
ਨੇਪਾਲ ਅਤੇ ਚੀਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਨੇ ਰਾਹਤ ਅਤੇ ਮਨੁੱਖੀ ਸਹਾਇਤਾ ਲਈ ਤੇਜ਼ੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੇ ਪ੍ਰਭਾਵਿਤ ਭਾਈਚਾਰਿਆਂ ਲਈ ਸ਼ੁਰੂਆਤੀ ਤੌਰ ‘ਤੇ 5 ਮਿਲੀਅਨ ਡਾਲਰ ਦੀ ਮਨੁੱਖੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਸਟ੍ਰੇਲੀਅਨ ਨਾਗਰਿਕਾਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਤੁਰੰਤ ਕੌਂਸਲਰ ਸਹਾਇਤਾ ਦੀ ਲੋੜ ਹੈ ਤਾਂ ਉਹ DFAT ਦੇ Consular Emergency Centre ਨਾਲ ਸੰਪਰਕ ਕਰਨ।
ਆਸਟ੍ਰੇਲੀਆ ਤੋਂ ਫੋਨ ਕਰਨ ਲਈ ਨੰਬਰ 1300 555 135 ਹੈ, ਜਦਕਿ ਵਿਦੇਸ਼ ਤੋਂ ਕਾਲ ਕਰਨ ਵਾਲੇ ਲੋਕ +61 2 6261 3305 ‘ਤੇ ਸੰਪਰਕ ਕਰ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਭਿਆਨਕ ਆਫ਼ਤ ਨਾਲ ਪ੍ਰਭਾਵਿਤ ਲੋਕਾਂ ਦੇ ਪਰਿਵਾਰਾਂ ਅਤੇ ਪਿਆਰਿਆਂ ਨਾਲ ਆਸਟ੍ਰੇਲੀਆ ਦੀਆਂ ਹਮਦਰਦੀਆਂ ਹਨ ਅਤੇ ਸਰਕਾਰ ਰਾਹਤ ਕਾਰਜਾਂ ਵਿੱਚ ਲੋੜੀਂਦੀ ਮਦਦ ਜਾਰੀ ਰੱਖੇਗੀ। ਸਰਕਾਰ ਦੀ ਇਸ ਸਮੇਂ ਸਭ ਤੋਂ ਵੱਡੀ ਤਰਜੀਹ ਲਾਪਤਾ ਆਸਟ੍ਰੇਲੀਅਨ ਨਾਗਰਿਕਾਂ ਦੀ ਸੁਰੱਖਿਆ ਅਤੇ ਸਥਿਤੀ ਦੀ ਪੁਸ਼ਟੀ ਕਰਨਾ ਅਤੇ ਪ੍ਰਭਾਵਿਤ ਭਾਈਚਾਰਿਆਂ ਤੱਕ ਜਲਦੀ ਤੋਂ ਜਲਦੀ ਮਨੁੱਖੀ ਸਹਾਇਤਾ ਪਹੁੰਚਾਉਣਾ ਹੈ।
ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ Penny Wong ਅਤੇ ਅੰਤਰਰਾਸ਼ਟਰੀ ਵਿਕਾਸ, ਛੋਟੇ ਕਾਰੋਬਾਰ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੀ ਮੰਤਰੀ Dr Anne Aly ਨੇ ਕਿਹਾ ਕਿ ਸਰਕਾਰ ਇਸ ਆਫ਼ਤ ਨਾਲ ਪ੍ਰਭਾਵਿਤ ਆਸਟ੍ਰੇਲੀਅਨ ਨਾਗਰਿਕਾਂ ਦੀ ਮਦਦ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਸਰਕਾਰ ਮੁਤਾਬਕ ਘੱਟੋ-ਘੱਟ 39 ਆਸਟ੍ਰੇਲੀਆਈ ਨਾਗਰਿਕਾਂ ਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਹੈ। ਆਸਟ੍ਰੇਲੀਅਨਅਧਿਕਾਰੀ ਉਨ੍ਹਾਂ ਦੀ ਸੁਰੱਖਿਆ ਅਤੇ ਸਥਿਤੀ ਬਾਰੇ ਪਤਾ ਲਗਾਉਣ ਲਈ ਤੁਰੰਤ ਕੰਮ ਕਰ ਰਹੇ ਹਨ ਅਤੇ ਪ੍ਰਭਾਵਿਤ ਲੋਕਾਂ ਨੂੰ ਲੋੜੀਂਦੀ ਮਦਦ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਸਟ੍ਰੇਲੀਅਨ ਸਰਕਾਰ ਨੇ ਕਿਹਾ ਹੈ ਕਿ ਇਸ ਆਫ਼ਤ ਦਾ ਪੈਮਾਨਾ ਬਹੁਤ ਵੱਡਾ ਹੈ ਅਤੇ ਪ੍ਰਭਾਵਿਤ ਇਲਾਕੇ ਕਾਫ਼ੀ ਦੂਰ-ਦੁਰਾਡੇ ਹਨ। ਇਸ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਵੱਡੀਆਂ ਮੁਸ਼ਕਲਾਂ ਆ ਰਹੀਆਂ ਹਨ। ਹੜ੍ਹਾਂ ਨੇ ਸਰਹੱਦ ਦੇ ਦੋਵੇਂ ਪਾਸਿਆਂ ਵੱਸਦੇ ਭਾਈਚਾਰਿਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਕਈ ਪਿੰਡ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ, ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਅਤੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਕਈ ਸੜਕਾਂ ਅਤੇ ਪੁਲ ਨਸ਼ਟ ਹੋਣ ਕਾਰਨ ਬਹੁਤ ਸਾਰੇ ਇਲਾਕੇ ਅਜੇ ਵੀ ਬਾਕੀ ਖੇਤਰਾਂ ਤੋਂ ਕੱਟੇ ਹੋਏ ਹਨ। ਇਸ ਕਰਕੇ ਉੱਥੇ ਖਾਣਾ, ਪਾਣੀ ਅਤੇ ਹੋਰ ਜ਼ਰੂਰੀ ਸਾਮਾਨ ਪਹੁੰਚਾਉਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ।
Department of Foreign Affairs and Trade (DFAT) ਵੱਲੋਂ ਆਫ਼ਤ ਨਾਲ ਪ੍ਰਭਾਵਿਤ ਆਸਟ੍ਰੇਲੀਆਈ ਨਾਗਰਿਕਾਂ ਦੀ ਸਹਾਇਤਾ ਲਈ ਵਾਧੂ ਅਧਿਕਾਰੀ ਭੇਜੇ ਜਾ ਰਹੇ ਹਨ। ਕਾਠਮੰਡੂ ਸਥਿਤ ਆਸਟ੍ਰੇਲੀਅਨ ਦੂਤਾਵਾਸ ਦੇ ਸਟਾਫ਼ ਤੋਂ ਇਲਾਵਾ ਇੱਕ Crisis Response Team (CRT) ਮੈਂਬਰ ਅਤੇ ਇੱਕ Regional Consular Officer ਵੀ ਕਾਠਮੰਡੂ ਪਹੁੰਚ ਚੁੱਕੇ ਹਨ। ਸਰਕਾਰ ਨੇ ਕਿਹਾ ਹੈ ਕਿ ਹੋਰ ਖੇਤਰੀ ਅਧਿਕਾਰੀ ਅਤੇ Crisis Response Team ਦੀ ਵਾਧੂ ਸਹਾਇਤਾ ਵੀ ਜਲਦ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਗਲੇ 48 ਘੰਟਿਆਂ ਵਿੱਚ ਤਿੰਨ ਮਨੁੱਖੀ ਸਹਾਇਤਾ ਮਾਹਿਰਾਂ ਦੀ ਇੱਕ ਟੀਮ ਵੀ ਭੇਜੀ ਜਾਵੇਗੀ। ਇਹ ਟੀਮ ਪਹਿਲਾਂ ਤੋਂ ਮੌਜੂਦ ਆਸਟ੍ਰੇਲੀਆਈ ਸਟਾਫ਼ ਨਾਲ ਮਿਲ ਕੇ ਰਾਹਤ ਕਾਰਜਾਂ ਵਿੱਚ ਮਦਦ ਕਰੇਗੀ। ਇਹ ਮਾਹਿਰ Australia Assists program ਨਾਲ ਸਬੰਧਤ ਹਨ ਅਤੇ ਉਨ੍ਹਾਂ ਕੋਲ ਮਨੁੱਖੀ ਸਹਾਇਤਾ ਦਾ ਮੁਲਾਂਕਣ, ਸਾਮਾਨ ਦੀ ਆਵਾਜਾਈ, ਸੰਚਾਰ ਅਤੇ ਰਾਹਤ ਕਾਰਜਾਂ ਦੀ ਯੋਜਨਾ ਬਣਾਉਣ ਦਾ ਤਜਰਬਾ ਹੈ।
