FinanceBusinessArticlesAustralia & New Zealand

ਹੋਰ ਵੀ ਹੋ ਸਕਦਾ ਆਸਟ੍ਰੇਲੀਅਨ ਰਿਜ਼ਰਵ ਬੈਂਕ ਵਲੋਂ ਵਿਆਜ ਦਰਾਂ ‘ਚ ਵਾਧਾ !

ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਨੇ 5 ਮਈ 2026 ਨੂੰ ਵਿਆਜ ਦਰਾਂ ਨੂੰ 0.25 ਬੇਸਿਸ ਪੁਆਇੰਟ ਵਧਾ ਕੇ 4.35 ਪ੍ਰਤੀਸ਼ਤ ਕਰ ਦਿੱਤਾ ਹੈ ਜੋ ਪਹਿਲਾਂ 4.1 ਪ੍ਰਤੀਸ਼ਤ ਸੀ। ਰਿਜ਼ਰਵ ਬੈਂਕ ਆਫ਼ ਦੇ ਵਲੋਂ ਇਸ ਸਾਲ ਫ਼ਰਵਰੀ ਅਤੇ ਮਾਰਚ ਤੋਂ ਬਾਅਦ ਇਹ ਤੀਜੀ ਵਾਰ ਵਾਧਾ ਕੀਤਾ ਗਿਆ ਹੈ। ਰਿਜ਼ਰਵ ਬੈਂਕ ਨੇ ਇੰਝ ਕਰਦਿਆਂ ਜਿਆਦਾ ਮਹਿੰਗਾਈ ਅਤੇ ‘ਪੂਰੇ ਅਰਥਚਾਰੇ ਉਪਰ ਸਮਰੱਥਾ ਦਬਾਅ’ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਇੱਕ ਤੰਗ ਲੇਬਰ ਮਾਰਕਿਟ ਵੀ ਸ਼ਾਮਲ ਹੈ। ਘਰੇਲੂ ਕਰਜ਼ਿਆਂ ਨਾਲ ਸਬੰਧਤ ਸਾਰੇ ਬਦਲਾਅ 15 ਮਈ ਤੋਂ ਲਾਗੂ ਹੋਣਗੇ।

ਰਿਜ਼ਰਵ ਬੈਂਕ ਦੇ ਇਸ ਫੈਸਲੇ ਨਾਲ ਵਿਆਜ ਦਰਾਂ ਮੁੜ ਉਸੇ ਲੈਵਲ ‘ਤੇ ਆ ਗਈਆਂ ਹਨ ਜਿੱਥੇ ਇਹ ਫ਼ਰਵਰੀ 2025 ਦੇ ਵਿੱਚ ਸਨ। ਆਸਟ੍ਰੇਲੀਆ ਦੇ ਵੱਡੇ ਬੈਂਕ ਇਸ ਵਾਧੇ ਨੂੰ ਅੱਗੇ ਵਧਾ ਰਹੇ ਹਨ ਜਿਸ ਨਾਲ ਉਧਾਰ ਲੈਣ ਵਾਲਿਆਂ ਲਈ ਲਾਗਤਾਂ ਵਿੱਚ ਕਾਫ਼ੀ ਵਾਧਾ ਹੋ ਰਿਹਾ ਹੈ। ਇਸ ਨਾਲ ਘਰਾਂ ਦੇ ਲਈ ਬੈਂਕਾਂ ਤੋਂ ਲਏ ਹੋਏ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਦੇ ਵਿੱਚ ਹੋਰ ਬੋਝ ਪੈ ਜਾਵੇਗਾ। ਮਿਸਾਲ ਦੇ ਤੌਰ ‘ਤੇ 500,000 ਡਾਲਰ ਦੇ ਕਰਜ਼ੇ ‘ਤੇ ਹਰ ਮਹੀਨੇ ਲਗਭਗ 80 ਡਾਲਰ ਤੋਂ 117 ਡਾਲਰ ਦਾ ਵਾਧਾ ਹੋ ਜਾਵੇਗਾ। ਹਾਲਾਂਕਿ ਇਹ ਵਾਧਾ ਤੁਰੰਤ ਦਬਾਅ ਨਾਲ ਨਜਿੱਠਣ ਦੇ ਲਈ ਹੀ ਸੀ, ਰਿਜ਼ਰਵ ਬੈਂਕ ਨੇ ਇਹ ਵੀ ਕਿਹਾ ਹੈ ਕਿ ਇਹ ਪੱਧਰ ਉਹਨਾਂ ਨੂੰ ਰੁਕਣ ਅਤੇ ਆਰਥਿਕ ਸਥਿਤੀਆਂ ਉਪਰ ਨਿਗਰਾਨੀ ਕਰਨ ਲਈ ਜਗ੍ਹਾ ਦਿੰਦਾ ਹੈ, ਹਾਲਾਂਕਿ ਅੱਗੇ ਹੋਰ ਵਾਧਾ ਵੀ ਹੋ ਸਕਦਾ ਹੈ।

ਆਸਟ੍ਰੇਲੀਅਨ ਰਿਜ਼ਰਵ ਬੈਂਕ ਦਾ ਇਹ ਤਾਜ਼ਾ ਨੀਤੀਗਤ ਫੈਸਲਾ ਬਹੁਮਤ ਦੁਆਰਾ ਲਿਆ ਗਿਆ ਜਿਸ ਲਈ 8 ਮੈਂਬਰਾਂ ਨੇ ਨਕਦੀ ਦਰ ਨੂੰ 25 ਅਧਾਰ ਅੰਕ ਵਧਾ ਕੇ 4.35 ਪ੍ਰਤੀਸ਼ਤ ਕਰਨ ਦੇ ਹੱਕ ਵਿੱਚ ਵੋਟ ਦਿੱਤੀ ਜਦਕਿ ਸਿਰਫ਼ ਇੱਕ ਮੈਂਬਰ ਨੇ ਹੀ ਨਕਦ ਦਰ ਦੇ ਟੀਚੇ ਨੂੰ 4.10 ਪ੍ਰਤੀਸ਼ਤ ‘ਤੇ ਬਿਨਾਂ ਕਿਸੇ ਬਦਲਾਅ ਦੇ ਰੱਖੇ ਜਾਣ ਦੀ ਹਮਾਇਤ ਕੀਤੀ।

ਮਿਡਲ ਈਸਟ ਦੇ ਵਿੱਚ ਚੱਲ ਰਹੇ ਯੁੱਧ ਦੇ ਕਾਰਣ 1970 ਤੋਂ ਬਾਅਦ ਪੂਰੀ ਦੁਨੀਆਂ ਨੂੰ ਵੱਡੇ ਊਰਜਾ ਸੰਕਟ ਦਾ ਸ੍ਹਾਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ਦੇ ਹਫ਼ਤਿਆਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ 120 ਅਮਰੀਕਨ ਡਾਲਰ ਪ੍ਰਤੀ ਬੈਰਲ ਤੋਂ ਵੱਧ ਹੋ ਗਈਆਂ ਹਨ। ਨਤੀਜੇ ਵਜੋਂ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਕਾਰਣ ਆਸਟ੍ਰੇਲੀਆ ਵਿੱਚ ਮਹਿੰਗਾਈ ਤੇਜ਼ੀ ਨਾਲ ਵਧੀ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਮਹਿੰਗਾਈ ਹੋਰ ਵੀ ਜਿਆਦਾ ਹੋ ਜਾਵੇਗੀ। ਜੇਕਰ ਮਿਡਲ ਈਸਟ ਦੇ ਵਿੱਚ ਯੁੱਧ ਲੰਬੇ ਸਮੇਂ ਤੱਕ ਜਾਰੀ ਰਹਿੰਦਾ ਹੈ ਅਤੇ ਹੋਰਮੁਜ਼ ਜਲਡਮਰੂ ਤੇਲ ਮਾਰਗ ਲੰਬੇ ਸਮੇਂ ਤੱਕ ਬੰਦ ਰਹਿੰਦਾ ਹੈ ਤਾਂ ਊਰਜਾ ਬੁਨਿਆਦੀ ਢਾਂਚੇ ਅਤੇ ਉਤਪਾਦਨ ਨੂੰ ਹੋਰ ਵੀ ਨੁਕਸਾਨ ਹੋ ਸਕਦਾ ਹੈ। ਆਸਟ੍ਰੇਲੀਅਨ ਰਿਜ਼ਰਵ ਬੈਂਕ ਦਾ ਮੰਨਣਾ ਹੈ ਕਿ ਊਰਜਾ ਦੀਆਂ ਕੀਮਤਾਂ ਜਲਦੀ ਹੀ ਤੇਜ਼ੀ ਨਾਲ ਵਧਣਗੀਆਂ ਅਤੇ ਕੁੱਝ ਸਮੇਂ ਲਈ ਹੋਰ ਜਿਆਦਾ ਹੋਣਗੀਆਂ। ਜੇ ਯੁੱਧ ਲੰਬਾ ਚੱਲਦਾ ਹੈ ਤਾਂ ਆਸਟ੍ਰੇਲੀਆ ਵਿੱਚ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਹਾਲਾਤ ਹੋਰ ਵਿਗੜਨਗੇ। ਇਥੇ ਇਹ ਵੀ ਦੇਖਣਾ ਹੋਵੇਗਾ ਕਿ ਲੰਬਾ ਸਮਾਂ ਚੱਲਣ ਵਾਲੇ ਯੁੱਧ ਵਾਲੇ ਹਾਲਾਤ ਆਸਟ੍ਰੇਲੀਆ ਵਿੱਚ ਸਮੁੱਚੀ ਮੰਗ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ।

ਇੱਕ ਵਪਾਰਕ ਸਰਵੇਖਣ ਵਿੱਚ ਇਹ ਪਾਇਆ ਗਿਆ ਹੈ ਕਿ ਇਸ ਸਾਲ ਮਾਰਚ ਵਿੱਚ ਵਪਾਰਕ ਵਿਸ਼ਵਾਸ ਵਿੱਚ ਸਰਵੇਖਣ ਦੇ ਇਤਿਹਾਸ ਵਿੱਚ ਦੂਜੀ ਸਭ ਤੋਂ ਵੱਡੀ ਮਹੀਨਾਵਾਰ ਗਿਰਾਵਟ ਆਈ, ਜੋ ਆਉਣ ਵਾਲੇ ਮਹੀਨਿਆਂ ਵਿੱਚ ਵਪਾਰਕ ਗਤੀਵਿਧੀ ਲਈ ਇੱਕ ਮਾੜਾ ਸੰਕੇਤ ਹੈ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਸ ਮਾਹੌਲ ਵਿੱਚ ਵਪਾਰਕ ਵਿਸ਼ਵਾਸ ਨੂੰ ਸਮਰਥਨ ਦੇਣ ਲਈ ਮਹਿੰਗਾਈ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਇਹ ਅਨੁਮਾਨ ਵੀ ਲਗਾਏ ਜਾ ਰਹੇ ਹਨ ਕਿ ਇਸ ਸਾਲ ਦੇ ਅੰਤ ਤੱਕ ਆਰਥਿਕ ਵਿਕਾਸ ਦੀ ਸਾਲਾਨਾ ਦਰ ਮੌਜੂਦਾ 2.6 ਪ੍ਰਤੀਸ਼ਤ ਤੋਂ ਅੱਧੀ ਘਟ ਕੇ 1.3 ਪ੍ਰਤੀਸ਼ਤ ਰਹਿ ਜਾਵੇਗੀ। ਇਸ ਦੇ ਨਾਲ ਹੀ ਇਹ ਖਦਸ਼ਾ ਵੀ ਹੈ ਕਿ ਅਗਲੇ ਦੋ ਸਾਲਾਂ ਵਿੱਚ ਬੇਰੁਜ਼ਗਾਰੀ ਦਰ 4.3 ਪ੍ਰਤੀਸ਼ਤ ਤੋਂ ਵੱਧ ਕੇ 4.7 ਪ੍ਰਤੀਸ਼ਤ ਹੋ ਜਾਵੇਗੀ।

Related posts

ਪੰਜਾਬ ਵਿੱਚ ਜਨਮ ਦਰ ਅਤੇ ਬੱਚੇ ਪੈਦਾ ਕਰਨ ਦੀ ਸਮਰੱਥਾ ਬਹੁਤ ਘੱਟ ਹੈ !

admin

SIR ਦਾ ਆਚਰਣ ਪੂਰੀ ਤਰ੍ਹਾਂ ਕਾਨੂੰਨੀ ਹੈ : ਸੁਪਰੀਮ

admin

ਗੰਨੇ ਦੀ ਕਾਸ਼ਤ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ !

admin