ਇੱਕ ਭਾਰਤੀ ਨਾਗਰਿਕ ਨੂੰ ਪਿਛਲੇ ਮਹੀਨੇ ਪਰਥ ਹਵਾਈ ਅੱਡੇ ‘ਤੇ ਇੱਕ ਕਰਮਚਾਰੀ ‘ਤੇ ਬਿਨਾਂ ਕਿਸੇ ਭੜਕਾਹਟ ਦੇ ਹਮਲੇ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਪਰਥ ਦੀ ਮੈਜਿਸਟ੍ਰੇਟ ਕੋਰਟ ਨੇ ਪੀੜਤ ਨੂੰ $7500 ਡਾਲਰ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ ਗਿਆ ਹੈ। 43 ਸਾਲਾ ਵਿਅਕਤੀ 6 ਮਾਰਚ, 2025 ਨੂੰ ਪਰਥ ਮੈਜਿਸਟ੍ਰੇਟ ਕੋਰਟ ਵਿੱਚ ਪੇਸ਼ ਹੋਇਆ, ਜਿੱਥੇ ਉਸਨੇ ਕ੍ਰਿਮੀਨਲ ਕੋਡ ਕੰਪਾਈਲੇਸ਼ਨ ਐਕਟ (ਵੈਸਟਰਨ ਆਸਟ੍ਰੇਲੀਆ) ਦੀ ਧਾਰਾ 313(1)(ਬ) ਦੇ ਉਲਟ, ਆਮ ਹਮਲੇ ਦੇ ਇੱਕ ਦੋਸ਼ ਨੂੰ ਸਵੀਕਾਰ ਕਰ ਲਿਆ। ਅਦਾਲਤ ਨੇ ਉਸਨੂੰ $7500 ਡਾਲਰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਅਤੇ ਮੁਆਵਜ਼ਾ ਅਦਾ ਕੀਤੇ ਜਾਣ ਤੱਕ ਲਾਗੂ ਕਰਨ ਲਈ ਸੱਤ ਮਹੀਨੇ ਅਤੇ 15 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ।
ਆਸਟ੍ਰੇਲੀਅਨ ਫੈਡਰਲ ਪੁਲਿਸ ਨੇ 25 ਫਰਵਰੀ, 2025 ਨੂੰ ਇੱਕ ਘਟਨਾ ਤੋਂ ਬਾਅਦ ਇਸ ਵਿਅਕਤੀ ‘ਤੇ ਦੋਸ਼ ਲਗਾਇਆ ਸੀ ਕਿ, “ਉਹ ਬਾਲੀ ਲਈ ਉਡਾਣ ਦੀ ਉਡੀਕ ਕਰਦੇ ਸਮੇਂ ਉਸ ਵੇਲੇ ਹਮਲਾਵਰ ਹੋ ਗਿਆ ਜਦੋਂ ਇੱਕ ਮਹਿਲਾ ਕਰਮਚਾਰੀ ਨੇ ਉਸਨੂੰ ਦੱਸਿਆ ਕਿ ਉਸਦੇ ਵਿਵਹਾਰ ਕਾਰਨ ਉਸਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹ ਵਿਅਕਤੀ ਪਹਿਲਾਂ ਤਾਂ ਉਥੋਂ ਚਲਾ ਗਿਆ ਪਰ ਵਾਪਸ ਆ ਗਿਆ। ਉਸਨੇ ਇੱਕ ਚੈੱਕ-ਇਨ ਕਾਊਂਟਰ ਉੱਤੇ ਛਾਲ ਮਾਰ ਦਿੱਤੀ ਅਤੇ ਮਹਿਲਾ ਕਰਮਚਾਰੀ ਦੇ ਮੂੰਹ ‘ਤੇ ਥੱਪੜ ਮਾਰ ਦਿੱਤਾ। ਫਿਰ ਉਸਨੇ ਮਹਿਲਾ ਕਰਮਚਾਰੀ ਦਾ ਗਲਾ ਫੜ ਲਿਆ, ਉਸਨੂੰ ਜ਼ਮੀਨ ‘ਤੇ ਖਿੱਚਿਆ ਅਤੇ ਉਸਨੂੰ ਲੱਤ ਮਾਰ ਦਿੱਤੀ। ਦੋ ਵਿਅਕਤੀਆਂ ਨੇ ਉਸ ਆਦਮੀ ਨੂੰ ਕਾਬੂ ਕਰਨ ਲਈ ਉਦੋਂ ਤੱਕ ਦਖਲ ਦਿੱਤਾ ਜਦੋਂ ਤੱਕ ਕਿ ਨੇੜੇ ਗਸ਼ਤ ਕਰਦੇ ਆਸਟ੍ਰੇਲੀਅਨ ਫੈਡਰਲ ਪੁਲਿਸ ਅਧਿਕਾਰੀਆਂ ਨੇ ਉਸਨੂੰ ਗ੍ਰਿਫਤਾਰ ਨਹੀਂ ਕਰ ਲਿਆ। ਇਸ ਘਟਨਾ ਦੇ ਦੌਰਾਨ ਮਹਿਲਾ ਕਰਮਚਾਰੀ ਨੂੰ ਮਾਮੂਲੀ ਸੱਟਾਂ ਲਈ ਡਾਕਟਰੀ ਸਹਾਇਤਾ ਦੀ ਲੋੜ ਸੀ।
ਦੋਸ਼ੀ ਵਿਅਕਤੀ ਪਹਿਲੀ ਵਾਰ 26 ਫਰਵਰੀ, 2025 ਨੂੰ ਅਦਾਲਤ ਵਿੱਚ ਪੇਸ਼ ਹੋਇਆ ਸੀ, ਅਤੇ ਮਾਮਲਾ 6 ਮਾਰਚ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਕਾਰਜਕਾਰੀ ਸੁਪਰਡੈਂਟ ਏਵੀਏਸ਼ਨ ਸ਼ੋਨਾ ਡੇਵਿਸ ਨੇ ਕਿਹਾ ਹੈ ਕਿ, “ਆਸਟ੍ਰੇਲੀਅਨ ਫੈਡਰਲ ਪੁਲਿਸ ਦੀ ਹਵਾਈ ਅੱਡੇ ਦੇ ਅੰਦਰ ਕਰਮਚਾਰੀਆਂ ਜਾਂ ਕਿਸੇ ਵੀ ਯਾਤਰੀ ਪ੍ਰਤੀ ਹਿੰਸਕ ਜਾਂ ਦੁਰਵਿਵਹਾਰ ਵਾਲੇ ਵਿਵਹਾਰ ਪ੍ਰਤੀ ਜ਼ੀਰੋ-ਸਹਿਣਸ਼ੀਲਤਾ ਦੀ ਨੀਤੀ ਹੈ। ਕਿਸੇ ਨੂੰ ਵੀ ਕੰਮ ‘ਤੇ ਜਾਂਦੇ ਸਮੇਂ ਹਿੰਸਾ ਜਾਂ ਹਮਲੇ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਆਸਟ੍ਰੇਲੀਅਨ ਫੈਡਰਲ ਪੁਲਿਸ ਏਅਰਲਾਈਨ ਉਦਯੋਗ ਵਿੱਚ ਸਾਡੇ ਸਾਰੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ ਤਾਂ ਜੋ ਜੇਕਰ ਕਿਸੇ ਦਾ ਵਿਵਹਾਰ ਹਵਾਈ ਅੱਡੇ ਦੇ ਅੰਦਰ ਜਾਂ ਆਲੇ-ਦੁਆਲੇ ਸਟਾਫ, ਸੈਲਾਨੀਆਂ ਅਤੇ ਯਾਤਰੀਆਂ ਦੀ ਸੁਰੱਖਿਆ ਵਿੱਚ ਵਿਘਨ ਪਾਉਂਦਾ ਹੈ ਤਾਂ ਦਖਲ ਦਿੱਤਾ ਜਾ ਸਕੇ। ਆਸਟ੍ਰੇਲੀਅਨ ਫੈਡਰਲ ਪੁਲਿਸ ਕਾਨੂੰਨ ਤੋੜਨ ਵਾਲਿਆਂ ‘ਤੇ ਮੁਕੱਦਮਾ ਚਲਾਉਣ ਤੋਂ ਨਹੀਂ ਝਿਜਕੇਗਾ ਅਤੇ ਹਵਾਈ ਅੱਡਿਆਂ ‘ਤੇ ਮਾੜਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।”
ਆਸਟ੍ਰੇਲੀਅਨ ਫੈਡਰਲ ਪੁਲਿਸ
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਅਨ ਫੈਡਰਲ ਪੁਲਿਸ ਨੌਂ ਹਵਾਈ ਅੱਡਿਆਂ – ਗੋਲਡ ਕੋਸਟ, ਕੇਨਜ਼, ਮੈਲਬੌਰਨ, ਕੈਨਬਰਾ, ਸਿਡਨੀ, ਬ੍ਰਿਸਬੇਨ, ਡਾਰਵਿਨ, ਪਰਥ ਅਤੇ ਐਡੀਲੇਡ ‘ਤੇ ਪੁਲਿਸਿੰਗ ਲਈ ਜ਼ਿੰਮੇਵਾਰ ਹੈ?