ਆਸਟ੍ਰੇਲੀਆ ਸਰਕਾਰ ਵੱਲੋਂ ਐਲਾਨੀ ਗਈ 5 ਮਿਲੀਅਨ ਡਾਲਰ ਦੀ ਰਕਮ ਮੌਜੂਦਾ ਐਮਰਜੈਂਸੀ ਰਾਹਤ ਅਤੇ ਬਾਅਦ ਵਿੱਚ ਇਲਾਕਿਆਂ ਨੂੰ ਮੁੜ ਖੜ੍ਹਾ ਕਰਨ ਦੇ ਕੰਮ ਲਈ ਵਰਤੀ ਜਾਵੇਗੀ। ਇਹ ਪੈਸਾ ਪਹਿਲਾਂ ਤੋਂ ਸਥਾਪਤ ਭਾਈਵਾਲ ਸੰਸਥਾਵਾਂ ਰਾਹੀਂ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਸ ਨਾਲ ਲੋਕਾਂ ਨੂੰ ਖਾਣਾ, ਐਮਰਜੈਂਸੀ ਰਹਿਣ ਲਈ ਥਾਂ, ਸਾਫ਼ ਪਾਣੀ ਅਤੇ ਸਫ਼ਾਈ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ।
ਸਹਾਇਤਾ ਪੈਕੇਜ ਦੀ ਵੰਡ ਇਸ ਤਰ੍ਹਾਂ ਕੀਤੀ ਗਈ ਹੈ:
- 2 ਮਿਲੀਅਨ ਡਾਲਰ World Food Programme (WFP) ਨੂੰ ਦਿੱਤੇ ਜਾਣਗੇ। WFP ਪਹਿਲਾਂ ਹੀ ਨੇਪਾਲ ਦੇ ਐਮਰਜੈਂਸੀ ਰਾਹਤ ਕਾਰਜਾਂ ਲਈ ਖਾਣੇ ਦੇ ਪੈਕੇਟ ਅਤੇ ਲੌਜਿਸਟਿਕ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ।
- 2 ਮਿਲੀਅਨ ਡਾਲਰ Australian Humanitarian Partnership ਰਾਹੀਂ ਆਸਟ੍ਰੇਲੀਆਈ ਗੈਰ-ਸਰਕਾਰੀ ਸੰਸਥਾਵਾਂ (NGOs) ਨੂੰ ਦਿੱਤੇ ਜਾਣਗੇ। ਇਸ ਰਾਹੀਂ ਐਮਰਜੈਂਸੀ ਸ਼ੈਲਟਰ, ਸਫ਼ਾਈ ਕਿੱਟਾਂ, ਕੰਬਲ, ਮੈਡੀਕਲ ਸਹਾਇਤਾ ਅਤੇ ਮਾਨਸਿਕ ਤੇ ਸਮਾਜਿਕ ਸਹਾਇਤਾ ਦਿੱਤੀ ਜਾਵੇਗੀ।
- 1 ਮਿਲੀਅਨ ਡਾਲਰ Emergency Action Alliance ਨੂੰ ਦਿੱਤੇ ਜਾਣਗੇ। ਇਹ ਰਕਮ ਪ੍ਰਭਾਵਿਤ ਇਲਾਕਿਆਂ ਵਿੱਚ ਸਥਾਨਕ ਪੱਧਰ ‘ਤੇ ਹੋਣ ਵਾਲੇ ਰਾਹਤ, ਮੁੜ ਵਸੇਬੇ ਅਤੇ ਪੁਨਰ-ਨਿਰਮਾਣ ਦੇ ਕੰਮਾਂ ਵਿੱਚ ਮਦਦ ਕਰੇਗੀ।
ਆਸਟ੍ਰੇਲੀਆ ਸਰਕਾਰ ਲਈ ਇਸ ਸਮੇਂ ਇੱਕ ਵੱਡੀ ਤਰਜੀਹ ਹੜ੍ਹਾਂ ਨਾਲ ਪ੍ਰਭਾਵਿਤ ਅਤੇ ਲਾਪਤਾ ਆਸਟ੍ਰੇਲੀਅਨ ਨਾਗਰਿਕਾਂ ਦੀ ਸਥਿਤੀ ਬਾਰੇ ਪਤਾ ਲਗਾਉਣਾ ਹੈ। ਸਰਕਾਰ ਨੇ ਕਿਹਾ ਹੈ ਕਿ ਅਧਿਕਾਰੀ ਲਾਪਤਾ ਦੱਸੇ ਜਾ ਰਹੇ ਲੋਕਾਂ ਦੀ ਸੁਰੱਖਿਆ ਦੀ ਪੁਸ਼ਟੀ ਕਰਨ ਅਤੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ, ਉਨ੍ਹਾਂ ਤੱਕ ਸਹਾਇਤਾ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ। ਜਿਹੜੇ ਆਸਟ੍ਰੇਲੀਅਨ ਲੋਕ ਇਸ ਰਾਹਤ ਕਾਰਜ ਵਿੱਚ ਦਾਨ ਦੇ ਕੇ ਮਦਦ ਕਰਨਾ ਚਾਹੁੰਦੇ ਹਨ, ਉਹ Emergency Action Alliance ਰਾਹੀਂ ਆਪਣਾ ਯੋਗਦਾਨ ਦੇ ਸਕਦੇ ਹਨ।
