ArticlesPunjabPollywood

ਸੱਚ ਜਾਂ ਝੂਠ : ਪੰਜਾਬੀ ਗਾਇਕ ਦਿਲਜੀਤ ਦੇ ਮੈਨੇਜਰ ਗੁਰਪ੍ਰਤਾਪ ਸਿੰਘ ਕੰਗ ਦੇ ਘਰ ‘ਤੇ ਗੋਲੀਬਾਰੀ ?

ਗੁਰਪ੍ਰੀਤ ਸਿੰਘ ਕੰਗ, ਪੰਜਾਬੀ ਗਾਇਕ ਦਿਲਜੀਤ ਦਾ ਮੈਨੇਜਰ।

ਕਰਨਾਲ  – ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਗੌਂਡਰ ਦੇ ਰਣਜੀਤ ਨਗਰ ਵਿੱਚ ਪੁਲਿਸ ਨੂੰ ਗੁਰਪ੍ਰਤਾਪ ਸਿੰਘ ਕੰਗ ਦੇ ਘਰ ‘ਤੇ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਪੂਰੀ ਕੀਤੀ। ਇਸ ਮੌਕੇ ਸਪੈਸ਼ਲ ਟਾਸਕ ਫੋਰਸ ਅਤੇ ਸੀਆਈਏ ਟੀਮਾਂ ਵੀ ਪਹੁੰਚੀਆਂ। ਜਾਂਚ ਟੀਮਾਂ ਦੇ ਵਲੋਂ ਗੋਲੀਬਾਰੀ ਵਾਰੇ ਪੂਰੀ ਪੁੱਛਗਿੱਛ ਕੀਤੀ ਅਤੇ ਗੋਲੀਆਂ ਦੇ ਖਾਲੀ ਖੋਲਾਂ ਦੀ ਤਲਾਸ਼ ਵੀ ਕੀਤੀ ਗਈ, ਪਰ ਮੌਕੇ ਤੋਂ ਪੁਲਿਸ ਨੂੰ ਗੋਲੀ ਦਾ ਇਕ ਵੀ ਖੋਲ ਬਰਾਮਦ ਨਹੀਂ ਹੋਇਆ। ਇਸ ਘਟਨਾ ਨੂੰ ਝੂਠੀ ਅਤੇ ਅਫਵਾਹ ਦੱਸਿਆ ਹੈ। ਗੌਂਡਰ ਪਿੰਡ ਦੇ ਸਾਬਕਾ ਸਰਪੰਚ ਜੋਗਾ ਸਿੰਘ ਨੇ ਵੀ ਕੋਈ ਵੀ ਗੋਲੀ ਨਾ ਚੱਲਣ ਅਤੇ ਗੋਲੀ ਚੱਲਣ ਦੀਆਂ ਖ਼ਬਰਾਂ ਨੂੰ ਝੂਠੀਆਂ ਅਤੇ ਅਫ਼ਵਾਹ ਫੈਲਾਉਣ ਵਾਲੀਆਂ ਦੱਸਿਆ ਹੈ।

ਵਰਨਣਯੋਗ ਹੈ ਕਿ ਗੁਰਪ੍ਰਤਾਪ ਸਿੰਘ ਕੰਗ ਅਕਸਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਨਾਲ ਰਹਿੰਦਾ ਹੈ ਅਤੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਮੈਨੇਜਰ ਹੈ। ਹਰਿਆਣਾ ਦੇ ਕਰਨਾਲ ਨੇੜਲੇ ਗੌਂਡਰ ਪਿੰਡ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਮੈਨੇਜਰ ਗੁਰਪ੍ਰਤਾਪ ਕੰਗ ਦੇ ਘਰ ‘ਤੇ ਕੱਲ੍ਹ ਗੋਲੀਆਂ ਚੱਲਣ ਦੀ ਖਬਰ ਨੇ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਦਿੱਤਾ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਪੋਸਟ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਕਥਿਤ ਤੌਰ ‘ਤੇ ਜੁੜੇ ਟਾਇਸਨ ਬਿਸ਼ਨੋਈ ਅਤੇ ਆਰਜੂ ਬਿਸ਼ਨੋਈ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਸੀ। ਲਾਰੈਂਸ ਬਿਸ਼ਨੋਈ ਗੈਂਗ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਸੀ ਕਿ ਗੋਲੀਬਾਰੀ ਇੱਕ ਚੇਤਾਵਨੀ ਵਜੋਂ ਕੀਤੀ ਗਈ ਸੀ। ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਗਿਆ ਸੀ ਕਿ,”ਅੱਜ ਆਸਟਰੀਆ ਵਿੱਚ ਬਣੇ ਬ੍ਰਸਟ ਨੂੰ ਮੈਂ ਟਾਈਸਨ ਬਿਸ਼ਨੋਈ ਅਤੇ ਮੇਰਾ ਭਰਾ ਆਰਜੂ ਬਿਸ਼ਨੋਈ ਅਤੇ ਹਰੀ ਬਾਕਸਰ ਦਿਲਜੀਤ ਦੋਸਾਂਝ ਦੇ ਮੈਨੇਜਰ ਗੁਰਪ੍ਰਤਾਪ ਕੰਗ ਦੇ ਘਰ (ਗੌਂਡਰ ਪਿੰਡ, ਹਰਿਆਣਾ) ਲੈ ਗਏ। ਅਸੀਂਂ ਇਸ ਗਾਇਕ ਦਿਲਜੀਤ ਅਤੇ ਉਸਦੀ ਮੈਨੇਜਰ ਸੋਨਾਲੀ ਅਤੇ ਗੁਰਪ੍ਰਤਾਪ ਨੂੰ ਸੁਨੇਹਾ ਦਿੱਤਾ ਸੀ। ਅਸੀਂ ਨਾ ਤਾਂ ਤੁਹਾਡੇ ਤੋਂ ਕੋਈ ਫਿਰੌਤੀ ਮੰਗੀ ਹੈ ਨਾ ਹੀ ਕੋਈ ਵਿੱਤੀ ਲਾਭ ਲਿਆ ਹੈ, ਨਾ ਹੀ ਕਦੇ ਤੁਹਾਨੂੰ ਕਿਸੇ ਕੰਮ ਲਈ ਪਰੇਸ਼ਾਨ ਕੀਤਾ ਹੈ। ਅਸੀਂ ਸੁਨੇਹਾ ਦਿੱਤਾ ਹੈ ਕਿ ਤੁਹਾਡਾ ਇਹ ਕਰਮਚਾਰੀ (ਗੁਰਪ੍ਰਤਾਪ ਕੰਗ) ਕੁੜੀਆਂ ਦਾ ਸ਼ੋਸ਼ਣ ਕਰਦਾ ਹੈ, ਤੁਹਾਡੇ ਸ਼ੋਅ ‘ਤੇ ਮਿਲਦਾ ਹੈ ਅਤੇ ਉਨ੍ਹਾਂ ਦਾ ਫਾਇਦਾ ਉਠਾਉਂਦਾ ਹੈ।”

