AutomobileBusinessArticlesAustralia & New ZealandBreaking NewsLatest NewsSportTechnology

GTA 6 ਵੀਡੀਓ ਗੇਮ ਲੋਕਪ੍ਰਿਯਤਾ ਅਤੇ ਕਮਾਈ ਦੇ ਨਵੇਂ ਰਿਕਾਰਡ ਕਾਇਮ ਕਰੇਗੀ !

Grand Theft Auto 6 (GTA 6) ਨੂੰ ਲੈ ਕੇ ਗੇਮ ਖੇਡਣ ਵਾਲਿਆਂ ਵਿੱਚ ਭਾਰੀ ਉਤਸ਼ਾਹ ਹੈ।

ਦੁਨੀਆ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਵੀਡੀਓ ਗੇਮਾਂ ਵਿੱਚ ਸ਼ਾਮਲ Grand Theft Auto 6 (GTA 6) ਨੂੰ ਲੈ ਕੇ ਗੇਮ ਖੇਡਣ ਵਾਲਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 13 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆ ਰਹੀ ਇਸ ਗੇਮ ਨੂੰ ਲੈ ਕੇ ਗੇਮਰਜ਼ ਇਸ ਨੂੰ ਖੇਡਣ ਲਈ ਹੁਣੇ ਤੋਂ ਤਿਆਰੀਆਂ ਕਰ ਰਹੇ ਹਨ। ਕੋਈ ਦਫ਼ਤਰ ਤੋਂ ਛੁੱਟੀ ਲੈ ਰਿਹਾ ਹੈ, ਕੋਈ ਸਵੇਰੇ ਜਲਦੀ ਉੱਠਣ ਲਈ ਅਲਾਰਮ ਲਗਾ ਰਿਹਾ ਹੈ ਅਤੇ ਕੋਈ ਗੇਮ ਜਲਦੀ ਖੇਡਣ ਲਈ ਆਪਣੇ ਕੰਸੋਲ ਦੀ ਲੋਕੇਸ਼ਨ ਬਦਲ ਰਿਹਾ ਹੈ।

ਇਸ ਗੇਮ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੀ ਰਿਲੀਜ਼ ਨੂੰ ਲੈ ਕੇ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ। ਰਿਪੋਰਟਾਂ ਮੁਤਾਬਕ ਇਸ ਗੇਮ ਤੋਂ ਸ਼ੁਰੂਆਤੀ ਦੌਰ ਵਿੱਚ ਹੀ ਵੱਡੀ ਕਮਾਈ ਹੋਣ ਦੀ ਉਮੀਦ ਹੈ। ਰਿਪੋਰਟਾਂ ਅਨੁਸਾਰ ਬ੍ਰਿਟੇਨ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ GTA 6 ਖੇਡਣ ਲਈ ਆਪਣੇ ਕੰਮ ਤੋਂ ਛੁੱਟੀ ਲਈ ਹੈ। ਕਈ ਲੋਕਾਂ ਨੇ ਤਾਂ ਆਪਣੀਆਂ ਛੁੱਟੀਆਂ ਦੀਆਂ ਅਰਜ਼ੀਆਂ ਵਿੱਚ ਸਾਫ਼ ਲਿਖਿਆ ਹੈ ਕਿ ਉਹ ਇਹ ਛੁੱਟੀ GTA 6 ਖੇਡਣ ਲਈ ਲੈ ਰਹੇ ਹਨ। ਕੁਝ ਗੇਮਰਾਂ ਨੇ ਰਿਲੀਜ਼ ਵਾਲੇ ਦਿਨ ਸਵੇਰੇ 5 ਵਜੇ ਉੱਠਣ ਲਈ ਅਲਾਰਮ ਵੀ ਲਗਾ ਲਏ ਹਨ, ਤਾਂ ਜੋ ਉਹ ਜਲਦੀ ਤੋਂ ਜਲਦੀ ਗੇਮ ਖੇਡਣਾ ਸ਼ੁਰੂ ਕਰ ਸਕਣ। ਐਚਆਰ ਸਾਫਟਵੇਅਰ ਕੰਪਨੀ ਬ੍ਰਾਈਟ ਐਚਆਰ ਦੇ ਅੰਕੜਿਆਂ ਮੁਤਾਬਕ ਬ੍ਰਿਟੇਨ ਦੀਆਂ ਲਗਭਗ 70 ਹਜ਼ਾਰ ਕੰਪਨੀਆਂ ਦੇ 12 ਲੱਖ ਤੋਂ ਵੱਧ ਕਰਮਚਾਰੀਆਂ ਨੇ ਗੇਮ ਦੀ ਰਿਲੀਜ਼ ਦੇ ਸਮੇਂ ਛੁੱਟੀ ਲਈ ਹੈ। ਇਨ੍ਹਾਂ ਵਿੱਚੋਂ 4.6 ਫ਼ੀਸਦੀ ਕਰਮਚਾਰੀਆਂ ਨੇ ਛੁੱਟੀ ਲੈਣ ਦਾ ਕਾਰਨ ਸਪੱਸ਼ਟ ਤੌਰ ’ਤੇ GTA 6 ਦੱਸਿਆ ਹੈ। ਇਹ ਅੰਕੜੇ ਦੱਸਦੇ ਹਨ ਕਿ ਗੇਮਿੰਗ ਦਾ ਸ਼ੌਕ ਹੁਣ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਅਤੇ ਕੰਮਕਾਜ ਨੂੰ ਵੀ ਪ੍ਰਭਾਵਿਤ ਕਰਨ ਲੱਗ ਪਿਆ ਹੈ।

