International

ਜਲਿਆਂਵਾਲਾ ਬਾਗ ਦਾ ਬਦਲਾ ਲੈਣ ਲਈ ਮਹਾਰਾਣੀ ਨੂੰ ਮਾਰਨ ਤੁਰਿਆ ਦੋਸ਼ੀ ਸਿੱਖ ਗ੍ਰਿਫਤਾਰ

ਫੋਟੋ: ਏ. ਐਨ. ਆਈ.

ਲੰਡਨ – ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਨੂੰ ਕ੍ਰਿਸਮਸ ਵਾਲੇ ਦਿਨ ਆਪਣੇ ਤੀਰ ਕਮਾਨ ਦੇ ਨਾਲ ਮਾਰਨ ਦੇ ਮਕਸਦ ਦੇ ਨਾਲ
ਮਹਾਰਾਣੀ ਦੇ ਮਹਿਲ ਵਿਚ ਦਾਖਲ ਹੋਏ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਆਪਣੇ ਆਪਨੂੰ ਸਿੱਖ ਦੱਸ ਰਿਹਾ ਹੈ ਅਤੇ ਇਹ ਨੌਜਵਾਨ 1919 ਦੇ ਜਲਿ੍ਹਆਂਵਾਲਾ ਬਾਗ ਸਾਕੇ ਦਾ ਬਦਲਾ ਲੈਣ ਲਈ ਮਹਾਰਾਣੀ ਨੂੰ ਮਾਰਨਾ ਚਾਹੁੰਦਾ ਸੀ। ਪੁਲੀਸ ਨੇ ਮੁਲਜ਼ਮ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।

ਬ੍ਰਿਟਿਸ਼ ਮੀਡੀਆ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ 19 ਸਾਲਾ ਨੌਜਵਾਨ ਆਪਣਾ ਨਾਮ ਜਸਵੰਤ ਸਿੰਘ ਚੈਲ ਦੱਸ ਰਿਹਾ ਹੈ ਜੋ ਹੁਣ ਆਪਣੇ ਆਪ ਨੂੰ ਡਾਰਥ ਜੋਨਸ ਅਖਵਾਉਂਦਾ ਹੈ। ਇਹ ਨੌਜਵਾਨ ਮਹਾਰਾਣੀ ਨੂੰ ਮਾਰਨ ਦੇ ਲਈ ਅਜੀਬੋ-ਗਰੀਬ ਹੂਡੀ ਅਤੇ ਮਾਸਕ ਪਹਿਨ ਕੇ ਮਹਿਲ ਦੇ ਅੰਦਰ ਦਾਖਲ ਹੋਇਆ ਸੀ। ਸੀਸੀਟੀਵੀ ਫੁਟੇਜ ‘ਚ ਉਸ ਨੂੰ ਕੰਧ ‘ਤੇ ਚੜ੍ਹਦੇ ਹੋਏ ਦਿਖਾਇਆ ਗਿਆ ਹੈ। ਉਸ ਦੇ ਹੱਥ ਵਿਚ ਤੀਰ ਕਮਾਨ ਵੀ ਸੀ। ਪੁਲੀਸ ਨੇ ਮੁਲਜ਼ਮ ਨੂੰ ਮਾਨਸਿਕ ਸਿਹਤ ਐਕਟ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦੇ ਵਲੋਂ ਮਹਾਰਾਣੀ ਨੂੰ ਮਾਰਨ ਦੇ ਲਈ ਆਪਣੀ ਯੋਜਨਾ ਦਾ ਖੁਲਾਸਾ ਉਸ ਵਲੋਂ ਸਨੈਪਚੈਟ ‘ਤੇ ਅਪਲੋਡ ਕੀਤੀ ਗਈ ਇੱਕ ਵੀਡੀਓ ਦੇ ਵਿੱਚ ਕੀਤਾ ਸੀ ਅਤੇ ਇਸ ਵੀਡੀਓ ਦੇ ਅਪਲੋਡ ਹੋਣ ਤੋਂ 24 ਮਿੰਟਾਂ ਦੇ ਅੰਦਰ ਪੁਲਿਸ ਦੇ ਵਲੋਂ ਉਸਨੂੰ ਮਹਾਰਾਣੀ ਦੇ ਵਿੰਡਸਰ ਕੈਸਲ ਦੇ ਮਹਿਲ ਤੋਂ ਗ੍ਰਿਫਤਾਰ ਕਰ ਲਿਆ ਗਿਆ।