ਆਸਟ੍ਰੇਲੀਅਨ ਫੈਡਰਲ ਪੁਲਿਸ ਇਹਨਾਂ ਹਵਾਈ ਅੱਡਿਆਂ ‘ਤੇ ਅਪਰਾਧਾਂ ਨੂੰ ਰੋਕਦੀ ਹੈ, ਖੋਜਦੀ ਹੈ ਅਤੇ ਉਹਨਾਂ ਦਾ ਜਵਾਬ ਦਿੰਦੀ ਹੈ, ਜਿਸ ਵਿੱਚ ਸ਼ਾਮਲ ਹਨ:
- ਖਤਰਨਾਕ ਅਤੇ ਸਮਾਜ-ਵਿਰੋਧੀ ਵਿਵਹਾਰ, ਜਿਸ ਵਿੱਚ ਨਸ਼ਾ ਸ਼ਾਮਲ ਹੈ;
- ਹਥਿਆਰ, ਨਸ਼ੀਲੇ ਪਦਾਰਥ ਅਤੇ ਮਨਾਹੀ ਵਾਲੀਆਂ ਵਸਤੂਆਂ ਸਮੇਤ ਖਤਰਨਾਕ ਸਮਾਨ ਲੈ ਕੇ ਜਾਣਾ;
- ਹਵਾਈ ਅੱਡਿਆਂ ਜਾਂ ਹਵਾਈ ਜਹਾਜ਼ਾਂ ਵਿਰੁੱਧ ਸਾਈਬਰ ਹਮਲੇ, ਧਮਕੀਆਂ ਅਤੇ ਧੋਖਾਧੜੀ; ਅਤੇ
- ਹਵਾਬਾਜ਼ੀ ਜਾਂ ਯਾਤਰਾ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਲਈ ਹੋਰ ਖਤਰੇ।
ਹਵਾਈ ਅੱਡਿਆਂ ‘ਤੇ ਅਪਰਾਧ, ਜਾਂ ਹਵਾਬਾਜ਼ੀ ਨਾਲ ਸਬੰਧਤ ਅਪਰਾਧ, ਸਿਰਫ਼ ਯਾਤਰੀਆਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਇਹ ਸਮੁੱਚੇ ਤੌਰ ‘ਤੇ ਆਸਟ੍ਰੇਲੀਆ ਦੀ ਸੁਰੱਖਿਆ ਲਈ ਵੀ ਖ਼ਤਰਾ ਹਨ।
ਜੇਕਰ ਤੁਹਾਨੂੰ ਕਿਸੇ ਹਵਾਈ ਅੱਡੇ ‘ਤੇ ਪੁਲਿਸ ਦੀ ਮੌਜੂਦਗੀ ਦੀ ਲੋੜ ਹੈ, ਜਾਂ ਤੁਸੀਂ ਕਿਸੇ ਘਟਨਾ ਦੀ ਰਿਪੋਰਟ ਕਰਨਾ ਚਾਹੁੰਦੇ ਹੋ ਜਾਂ ਜਾਣਕਾਰੀ ਪ੍ਰਦਾਨ ਕਰਨਾ ਚਾਹੁੰਦੇ ਹੋ, ਤਾਂ ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਏਅਰਪੋਰਟ ਵਾਚ ਨੂੰ 131 AFP (131 237) ‘ਤੇ ਕਾਲ ਕਰੋ।