ਓਟਵਾ – ਕੈਨੇਡਾ ਦੇ ਵਿੱਚ ਜਨਮੀ ਭਾਰਤੀ ਮੂਲ ਦੀ ਕੈਨੇਡੀਅਨ ਸਿਆਸਤਦਾਨ ਅਨੀਤਾ ਆਨੰਦ ਕੈਨੇਡਾ ਦੀ ਨਵੀਂ ਰੱਖਿਆ ਮੰਤਰੀ ਬਣ ਗਈ ਹੈ। ਸਾਬਕਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਥਾਂ ਅਨੀਤਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਜਦਕਿ ਸੱਜਣ ਦਾ ਮੰਤਰਾਲਾ ਬਦਲ ਦਿੱਤਾ ਗਿਆ ਹੈ। ਕੈਨੇਡਾ ‘ਚ ਹਾਲ ਹੀ ‘ਚ ਹੋਈਆਂ ਚੋਣਾਂ ਤੋਂ ਬਾਅਦ ਲਿਬਰਲ ਪਾਰਟੀ ਨੇ ਮੁੜ ਸਰਕਾਰ ਬਣਾਈ ਹੈ।
ਕੈਨੇਡਾ ਦੀ ਰੱਖਿਆ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਅਨੀਤਾ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਕੈਨੇਡੀਅਨ ਫੌਜ ਨੂੰ ਸੁਰੱਖਿਅਤ ਮਹਿਸੂਸ ਕਰਵਾਉਣਾ ਹੈ। ਕੋਰੋਨਾ ਮਹਾਂਮਾਰੀ ਦੌਰਾਨ, ਅਨੀਤਾ ਕੈਨੇਡਾ ਲਈ ਵੈਕਸੀਨ ਖਰੀਦਣ ਅਤੇ ਸਪਲਾਈ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਸੀ। ਅਨੀਤਾ ਨੇ ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਫੌਜ ਦੇਸ਼ ਦੇ ਲੋਕਾਂ ਦੀ ਸੁਰੱਖਿਆ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਰਹੀ ਹੈ। ਉਹਨਾਂ ਨੂੰ ਇੱਕ ਸੁਰੱਖਿਅਤ ਅਤੇ ਸਿਹਤਮੰਦ ਮਾਹੌਲ ਵਿੱਚ ਕੰਮ ਕਰਨ ਦੀ ਲੋੜ ਹੈ।
ਆਪ ਵਕੀਲ ਅਤੇ ਮਾਪੇ ਡਾਕਟਰ
54 ਸਾਲਾ ਅਨੀਤਾ ਪੇਸ਼ੇ ਤੋਂ ਵਕੀਲ ਹੈ ਅਤੇ ਉਹ 2019 ਵਿੱਚ ਪਹਿਲੀ ਵਾਰ ਕੈਬਨਿਟ ਮੰਤਰੀ ਬਣੀ ਸੀ। ਉਸਨੂੰ ਜਨਤਕ ਸੇਵਾਵਾਂ ਲਈ ਖਰੀਦ ਮੰਤਰੀ ਬਣਾਇਆ ਗਿਆ ਸੀ। ਅਨੀਤਾ ਕੈਨੇਡਾ ਦੀ ਰੱਖਿਆ ਮੰਤਰਾਲਾ ਸੰਭਾਲਣ ਵਾਲੀ ਦੂਜੀ ਔਰਤ ਹੈ। ਇਸ ਤੋਂ ਪਹਿਲਾਂ 1990 ਵਿੱਚ ਕਿਮ ਕੈਂਬਲ ਨੇ ਇਹ ਜ਼ਿੰਮੇਵਾਰੀ ਸੰਭਾਲੀ ਸੀ। ਅਨੀਤਾ ਦੇ ਪਿਤਾ ਤਾਮਿਲਨਾਡੂ ਦੇ ਰਹਿਣ ਵਾਲੇ ਸਨ ਜਦਕਿ ਮਾਂ ਪੰਜਾਬ ਦੀ ਸੀ। ਹਾਲਾਂਕਿ ਅਨੀਤਾ ਦਾ ਜਨਮ ਕੈਨੇਡਾ ‘ਚ ਹੀ ਹੋਇਆ ਸੀ।
ਸੱਜਣ ਨੂੰ ਕਿਉਂ ਹਟਾਇਆ ਗਿਆ?
ਕਈ ਕੈਨੇਡੀਅਨ ਫੌਜੀ ਅਫਸਰ ਪਿਛਲੇ ਕੁਝ ਦਿਨਾਂ ਤੋਂ ਮਹਿਲਾ ਫੌਜੀਆਂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਦੋਸ਼ ਹੈ ਕਿ ਸਾਬਕਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਇਸ ਮੁੱਦੇ ਨੂੰ ਸਹੀ ਢੰਗ ਨਾਲ ਸੰਭਾਲ ਨਹੀਂ ਸਕੇ। ਰੱਖਿਆ ਮਾਹਿਰ ਵੀ ਅਨੀਤਾ ਨੂੰ ਰੱਖਿਆ ਮੰਤਰੀ ਬਣਾਉਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮਹਿਲਾ ਨੂੰ ਰੱਖਿਆ ਮੰਤਰੀ ਬਣਾਉਣ ਨਾਲ ਫੌਜ ਵਿੱਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਨੂੰ ਚੰਗਾ ਸੁਨੇਹਾ ਜਾਵੇਗਾ। ਸੱਜਣ ਨੂੰ ਅੰਤਰਰਾਸ਼ਟਰੀ ਵਿਕਾਸ ਏਜੰਸੀ ਦਾ ਮੰਤਰੀ ਬਣਾਇਆ ਗਿਆ ਹੈ। ਉਹ 2015 ਤੋਂ ਹੁਣ ਤੱਕ ਕੈਨੇਡਾ ਦੇ ਰੱਖਿਆ ਮੰਤਰੀ ਸਨ।
ਕੈਨੇਡਾ ਦੀਆਂ 20 ਸਤੰਬਰ ਨੂੰ 44 ਵੀਂ ਪਾਰਲੀਮੈਂਟ ਲਈ ਹੋਈਆਂ ਚੋਣਾਂ ਤੋਂ ਇੱਕ ਮਹੀਨੇ ਬਾਅਦ ਜਸਟਿਨ ਟਰੂਡੋ ਦੀ ਅਗਵਾਈ ਹੇਠ ਨਵੀਂ ਸਰਕਾਰ ਦਾ ਗਠਨ ਮੁਕੰਮਲ ਹੋ ਗਿਆ ਹੈ ਅਤੇ ਟਰੂਡੋ ਮੰਤਰੀਮੰਡਲ ਦੇ ਵਿੱਚ 39 ਮੰਤਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਕੈਨੇਡਾ ਦੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣੇ ਜਸਟਿਨ ਟਰੂਡੋ ਵੱਲੋਂ ਆਪਣੇ ਸਿਰਫ ਸੱਤ ਮੰਤਰੀਆਂ ਨੂੰ ਛੱਡ ਕੇ ਨਵੇਂ ਮੰਤਰੀ ਮੰਡਲ ਵਿੱਚ ਵੱਡੀ ਪੱਧਰ ਉੱਤੇ ਫੇਰਬਦਲ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਰੱਖਿਆ ਮੰਤਰੀ, ਸਿਹਤ ਮੰਤਰੀ, ਵਿਦੇਸ਼ ਮੰਤਰੀ ਤੇ ਵਾਤਾਵਰਣ ਮੰਤਰੀ ਤੱਕ ਨੂੰ ਬਦਲ ਦਿੱਤਾ ਗਿਆ ਹੈ। ਟਰੂਡੋ ਦੇ 39 ਮੈਂਬਰੀ ਕੈਬਨਿਟ ਨੂੰ ਓਟਵਾ ਦੇ ਰਿਡਿਊ ਹਾਲ ਵਿੱਚ ਸਹੁੰ ਚਕਾਈ ਗਈ ਹੈ। ਕੈਨੇਡਾ ਦੀ ਕੋਵਿਡ-19 ਵੈਕਸੀਨ ਵੰਡ ਦੀਆਂ ਕੋਸਿæਸ਼ਾਂ ਦੀ ਅਗਵਾਈ ਕਰਨ ਵਾਲੀ ਅਨੀਤਾ ਆਨੰਦ, ਹਰਜੀਤ ਸੱਜਣ ਦੀ ਥਾਂ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਿਆ ਹੈ। ਸੱਜਣ ਨੂੰ ਇੰਟਰਨੈਸ਼ਨਲ ਡਿਵੈਲਪਮੈਂਟ ਮੰਤਰੀ ਬਣਾ ਦਿੱਤਾ ਗਿਆ ਹੈ। ਕੈਨੇਡਾ ਦੀ ਨਵੀਂ ਪ੍ਰੋਕਿਓਰਮੈਂਟ ਮੰਤਰੀ, ਫਿਲੋਮੇਨਾ ਤਾਸੀ ਹੋਵੇਗੀ ਅਤੇ ਪੈਟੀ ਹਾਜ਼ਦੂ ਨੂੰ ਸਿਹਤ ਮਹਿਕਮੇ ਦੀ ਥਾਂ ਉੱਤੇ ਇੰਡੀਜੀਨਸ ਸਰਵਿਸਿਜ਼ ਮੰਤਰੀ ਬਣਾਇਆ ਗਿਆ ਹੈ। ਕੈਰੋਲਿਨ ਬੈਨੇਟ ਨੂੰ ਕ੍ਰਾਊਨ ਇੰਡੀਂਜੀਨਸ ਰਿਲੇਸ਼ਨਜ਼ ਦੀ ਥਾਂ ਇਹ ਮੰਤਰਾਲਾ ਮਾਰਕ ਮਿਲਰ ਨੂੰ ਦਿੱਤਾ ਗਿਆ ਹੈ। ਜੀਨ ਯਵੇਸ ਡਕਲਸ ਨੂੰ ਨਵਾਂ ਸਿਹਤ ਮੰਤਰੀ ਬਣਾਇਆ ਗਿਆ ਹੈ, ਬੈਨੇਟ ਉਨ੍ਹਾਂ ਦੇ ਨਾਲ ਐਸੋਸਿਏਟ ਮਨਿਸਟਰ ਆਫ ਹੈਲਥ ਦੇ ਨਾਲ ਨਾਲ ਮੈਂਟਲ ਹੈਲਥ ਐਂਡ ਅਡਿਕਸ਼ਨਜ਼ ਮਨਿਸਟਰ ਦਾ ਅਹੁਦਾ ਵੀ ਸੰਭਾਲੇਗੀ। ਅਹਿਮਦ ਹੁਸੈਨ ਨੂੰ ਹਾਊਸਿੰਗ, ਡਾਇਵਰਸਿਟੀ ਐਂਡ ਇਨਕਲਜ਼ਨ ਮੰਤਰੀ ਬਣਾਇਆ ਗਿਆ ਹੈ। ਬਿੱਲ ਬਲੇਅਰ ਐਮਰਜੰਸੀ ਪ੍ਰਿਪੇਅਰਡਨੈੱਸ ਮੰਤਰਾਲਾ ਦੇਖਣਗੇ ਜਦਕਿ ਮਾਰਕੋ ਮੈਂਡੀਸਿਨੋ ਪਬਲਿਕ ਸੇਫਟੀ। ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸਿæਪ ਮੰਤਰੀ ਮੈਂਡੀਸਿਨੋ ਦੀ ਥਾਂ ਐਟਲਾਂਟਿਕ ਕੈਨੇਡਾ ਤੋਂ ਆਏ ਨਵੇਂ ਕੈਬਨਿਟ ਮੰਤਰੀ ਸ਼ੌਨ ਫਰੇਜ਼ਰ ਹੋਣਗੇ। ਸਰਕਾਰ ਦੇ ਚੀਫ ਵਿ੍ਹਪ ਮਾਰਕ ਹਾਲੈਂਡ ਹੁਣ ਸਰਕਾਰ ਦੇ ਹਾਊਸ ਲੀਡਰ ਹੋਣਗੇ। ਬਰਦੀਸ਼ ਚੱਗੜ ਤੇ ਸੀਨੀਅਰ ਲਿਬਰਲ ਆਗੂ ਮਾਰਕ ਗਾਰਨਿਊ ਨੂੰ ਕੈਬਨਿਟ ਤੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਹੁਣ ਵਿਦੇਸ਼ ਮੰਤਰਾਲਾ ਮਿਲੇਨੀ ਜੋਲੀ ਦੇਖਣਗੇ। ਜੌਨਾਥਨ ਵਿਲਕਿੰਸਨ ਐਨਵਾਇਰਮੈਂਟ ਦੀ ਥਾਂ ਨੈਚੂਰਲ ਰਿਸੋਰਸਿਜ਼ ਮੰਤਰਾਲਾ ਸਾਂਭਣਗੇ ਤੇ ਲੰਮੇਂ ਸਮੇਂ ਤੋਂ ਐਨਵਾਇਰਮੈਂਟਲ ਕਾਰਕੁੰਨ ਸਟੀਵਨ ਗਿਲਬਟ ਕੈਨੇਡਾ ਦੇ ਨਵੇਂ ਜਲਵਾਯੂ ਮੰਤਰੀ ਹੋਣਗੇ।