ਵੀਡੀਓ ਦੇ ਵਿੱਚ ਦੋਸ਼ੀ ਨੇ ਜੋ ਮਾਸਕ ਪਾਇਆ ਹੈ, ਉਹ ਹਾਲੀਵੁੱਡ ਫਿਲਮ ‘ਸਟਾਰ ਵਾਰਜ਼’ ਤੋਂ ਪ੍ਰੇਰਿਤ ਹੈ। ‘ਸਿਠ’ ਇਸ ਫਿਲਮ ਦਾ ਖਲਨਾਇਕ ਕਿਰਦਾਰ ਹੈ। ਸਿਠ ਵਾਂਗ ‘ਡਾਰਥ ਜੋਨਸ’ ਵੀ ਇਸ ਫ਼ਿਲਮ ਨਾਲ ਜੁੜਿਆ ਹੋਇਆ ਹੈ। ਚੈਲ ਦੇ ਵੀਡੀਓ ਵਿੱਚ ਬੈਕਗ੍ਰਾਊਂਡ ਵਿੱਚ ਸਟਾਰ ਵਾਰਜ਼ ਦੇ ਕਿਰਦਾਰ ਡਾਰਥ ਮਾਲਗਸ ਦੀ ਤਸਵੀਰ ਸੀ। ਇਸ ਦੇ ਨਾਲ ਹੀ ਦੋਸਤਾਂ ਨੂੰ ਭੇਜੇ ਗਏ ਇਸ ਮੈਸੇਜ ‘ਚ ਦੋਸ਼ੀ ਨੇ ਕਿਹਾ ਕਿ, “ਮੈਂ ਉਨ੍ਹਾਂ ਸਾਰਿਆਂ ਤੋਂ ਮੁਆਫੀ ਮੰਗਦਾ ਹਾਂ ਜਿਨ੍ਹਾਂ ਨਾਲ ਮੈਂ ਗਲਤ ਕੀਤਾ ਜਾਂ ਝੂਠ ਬੋਲਿਆ।

ਮੈਂ ਜੋ ਕਰਾਂਗਾ, ਉਸ ਲਈ ਮੈਨੂੰ ਅਫਸੋਸ ਹੈ ਅਤੇ ਮੈਂ ਸ਼ਾਹੀ ਪਰਿਵਾਰ ਦੀ ਮਹਾਰਾਣੀ ਐਲਿਜ਼ਾਬੈਥ ਨੂੰ ਮਾਰਨ ਦੀ ਕੋਸ਼ਿਸ਼ ਕਰਾਂਗਾ। ਇਹ 1919 ਦੇ ਜਲਿ੍ਹਆਂਵਾਲਾ ਬਾਗ ਸਾਕੇ ਵਿੱਚ ਮਾਰੇ ਗਏ ਲੋਕਾਂ ਦਾ ਬਦਲਾ ਹੈ। ਇਹ ਉਨ੍ਹਾਂ ਲੋਕਾਂ ਦਾ ਵੀ ਬਦਲਾ ਹੈ ਜਿਨ੍ਹਾਂ ਨੂੰ ਉਨ੍ਹਾਂ ਦੀ ਜਾਤ ਕਾਰਨ ਮਾਰਿਆ ਜਾਂ ਅਪਮਾਨਿਤ ਕੀਤਾ ਗਿਆ ਸੀ। ਮੈਂ ਇੱਕ ਭਾਰਤੀ ਸਿੱਖ ਹਾਂ, ‘ਸਿਠ’। ਮੇਰਾ ਨਾਮ ਜਸਵੰਤ ਸਿੰਘ ਚੈਲ ਸੀ, ਹੁਣ ਮੇਰਾ ਨਾਮ ਡਾਰਥ ਜੋਨਸ ਹੈ। ਮੇਰੀ ਮੌਤ ਨੇੜੇ ਹੈ, ਜੇ ਤਹਾਨੂੰ ਇਹ ਸੁਨੇਹਾ ਮਿਲ ਗਿਆ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸਾਂਝਾ ਕਰੋ।”

ਵਰਨਣਯੋਗ ਹੈ ਕਿ 13 ਅਪ੍ਰੈਲ 1919 ਦੀ ਵਿਸਾਖੀ ਵਾਲੇ ਦਿਨ, ਜਨਰਲ ਡਾਇਰ ਨੇ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿਖੇ ਰੋਲਟ ਐਕਟ ਦੇ ਖਿਲਾਫ ਇਕੱਠੇ ਹੋਏ ਹਜ਼ਾਰਾਂ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਜਿਸ ਵਿੱਚ ਔਰਤਾਂ, ਮਰਦ ਅਤੇ ਬੱਚੇ ਸ਼ਾਮਲ ਸਨ। 1,200 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਹਨ। ਸੈਂਕੜੇ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੇ ਆਪਣੀ ਜਾਨ ਬਚਾਉਣ ਲਈ ਉੱਥੇ ਬਣੇ ਖੂਹ ਵਿੱਚ ਛਾਲ ਮਾਰ ਦਿੱਤੀ, ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin