Punjab

ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਕੇਂਦਰੀ ਰੇਲ ਰਾਜ ਮੰਤਰੀ ਬਿੱਟੂ ਨੂੰ ਸਜ਼ਾ ਸੁਣਾਈ

ਭਾਰਤ ਦੇ ਕੇਂਦਰੀ ਰੇਲ ਰਾਜ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਬੁੱਧਵਾਰ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅੱਗੇ ਪੇਸ਼ ਹੋਏ।

ਚੰਡੀਗੜ੍ਹ – ਭਾਰਤ ਦੇ ਕੇਂਦਰੀ ਰੇਲ ਰਾਜ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਬੁੱਧਵਾਰ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅੱਗੇ ਪੇਸ਼ ਹੋਏ। ਜਾਤੀ ਸਬੰਧੀ ਟਿੱਪਣੀ ਦੇ ਮਾਮਲੇ ਵਿੱਚ ਉਨ੍ਹਾਂ ਨੇ ਆਪਣੇ ਵਕੀਲਾਂ ਰਾਹੀਂ ਕਮਿਸ਼ਨ ਸਾਹਮਣੇ ਆਪਣਾ ਪੱਖ ਰੱਖਿਆ। ਕਮਿਸ਼ਨ ਨੇ ਕੇਂਦਰੀ ਰਾਜ ਮੰਤਰੀ ਨੂੰ ਧਾਰਮਿਕ ਸਜ਼ਾ ਲਾਈ ਹੈ। ਕਮਿਸ਼ਨ ਨੇ ਹੁਕਮ ਸੁਣਾਇਆ ਹੈ ਕਿ ਰਵਨੀਤ ਬਿੱਟੂ ਨੂੰ ਹੁਣ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਫਿਲੌਰ ਵਿੱਚ ਡੇਰਾ ਬ੍ਰਹਮਦਾਸ, ਭਗਵਾਨ ਵਾਲਮੀਕਿ ਦਾ ਡੇਰਾ (ਰਾਮਤੀਰਥ, ਅੰਮ੍ਰਿਤਸਰ) ਅਤੇ ਡੇਰਾ ਬੱਲਾਂ ਵਿਖੇ ਨਤਮਸਤਕ ਹੋਣਾ ਹੋਵੇਗਾ। ਸੁਣਵਾਈ ਦੌਰਾਨ ਬਿੱਟੂ ਨੇ ਮੰਨਿਆ ਕਿ ਘਟਨਾ ਵਾਲੇ ਦਿਨ ਉਨ੍ਹਾਂ ਦੇ ਮੂੰਹੋਂ ਜੋ ਸ਼ਬਦ ਨਿਕਲੇ ਸਨ, ਉਹ ਕਾਨੂੰਨੀ ਤੌਰ ‘ਤੇ ਪੂਰੀ ਤਰ੍ਹਾਂ ਗ਼ਲਤ ਸਨ। ਉਨ੍ਹਾਂ ਕਿਹਾ ਕਿ ਇਸ ਲਈ ਉਹ ਪਹਿਲਾਂ ਹੀ ਜਨਤਕ ਤੌਰ ‘ਤੇ ਮਾਫ਼ੀ ਮੰਗ ਚੁੱਕੇ ਹਨ ਅਤੇ ਆਪਣੇ ਬਿਆਨ ‘ਤੇ ਖੇਦ ਵੀ ਪ੍ਰਗਟ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਮਿਸ਼ਨ ਨੂੰ ਆਪਣੀ ਲਿਖਤੀ ਮੁਆਫ਼ੀ ਵੀ ਦਿੱਤੀ ਹੈ।

