ ਸਿਰਫ 155 ਦੌੜਾਂ ਹੀ ਬਣਾ ਸਕਿਆ। ਗੁਜਰਾਤ ਦੇ ਸਲਾਮੀ ਬੱਲੇਬਾਜ਼ ਕਪਤਾਨ ਸ਼ੁਭਮਨ ਗਿੱਲ 10 ਅਤੇ ਸਾਈ ਸੁਦਰਸ਼ਨ 12 ਦੌੜਾਂ ਬਣਾ ਕੇ ਆਊਟ ਹੋਏ। ਗੁਜਰਾਤ ਲਈ ਵਾਸ਼ਿੰਗਟਨ ਸੁੰਦਰ ਨੇ 37 ਗੇਂਦਾਂ ‘ਤੇ ਅਜੇਤੂ 50 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਨਿਸ਼ਾਂਤ ਸਿੰਧੂ ਨੇ 20, ਜੋਸ ਬਟਲਰ ਨੇ 19 ਅਤੇ ਅਰਸ਼ਦ ਖਾਨ ਨੇ 15 ਦੌੜਾਂ ਬਣਾਈਆਂ। ਆਰਸੀਬੀ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਅਤੇ ਸਖ਼ਤ ਗੇਂਦਬਾਜ਼ੀ ਕੀਤੀ ਅਤੇ ਕਦੇ ਵੀ ਜੀਟੀ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ। ਰਸਿਖ ਸਲਾਮ ਡਾਰ ਨੇ ਚਾਰ ਓਵਰਾਂ ਵਿੱਚ 27 ਦੌੜਾਂ ਦੇ ਕੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਜੋਸ਼ ਹੇਜ਼ਲਵੁੱਡ ਨੇ ਚਾਰ ਓਵਰਾਂ ਵਿੱਚ 37 ਦੌੜਾਂ ਦੇ ਕੇ ਦੋ ਵਿਕਟਾਂ, ਭੁਵਨੇਸ਼ਵਰ ਕੁਮਾਰ ਨੇ ਚਾਰ ਓਵਰਾਂ ਵਿੱਚ 29 ਦੌੜਾਂ ਦੇ ਕੇ ਦੋ ਵਿਕਟਾਂ ਅਤੇ ਕਰੁਣਾਲ ਪੰਡਯਾ ਨੇ ਚਾਰ ਓਵਰਾਂ ਵਿੱਚ 23 ਦੌੜਾਂ ਦੇ ਕੇ ਇੱਕ ਵਿਕਟ ਲਈ।
156 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਰਸੀਬੀ ਨੇ ਵੈਂਕਟੇਸ਼ ਅਈਅਰ ਅਤੇ ਵਿਰਾਟ ਕੋਹਲੀ ਨਾਲ ਤੇਜ਼ ਸ਼ੁਰੂਆਤ ਕੀਤੀ ਜਿਨ੍ਹਾਂ ਨੇ 4æ3 ਓਵਰਾਂ ਵਿੱਚ 62 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ। ਅਈਅਰ 16 ਗੇਂਦਾਂ ਵਿੱਚ 32 ਦੌੜਾਂ ਬਣਾ ਕੇ ਆਊਟ ਹੋ ਗਿਆ ਜਿਸ ਵਿੱਚ ਦੋ ਛੱਕੇ ਅਤੇ ਚਾਰ ਚੌਕੇ ਸ਼ਾਮਲ ਸਨ। ਦੇਵਦੱਤ ਪਡੀਕਲ (1), ਕਪਤਾਨ ਰਜਤ ਪਾਟੀਦਾਰ (15) ਅਤੇ ਕਰੁਣਾਲ ਪੰਡਯਾ (1) Ḕਤੇ ਤੇਜ਼ੀ ਨਾਲ ਡਿੱਗ ਪਏ। ਵਿਰਾਟ ਕੋਹਲੀ ਨੇ 25 ਗੇਂਦਾਂ ‘ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਜੋ ਕਿ ਆਈਪੀਐਲ ਵਿੱਚ ਉਸਦਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਵਿਰਾਟ ਨੇ 42 ਗੇਂਦਾਂ ‘ਤੇ ਅਜੇਤੂ 75 ਦੌੜਾਂ ਬਣਾਈਆਂ ਜਿਸ ਵਿੱਚ ਤਿੰਨ ਛੱਕੇ ਅਤੇ ਨੌਂ ਚੌਕੇ ਸ਼ਾਮਲ ਸਨ। ਜਿਤੇਸ਼ ਸ਼ਰਮਾ ਕੋਹਲੀ ਦੇ ਨਾਲ 14 ਗੇਂਦਾਂ ‘ਤੇ 11 ਦੌੜਾਂ ਬਣਾ ਕੇ ਅਜੇਤੂ ਰਹੇ।