GTA 6 ਦੀ ਮੰਗ ਰਿਲੀਜ਼ ਤੋਂ ਪਹਿਲਾਂ ਹੀ ਕਾਫ਼ੀ ਵਧ ਗਈ ਹੈ। ਰਿਪੋਰਟ ਵਿੱਚ ਦਿੱਤੇ ਸੈਂਸਰ ਟਾਵਰ ਦੇ ਅੰਕੜਿਆਂ ਮੁਤਾਬਕ ਗੇਮ ਨੂੰ ਲਗਭਗ 1.25 ਕਰੋੜ ਪ੍ਰੀ-ਆਰਡਰ ਮਿਲਣ ਦਾ ਅੰਦਾਜ਼ਾ ਹੈ। ਇਸ ਤੋਂ ਲਗਭਗ 1.18 ਅਰਬ ਡਾਲਰ ਦੀ ਕਮਾਈ ਹੋਣ ਦੀ ਉਮੀਦ ਜਤਾਈ ਗਈ ਹੈ। ਇਸ ਤਰ੍ਹਾਂ ਗੇਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਦੁਨੀਆ ਦੇ ਸਭ ਤੋਂ ਵੱਡੇ ਮਨੋਰੰਜਨ ਪ੍ਰਾਜੈਕਟਾਂ ਵਿੱਚ ਆਪਣੀ ਜਗ੍ਹਾ ਬਣਾਉਂਦੀ ਦਿਖਾਈ ਦੇ ਰਹੀ ਹੈ।

GTA 6 ਦਾ ਫਾਈਲ ਸਾਈਜ਼ ਲਗਭਗ 212 ਜੀਬੀ ਦੱਸਿਆ ਜਾ ਰਿਹਾ ਹੈ। ਇੰਨੀ ਵੱਡੀ ਗੇਮ ਡਾਊਨਲੋਡ ਕਰਨ ਲਈ ਤੇਜ਼ ਇੰਟਰਨੈੱਟ ਅਤੇ ਕਾਫ਼ੀ ਸਟੋਰੇਜ ਦੀ ਲੋੜ ਪਵੇਗੀ। ਇੰਟਰਨੈੱਟ ਸੇਵਾ ਦੇਣ ਵਾਲੀਆਂ ਕੰਪਨੀਆਂ ਨੇ ਵੀ ਗੇਮ ਦੀ ਰਿਲੀਜ਼ ਨੂੰ ਦੇਖਦੇ ਹੋਏ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਰਿਲੀਜ਼ ਦੇ ਸਮੇਂ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਗੇਮ ਡਾਊਨਲੋਡ ਕਰਨਗੇ, ਜਿਸ ਕਾਰਨ ਇੰਟਰਨੈੱਟ ਟ੍ਰੈਫਿਕ ਵਿੱਚ ਭਾਰੀ ਵਾਧਾ ਹੋ ਸਕਦਾ ਹੈ। ਇਸ ਨਾਲ ਨਜਿੱਠਣ ਲਈ ਕੰਪਨੀਆਂ ਆਪਣੇ ਨੈੱਟਵਰਕ ਦੀ ਸਮਰੱਥਾ ਵਧਾਉਣ ਸਮੇਤ ਹੋਰ ਪ੍ਰਬੰਧ ਕਰ ਰਹੀਆਂ ਹਨ।