ਇਸੇ ਦੌਰਾਨ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਝ ਦੇ ਮੈਨੇਜਰ ਦੇ ਘਰ ਹੋਈ ਫਾਇਰਿੰਗ ਦੀਆਂ ਖਬਰਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਅਨੁਰਾਗ ਢਾਂਡਾ ਨੇ ਸੋਸ਼ਲ ਮੀਡੀਆ ਰਾਹੀਂ ਬੀਜੇਪੀ ‘ਤੇ ਨਿਸ਼ਾਨਾ ਸਾਧਦਿਆਂ ਦਾਅਵਾ ਕੀਤਾ ਸੀ ਕਿ, “ਇਹ ਮਹਿਜ਼ ਇੱਕ ਇਤਫ਼ਾਕ ਨਹੀਂ ਹੈ ਸਗੋਂ ਇਸ ਦੇ ਪਿੱਛੇ ਭਾਜਪਾ ਦੀ ਪੰਜਾਬ ਵਿਰੋਧੀ ਸੋਚ ਕੰਮ ਕਰ ਰਹੀ ਹੈ। ਢਾਂਡਾ ਨੇ ਦਾਅਵਾ ਕੀਤਾ ਸੀ ਕਿ ਕੁੱਝ ਦਿਨ ਪਹਿਲਾਂ ਹੀ ਦਿਲਜੀਤ ਦੋਸਾਝ ਨੂੰ ਬੀਜੇਪੀ ਜੁਆਇਨ ਕਰਨ ਦਾ ਆਫ਼ਰ ਮਿਲਿਆ ਸੀ ਜਿਸ ਨੂੰ ਦਿਲਜੀਤ ਨੇ ਸਾਫ਼ ਮਨ੍ਹਾ ਕਰ ਦਿੱਤਾ ਸੀ। ਅਨੁਰਾਗ ਢਾਂਡਾ ਨੇ ਅੱਗੇ ਇਲਜ਼ਾਮ ਲਗਾਇਆ ਸੀ ਕਿ ਦਿਲਜੀਤ ਵੱਲੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਅਤੇ ਕਥਿਤ ਤੌਰ ‘ਤੇ ਸਿਆਸੀ ਸੁਰੱਖਿਆ ਪ੍ਰਾਪਤ ਗੈਂਗਸਟਰ ਲਾਰੈਂਸ ਬਿਸ਼ਨੋਈ ਰਾਹੀਂ ਦਿਲਜੀਤ ਦੇ ਮੈਨੇਜਰ ਦੇ ਘਰ ਫਾਇਰਿੰਗ ਕਰਵਾਈ ਗਈ। ਬੀਜੇਪੀ ਪੰਜਾਬੀਆਂ ਨੂੰ ਡਰਾ-ਧਮਕਾ ਕੇ ਉਨ੍ਹਾਂ ‘ਤੇ ਰਾਜ ਕਰਨਾ ਚਾਹੁੰਦੀ ਹੈ ਪਰ ਪੰਜਾਬ ਦੇ ਲੋਕ ਅਜਿਹੀਆਂ ਚਾਲਾਂ ਤੋਂ ਡਰਨ ਵਾਲੇ ਨਹੀਂ ਹਨ।”

Related posts

ਆਸਟ੍ਰੇਲੀਆਨ ਬਜਟ 2026 : ਸੁਧਾਰਾਂ ‘ਤੇ ਫ਼ੋਕਸ ਕਰਨ ਵਾਲਾ !

admin

ਪੰਜਾਬ ਕੈਬਨਿਟ ਵਿੱਚ ਫੇਰਬਦਲ : ਤਿੰਨ ਮੰਤਰੀਆਂ ਨੂੰ ਨਵੇਂ ਵਿਭਾਗ ਸੌਂਪੇ

admin

30 ਸਾਲਾ ਬਾਡੀ ਬਿਲਡਰ ਰਣ ਸਿੰਘ ਦੀ ਮੌਤ ਨਾਲ ਖੇਡ ਜਗਤ ਗਮਗੀਨ

admin