ਵਰਨਣਯੋਗ ਹੈ ਕਿ ਕੈਨੇਡਾ ਦੇ ਚੋਣ ਨਤੀਜਿਆਂ ਤੋਂ ਬਾਅਦ ਜਸਟਿਨ ਟਰੂਡੋ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ। ਟਰੂਡੋ ਦੀ ਲਿਬਰਲ ਪਾਰਟੀ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਬਣੀ ਪਰ ਬਹੁਮਤ ਤੋਂ ਖੁੰਝ ਗਈ ਸੀ। 338 ਸੀਟਾਂ ਵਾਲੇ ਹੇਠਲੇ ਸਦਨ ਵਿੱਚ ਟਰੂਡੋ ਨੂੰ 156 ਸੀਟਾਂ ਮਿਲੀਆਂ ਹਨ। ਟਰੂਡੋ ਨੂੰ ਸਰਕਾਰ ਬਣਾਉਣ ਲਈ 14 ਹੋਰ ਸੀਟਾਂ ਦੀ ਲੋੜ ਸੀ ਅਤੇ ਅਜਿਹੇ ਵਿੱਚ ਨਿਊ ਡੈਮੋਕ੍ਰੇਟਿਕ ਪਾਰਟੀ (ਐਨ ਡੀ ਪੀ) ਦੇ ਵਲੋਂ ਟਰੂਡੋ ਦੀ ਲਿਬਰਲ ਪਾਰਟੀ ਦੀ ਸਰਕਾਰ ਬਨਾਉਣ ਦੇ ਵਿੱਚ ਹਮਾਇਤ ਕੀਤੀ ਗਈ ਹੈ ਅਤੇ ਜਗਮੀਤ ਸਿੰਘ ਸਰਕਾਰ ਬਣਾਉਣ ਵਿੱਚ ਕਿੰਗਮੇਕਰ ਬਣੇ ਹਨ। ਐਨ ਡੀ ਪੀ ਨੇ ਤਾਜ਼ੀ ਚੋਣਾ ਦੇ ਵਿੱਚ 27 ਸੀਟਾਂ ਜਿੱਤੀਆਂ ਹਨ। ਟਰੂਡੋ ਨੂੰ ਕੋਈ ਵੀ ਕਾਨੂੰਨ ਪਾਸ ਕਰਾਉਣ ਲਈ ਨਿਊ ਡੈਮੋਕਰੇਟਿਕ ਪਾਰਟੀ (ਐਨ ਡੀ ਪੀ)’ਤੇ ਨਿਰਭਰ ਰਹਿਣਾ ਪਏਗਾ। ਪਿਛਲੀ ਸਰਕਾਰ ਵੇਲੇ ਐਨ ਡੀ ਪੀ ਲਿਬਰਲਾਂ ਦਾ ਸਮਰਥਨ ਕਰਦੀ ਰਹੀ ਹੈ, ਪਰ ਇਸ ਵਾਰ ਜਗਮੀਤ ਸਿੰਘ ਨੇ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਲਿਬਰਲ ਪਾਰਟੀ ਨੇ ਕੋਈ ਗ਼ਲਤ ਫ਼ੈਸਲਾ ਲਿਆ ਜਾਂ ਕੋਈ ਅਜਿਹਾ ਕੰਮ ਕੀਤਾ, ਜਿਸ ਨਾਲ ਕੈਨੇਡੀਅਨ ਲੋਕਾਂ ਦਾ ਦਿਲ ਦੁਖੇ ਤਾਂ ਐਨਡੀਪੀ ਉਸ ਦੇ ਵਿਰੁੱਧ ਵੋਟ ਪਾਏਗੀ। ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵ ਪਾਰਟੀ ਨੂੰ 122 ਸੀਟਾਂ ਮਿਲੀਆਂ ਅਤੇ ਇਸ ਵਾਰ 17 ਭਾਰਤੀਆਂ ਨੇ ਕੈਨੇਡੀਅਨ ਚੋਣਾਂ ਜਿੱਤੀਆਂ ਹਨ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੈਨਕੂਵਰ ਸਾਊਥ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੁਖਬੀਰ ਗਿੱਲ ਨੂੰ ਹਰਾਇਆ। ਟਰੂਡੋ ਨੇ ਇਸ ਵਾਰ ਵੀ ਸਮੇਂ ਤੋਂ ਪਹਿਲਾਂ ਜਲਦੀ ਚੋਣਾਂ ਕਰਵਾਉਣ ਦਾ ਜੂਆ ਖੇਡਿਆ ਸੀ ਪਰ ਇਹ ਟਰੂਡੋ ਨੂੰ ਸਪੱਸ਼ਟ ਬਹੁਮਤ ਦਿਵਾਉਣ ਲਈ ਇਹ ਜਿਆਦਾ ਕਾਰਗਰ ਸਾਬਤ ਨਹੀਂ ਹੋਇਆ।