ਰਵਨੀਤ ਸਿੰਘ ਨੇ ਕਮਿਸ਼ਨ ਨੂੰ ਦੱਸਿਆ ਕਿ ਜਿਸ ਦਿਨ ਇਹ ਵਿਵਾਦ ਹੋਇਆ ਸੀ ਉਸ ਦਿਨ ਹਾਲਾਤ ਕਾਫ਼ੀ ਤਣਾਅਪੂਰਨ ਸਨ। ਉਨ੍ਹਾਂ ਕਿਹਾ ਕਿ ਘਟਨਾ ਨਾਲ ਸਬੰਧਿਤ ਵੀਡੀਓ ਉਹ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਵੀ ਹਟਾ ਚੁੱਕੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸੰਗਰੂਰ ਵਿੱਚ ਇੱਕ ਐੱਸਪੀ ਦਰਜੇ ਦੇ ਅਧਿਕਾਰੀ ਨੇ ਰੋਕਿਆ ਸੀ। ਉਸ ਅਧਿਕਾਰੀ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਭਾਜਪਾ ਆਗੂ ਓਂਕਾਰ ਸਿੰਘ ਨੂੰ ਬਲਿਆ ਥਾਣੇ ਵਿੱਚ ਹਿਰਾਸਤ ਵਿੱਚ ਰੱਖਿਆ ਗਿਆ ਹੈ। ਇਹ ਜਾਣਕਾਰੀ ਮਿਲਣ ਤੋਂ ਬਾਅਦ ਉਹ ਤੁਰੰਤ ਬਲਿਆ ਥਾਣੇ ਪਹੁੰਚੇ। ਉੱਥੇ ਜਾ ਕੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਓਂਕਾਰ ਸਿੰਘ ਨੂੰ ਸੰਗਰੂਰ ਲਿਜਾਇਆ ਗਿਆ ਹੈ। ਬਿੱਟੂ ਨੇ ਦੋਸ਼ ਲਾਇਆ ਕਿ ਇਸ ਦੌਰਾਨ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਕੁੱਝ ਅਜਿਹੇ ਸ਼ਬਦ ਬੋਲੇ ਗਏ, ਜਿਨ੍ਹਾਂ ਨਾਲ ਉਹਨਾਂ ਨੂੰ ਸੱਟ ਪਹੁੰਚੀ। ਜਦੋਂ ਉਹ ਮੁੜ ਸੰਗਰੂਰ ਪਹੁੰਚੇ ਤਾਂ ਉੱਥੇ ਤਾਇਨਾਤ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਅਤੇ ਕਿਹਾ ਕਿ ਓਂਕਾਰ ਸਿੰਘ ਧੂਰੀ ਵਿੱਚ ਹਨ। ਇਸ ਤੋਂ ਬਾਅਦ ਉਹ ਧੂਰੀ ਪਹੁੰਚੇ, ਜਿੱਥੇ ਇੱਕ ਐੱਸਐੱਚਓ ਦਰਜੇ ਦੇ ਅਧਿਕਾਰੀ ਨੇ ਆਪਣੀ ਗੱਡੀ ਉਨ੍ਹਾਂ ਦੀ ਗੱਡੀ ਅੱਗੇ ਲਾ ਕੇ ਰਸਤਾ ਰੋਕ ਦਿੱਤਾ। ਬਿੱਟੂ ਨੇ ਦੋਸ਼ ਲਾਇਆ ਕਿ ਉੱਥੇ ਵੀ ਉਨ੍ਹਾਂ ਨਾਲ ਅਭੱਦਰ ਵਿਹਾਰ ਕੀਤਾ ਗਿਆ। ਕੇਂਦਰੀ ਮੰਤਰੀ ਨੇ ਕਿਹਾ ਕਿ ਪੁਲਿਸ ਦੇ ਵਿਵਹਾਰ ਅਤੇ ਉਸ ਸਮੇਂ ਦੇ ਤਣਾਅਪੂਰਨ ਮਾਹੌਲ ਕਾਰਨ ਉਹ ਭਾਵੁਕ ਹੋ ਗਏ ਸਨ। ਉਨ੍ਹਾਂ ਕਮਿਸ਼ਨ ਸਾਹਮਣੇ ਦੁਬਾਰਾ ਕਿਹਾ ਕਿ ਜੇਕਰ ਉਨ੍ਹਾਂ ਦੇ ਮੂੰਹੋਂ ਕੋਈ ਇਤਰਾਜ਼ਯੋਗ ਸ਼ਬਦ ਨਿਕਲੇ ਹਨ ਤਾਂ ਉਹ ਇਸ ਲਈ ਦਿਲੋਂ ਖੇਦ ਪ੍ਰਗਟ ਕਰਦੇ ਹਨ।

ਕੇਂਦਰੀ ਰੇਲ ਰਾਜ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ੂਬਿੱਟੂ ਨੇ ਕਿਹਾ ਕਿ, “ਮੈਂ ਉਸ ਪਾਰਟੀ ਨਾਲ ਸਬੰਧ ਰੱਖਦਾ ਹਾਂ ਜਿਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਫ਼ਾਈ ਕਰਮਚਾਰੀਆਂ ਦੇ ਪੈਰ ਧੋ ਕੇ ਉਨ੍ਹਾਂ ਦਾ ਸਨਮਾਨ ਕੀਤਾ ਸੀ। ਅਜਿਹੀ ਸੋਚ ਵਾਲੀ ਪਾਰਟੀ ਦਾ ਮੈਂ ਹਿੱਸਾ ਹਾਂ ਅਤੇ ਕਿਸੇ ਵੀ ਭਾਈਚਾਰੇ ਦਾ ਅਪਮਾਨ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ ਸੀ।”