ਆਰਸੀਬੀ ਨੇ 2025 ਵਿੱਚ ਆਪਣਾ ਪਹਿਲਾ ਆਈਪੀਐਲ ਖਿਤਾਬ ਜਿੱਤ ਕੇ 18 ਸਾਲਾਂ ਦੀ ਉਡੀਕ ਖਤਮ ਕੀਤੀ ਹੈ। ਇਹ ਆਈਪੀਐਲ ਇਤਿਹਾਸ ਵਿੱਚ ਆਰਸੀਬੀ ਦਾ ਦੂਜਾ ਖਿਤਾਬ ਹੈ। ਆਰਸੀਬੀ ਆਈਪੀਐਲ ਇਤਿਹਾਸ ਵਿੱਚ ਪੰਜਵੀਂ ਵਾਰ ਫਾਈਨਲ ਵਿੱਚ ਪਹੁੰਚੀ ਹੈ। ਇਸ ਤੋਂ ਪਹਿਲਾਂ ਟੀਮ 2009, 2011, 2016 ਅਤੇ 2025 ਵਿੱਚ ਫਾਈਨਲ ਖੇਡੀ ਸੀ। ਹਾਲਾਂਕਿ, ਉਹ 2009, 2011 ਅਤੇ 2016 ਵਿੱਚ ਹਾਰ ਗਈ ਸੀ। 2025 ਵਿੱਚ ਪਹਿਲੀ ਵਾਰ ਚੈਂਪੀਅਨ ਬਣਨ ਤੋਂ ਬਾਅਦ ਟੀਮ ਨੇ 2026 ਵਿੱਚ ਖਿਤਾਬ ਜਿੱਤ ਕੇ ਆਪਣੀ ਸੁਨਹਿਰੀ ਦੌੜ ਜਾਰੀ ਰੱਖੀ।
ਆਈਪੀਐਲ ਲੀਗ ਦੇ ਵਿੱਚ ਟੀਮਾਂ ਨੂੰ ਪ੍ਰਾਪਤ ਇਨਾਮੀ ਰਾਸ਼ੀ ਤੋਂ ਇਲਾਵਾ ਹੋਰ ਵੀ ਕਈ ਇਨਾਮ ਵੀ ਦਿੱਤੇ ਜਾਂਦੇ ਹਨ ਜਿਨ੍ਹਾਂ ਵਿੱਚ ਔਰੇਂਜ ਕੈਪ, ਪਰਪਲ ਕੈਪ ਅਤੇ ਫੇਅਰ ਪਲੇਅ ਐਵਾਰਡ ਵਰਗੇ ਇਨਾਮ ਵੀ ਸ਼ਾਮਲ ਹਨ। ਆਈਪੀਐਲ ਔਰੇਂਜ ਕੈਪ ਪੁਰਸਕਾਰ ਉਸ ਬੱਲੇਬਾਜ਼ ਨੂੰ ਦਿੱਤਾ ਜਾਂਦਾ ਹੈ ਜੋ ਪੂਰੇ ਆਈਪੀਐਲ ਸੀਜ਼ਨ ਦੌਰਾਨ ਸਭ ਤੋਂ ਵੱਧ ਦੌੜਾਂ ਬਣਾਉਂਦਾ ਹੈ। ਆਈਪੀਐਲ ਪਰਪਲ ਕੈਪ ਪੁਰਸਕਾਰ ਉਸ ਗੇਂਦਬਾਜ਼ ਨੂੰ ਦਿੱਤਾ ਜਾਂਦਾ ਹੈ ਜੋ ਪੂਰੇ ਆਈਪੀਐਲ ਸੀਜ਼ਨ ਦੌਰਾਨ ਸਭ ਤੋਂ ਵੱਧ ਵਿਕਟਾਂ ਲੈਂਦਾ ਹੈ। ਫੇਅਰ ਪਲੇਅ ਐਵਾਰਡ ਉਸ ਟੀਮ ਨੂੰ ਦਿੱਤਾ ਜਾਂਦਾ ਹੈ ਜਿਸਨੇ ਪੂਰੇ ਟੂਰਨਾਮੈਂਟ ਦੌਰਾਨ ਸਭ ਤੋਂ ਵੱਧ ਅਨੁਸ਼ਾਸਨ ਨਾਲ ਖੇਡਿਆ ਹੈ। ਸਭ ਤੋਂ ਕੀਮਤੀ ਖਿਡਾਰੀ ਪੁਰਸਕਾਰ ਉਸ ਖਿਡਾਰੀ ਨੂੰ ਦਿੱਤਾ ਜਾਂਦਾ ਹੈ ਜਿਸਨੇ ਪੂਰੇ ਆਈਪੀਐਲ ਸੀਜ਼ਨ ਦੌਰਾਨ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੀਜ਼ਨ ਦਾ ਉੱਭਰਦਾ ਖਿਡਾਰੀ ਪੁਰਸਕਾਰ ਸੀਜ਼ਨ ਦੇ ਉੱਭਰਦੇ ਸਿਤਾਰੇ ਨੂੰ ਦਿੱਤਾ ਜਾਂਦਾ ਹੈ। ਇਸ ਵਾਰ ਦੀ ਜੇਤੂ ਟੀਮ ਨੂੰ 20 ਕਰੋੜ ਰੁਪਏ ਜਦਕਿ ਉਪ ਜੇਤੂ ਗੁਜਰਾਤ ਟਾਈਟਨਸ ਨੂੰ 12æ50 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ ਹੈ। ਇਸ ਤੋਂ ਇਲਾਵਾ ਟੀਮ ਅਤੇ ਸਟਾਫ ਨੂੰ ਲਿਮਟਡ ਐਡੀਸ਼ਨ ਘੜੀਆਂ ਵੀ ਦਿੱਤੀਆਂ ਗਈਆਂ।
ਇਥੇ ਅਸੀਂ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਤੋਂ ਇਲਾਵਾ ਕਿਹੜੇ-ਕਿਹੜੇ ਇਨਾਮ ਦਿੱਤੇ ਗਏ ਹਨ, ਉਹਨਾਂ ਦਾ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ:
- ਫਾਈਨਲ ਦਾ ਸੁਪਰ ਸਟ੍ਰਾਈਕਰ – 1 ਲੱਖ ਰੁਪਏ – ਵੈਂਕਟੇਸ਼ ਅਈਅਰ
- ਫਾਈਨਲ ਦੇ ਸੁਪਰ ਸਿਕਸ -1 ਲੱਖ ਰੁਪਏ – ਵਿਰਾਟ ਕੋਹਲੀ
- ਆਨ ਦ ਗੋ ਫਾਈਨਲ ਦੇ 4ਐਸ – 1 ਲੱਖ ਰੁਪਏ – ਵਿਰਾਟ ਕੋਹਲੀ
- ਫਾਈਨਲ ਦੇ ਗ੍ਰੀਨ ਡੌਟ ਬਾਲ – 1 ਲੱਖ ਰੁਪਏ – ਭੁਵਨੇਸ਼ਵਰ ਕੁਮਾਰ
- ਪਲੇਅਰ ਆਫ ਦ ਮੈਚ (ਫਾਈਨਲ) – 5 ਲੱਖ ਰੁਪਏ – ਵਿਰਾਟ ਕੋਹਲੀ
- ਸੀਜ਼ਨ ਦਾ ਉੱਭਰਦਾ ਖਿਡਾਰੀ – 10 ਲੱਖ ਰੁਪਏ – ਵੈਭਵ ਸੂਰਿਆਵੰਸ਼ੀ
- ਸੀਜ਼ਨ ਦਾ ਸੁਪਰ ਸਟ੍ਰਾਈਕਰ – ਕਾਰ – ਵੈਭਵ ਸੂਰਿਆਵੰਸ਼ੀ
- ਸੀਜ਼ਨ ਦੇ ਸੁਪਰ ਸਿਕਸ – 10 ਲੱਖ ਰੁਪਏ – ਵੈਭਵ ਸੂਰਿਆਵੰਸ਼ੀ
- ਆਨ ਦ ਗੋ ਸੀਜ਼ਨ ਦੇ 4ਐਸ – 10 ਲੱਖ ਰੁਪਏ – ਸਾਈ ਸੁਦਰਸ਼ਨ
- ਸੀਜ਼ਨ ਦੇ ਗ੍ਰੀਨ ਡੌਟ ਬਾਲ – 10 ਲੱਖ ਰੁਪਏ – ਮੁਹੰਮਦ ਸਿਰਾਜ
- ਕੈਚ ਆਫ ਦ ਸੀਜ਼ਨ – ਰੁਪਏ 10 ਲੱਖ ਰੁਪਏ – ਮਨੀਸ਼ ਪਾਂਡੇ
- ਫੇਅਰ ਪਲੇਅ ਐਵਾਰਡ ਟਰਾਫੀ – ਪੰਜਾਬ ਕਿੰਗਜ਼
- ਪਰਪਲ ਕੈਪ – 10 ਲੱਖ ਰੁਪਏ – ਕਾਗੀਸੋ ਰਬਾਡਾ
- ਔਰੇਂਜ ਕੈਪ – 10 ਲੱਖ ਰੁਪਏ – ਵੈਭਵ ਸੂਰਿਆਵੰਸ਼ੀ
- ਸੀਜ਼ਨ ਦਾ ਸਭ ਤੋਂ ਕੀਮਤੀ ਖਿਡਾਰੀ – 15 ਲੱਖ ਰੁਪਏ – ਵੈਭਵ ਸੂਰਿਆਵੰਸ਼ੀ
ਪਿਚ ਅਤੇ ਗਰਾਊਂਡ ਪੁਰਸਕਾਰ (ਪੰਜ ਜਾਂ ਵੱਧ ਮੈਚਾਂ ਦੀ ਮੇਜ਼ਬਾਨੀ) 50 ਲੱਖ ਰੁਪਏ – ਈਡਨ ਗਾਰਡਨਜ਼ (ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ)। - ਪਿਚ ਅਤੇ ਗਰਾਊਂਡ ਪੁਰਸਕਾਰ (ਚਾਰ ਜਾਂ ਘੱਟ ਮੈਚਾਂ ਦੀ ਮੇਜ਼ਬਾਨੀ) 25 ਲੱਖ ਰੁਪਏ ਧਰਮਸ਼ਾਲਾ (ਹਿਮਾਚਲ ਕ੍ਰਿਕਟ ਐਸੋਸੀਏਸ਼ਨ)।