GTA 6 ਦਾ ਕ੍ਰੇਜ਼ ਸਿਰਫ਼ ਆਮ ਲੋਕਾਂ ਤੱਕ ਹੀ ਸੀਮਤ ਨਹੀਂ ਹੈ। ਰਿਪੋਰਟ ਅਨੁਸਾਰ ਅਮਰੀਕੀ ਫੌਜ ਨੇ ਵੀ ਆਪਣੇ ਕੁਝ ਸੈਨਿਕਾਂ ਨੂੰ ਦੁਬਾਰਾ ਭਰਤੀ ਹੋਣ ਲਈ ਉਤਸ਼ਾਹਿਤ ਕਰਨ ਵਾਸਤੇ ਇਸ ਗੇਮ ਨਾਲ ਜੁੜੀ ਪੇਸ਼ਕਸ਼ ਕੀਤੀ ਸੀ।
ਇਸ ਪੇਸ਼ਕਸ਼ ਤਹਿਤ ਯੋਗ ਸੈਨਿਕਾਂ ਨੂੰ GTA 6 ਖਰੀਦਣ ਲਈ 1,000 ਡਾਲਰ ਦਾ ਗਿਫ਼ਟ ਕਾਰਡ ਦੇਣ ਦੀ ਗੱਲ ਕਹੀ ਗਈ ਸੀ। ਇਸ ਲਈ ਸੈਨਿਕਾਂ ਨੂੰ ਘੱਟੋ-ਘੱਟ ਦੋ ਸਾਲ ਹੋਰ ਫੌਜ ਵਿੱਚ ਸੇਵਾ ਕਰਨ ਦਾ ਸਮਝੌਤਾ ਕਰਨਾ ਪੈਣਾ ਸੀ। ਇਹ ਪੇਸ਼ਕਸ਼ 1 ਅਗਸਤ ਤੋਂ 12 ਨਵੰਬਰ ਦਰਮਿਆਨ ਦੁਬਾਰਾ ਭਰਤੀ ਹੋਣ ਦਾ ਫ਼ੈਸਲਾ ਕਰਨ ਵਾਲੇ ਸੈਨਿਕਾਂ ਲਈ ਸੀ। ਕੁੱਲ 130 ਯੋਗ ਸੈਨਿਕਾਂ ਵਿੱਚੋਂ 20 ਨੇ ਇਸ ਪੇਸ਼ਕਸ਼ ਨੂੰ ਚੁਣਿਆ।