ਦਰਅਸਲ ਇਹ ਵਿਵਾਦ 26 ਮਈ 2026 ਨੂੰ ਪੰਜਾਬ ਦੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੌਰਾਨ ਵੋਟਿੰਗ ਵਾਲੇ ਦਿਨ ਸ਼ੁਰੂ ਹੋਇਆ ਸੀ। ਧੂਰੀ ਵਿੱਚ ਭਾਜਪਾ ਆਗੂ ਓਂਕਾਰ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਉਨ੍ਹਾਂ ਨੂੰ ਛੁਡਵਾਉਣ ਅਤੇ ਧੂਰੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਰਵਨੀਤ ਬਿੱਟੂ ਅਤੇ ਪੁਲਿਸ ਅਧਿਕਾਰੀਆਂ ਵਿਚਾਲੇ ਤਿੱਖੀ ਬਹਿਸ ਹੋ ਗਈ ਸੀ। ਇਸ ਘਟਨਾ ਦੀ ਵੀਡੀਓ ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬਿੱਟੂ ਉੱਤੇ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਇਤਰਾਜ਼ਯੋਗ ਅਤੇ ਜਾਤੀ ਸਬੰਧੀ ਸ਼ਬਦ ਵਰਤਣ ਦੇ ਦੋਸ਼ ਲੱਗੇ ਸਨ। ਆਮ ਆਦਮੀ ਪਾਰਟੀ ਨੇ ਇਸ ਘਟਨਾ ਨੂੰ ‘ਗੁੰਡਾਗਰਦੀ’ ਕਰਾਰ ਦਿੱਤਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਆਪਣੇ ਪੱਧਰ ‘ਤੇ ਇਸ ਦਾ ਨੋਟਿਸ ਲਿਆ ਸੀ। ਕਮਿਸ਼ਨ ਨੇ ਰਵਨੀਤ ਬਿੱਟੂ ਨੂੰ ਤਲਬ ਕਰਨ ਦੇ ਨਾਲ-ਨਾਲ ਸੰਗਰੂਰ ਪੁਲਿਸ ਤੋਂ ਵੀ ਇਸ ਸਬੰਧੀ ਰਿਪੋਰਟ ਮੰਗੀ ਸੀ। ਇਸ ਤੋਂ ਪਹਿਲਾਂ ਬਿੱਟੂ ਨੂੰ 4 ਜੂਨ ਅਤੇ 15 ਜੂਨ ਨੂੰ ਕਮਿਸ਼ਨ ਅੱਗੇ ਪੇਸ਼ ਹੋਣਾ ਸੀ, ਪਰ ਨਿੱਜੀ ਕਾਰਨਾਂ ਅਤੇ ਦਿੱਲੀ ਵਿੱਚ ਰੁਝੇਵਿਆਂ ਕਾਰਨ ਉਹ ਹਾਜ਼ਰ ਨਹੀਂ ਹੋ ਸਕੇ ਸਨ। ਉਸ ਸਮੇਂ ਉਨ੍ਹਾਂ ਦੇ ਵਕੀਲ ਕਮਿਸ਼ਨ ਅੱਗੇ ਪੇਸ਼ ਹੋਏ ਸਨ ਅਤੇ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੂੰ ਉਨ੍ਹਾਂ ਦੀ ਵਿਅਸਤਤਾ ਬਾਰੇ ਜਾਣਕਾਰੀ ਦਿੱਤੀ ਸੀ।

Related posts

ਪੰਜਾਬ ਪੁਲਿਸ ਨੇ ਸੰਖੇਪ ਮੁੱਠਭੇੜ ਤੋਂ ਬਾਅਦ ਗੈਂਗਸਟਰ ਹੈਰੀ ਚੱਠਾ ਦੇ ਜ਼ਬਰਨ ਵਸੂਲੀ ਰੈਕਿਟ ਦਾ ਕੀਤਾ ਪਰਦਾਫਾਸ਼

Bunty

ਖੰਨਾ ’ਚ ਚੋਰਾਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ

Bunty

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ

Bunty