GTA 6 ਨੂੰ ਜਲਦੀ ਖੇਡਣ ਲਈ ਕੁਝ ਗੇਮਰ ਇੱਕ ਹੋਰ ਤਰੀਕਾ ਵੀ ਅਪਣਾ ਰਹੇ ਹਨ। ਰਿਪੋਰਟਾਂ ਮੁਤਾਬਕ ਕਈ ਲੋਕ ਆਪਣੇ ਗੇਮਿੰਗ ਕੰਸੋਲ ਦੀ ਰੀਜਨ ਸੈਟਿੰਗ ਬਦਲ ਕੇ ਨਿਊਜ਼ੀਲੈਂਡ ਕਰ ਰਹੇ ਹਨ। ਇਸ ਦਾ ਕਾਰਨ ਗੇਮ ਦੀ ਰਿਲੀਜ਼ ਦਾ ਸਮਾਂ ਹੈ। ਵੱਖ-ਵੱਖ ਦੇਸ਼ਾਂ ਵਿੱਚ ਸਥਾਨਕ ਸਮੇਂ ਅਨੁਸਾਰ ਅੱਧੀ ਰਾਤ ਨੂੰ ਗੇਮ ਉਪਲਬਧ ਹੋਣ ਦੀ ਉਮੀਦ ਹੈ। ਨਿਊਜ਼ੀਲੈਂਡ ਦੀ ਭੂਗੋਲਿਕ ਸਥਿਤੀ ਕਾਰਨ ਉੱਥੇ ਨਵੀਂ ਗੇਮ ਸਭ ਤੋਂ ਪਹਿਲਾਂ ਉਪਲਬਧ ਹੋ ਸਕਦੀ ਹੈ। ਇਸ ਲਈ ਕੁਝ ਗੇਮਰ ਆਪਣੇ ਕੰਸੋਲ ਦੀਆਂ ਖੇਤਰ ਸਬੰਧੀ ਸੈਟਿੰਗਾਂ ਬਦਲ ਕੇ ਨਿਊਜ਼ੀਲੈਂਡ ਚੁਣ ਰਹੇ ਹਨ, ਤਾਂ ਜੋ ਉਹ ਹੋਰ ਦੇਸ਼ਾਂ ਦੇ ਖਿਡਾਰੀਆਂ ਨਾਲੋਂ ਪਹਿਲਾਂ ਗੇਮ ਖੇਡ ਸਕਣ। ਹਾਲਾਂਕਿ, ਇਸ ਤਰੀਕੇ ਨਾਲ ਗੇਮ ਜਲਦੀ ਮਿਲੇਗੀ ਜਾਂ ਨਹੀਂ, ਇਹ ਪਲੇਟਫਾਰਮ ਦੀਆਂ ਰਿਲੀਜ਼ ਨੀਤੀਆਂ ’ਤੇ ਨਿਰਭਰ ਕਰਦਾ ਹੈ।

GTA 6 ਨੂੰ ਲੈ ਕੇ ਦੁਨੀਆ ਭਰ ਵਿੱਚ ਬਣਿਆ ਉਤਸ਼ਾਹ ਇਹ ਸਾਬਤ ਕਰਦਾ ਹੈ ਕਿ ਵੀਡੀਓ ਗੇਮਾਂ ਹੁਣ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਰਹੀਆਂ, ਸਗੋਂ ਇੱਕ ਵੱਡਾ ਵਿਸ਼ਵ ਪੱਧਰੀ ਕਾਰੋਬਾਰ ਬਣ ਚੁੱਕੀਆਂ ਹਨ। ਲੋਕਾਂ ਵੱਲੋਂ ਦਫ਼ਤਰਾਂ ਤੋਂ ਛੁੱਟੀਆਂ ਲੈਣਾ, ਇੰਟਰਨੈੱਟ ਕੰਪਨੀਆਂ ਵੱਲੋਂ ਪਹਿਲਾਂ ਤੋਂ ਤਿਆਰੀ ਕਰਨਾ ਅਤੇ ਗੇਮ ਜਲਦੀ ਖੇਡਣ ਲਈ ਲੋਕੇਸ਼ਨ ਬਦਲਣ ਦੀ ਕੋਸ਼ਿਸ਼ ਕਰਨਾ ਇਸ ਦੀ ਲੋਕਪ੍ਰਿਯਤਾ ਨੂੰ ਦਰਸਾਉਂਦਾ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹੋਈਆਂ ਹਨ ਕਿ GTA 6 ਰਿਲੀਜ਼ ਤੋਂ ਬਾਅਦ ਕਮਾਈ ਅਤੇ ਲੋਕਪ੍ਰਿਯਤਾ ਦੇ ਕਿਹੜੇ ਨਵੇਂ ਰਿਕਾਰਡ ਬਣਾਉਂਦੀ ਹੈ।

Related posts

ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ

admin

ਬੀੜ ਦੁਸਾਂਝ ਰਮਣੀਕ ਬਣ ਸਕਦਾ ਹੈ !

admin

ਜਵਾਨ ਹੋ ਰਹੇ ਬੱਚਿਆਂ ਦਾ ਮਾਰਗ ਦਰਸ਼ਨ ! 

admin