
ਆਸਟ੍ਰੇਲੀਆ ਦੇ ਵਿੱਚ ਗੈਰ-ਕਾਨੂੰਨੀ ਤੰਬਾਕੂ ਦਾ ਕਾਰੋਬਾਰ ਅਤੇ ਇਸ ਨਾਲ ਜੁੜੇ ਸੰਗਠਿਤ ਅਪਰਾਧ ਚਿੰਤਾ ਦਾ ਵਿਸ਼ਾ ਬਣੇ ਹੋਏ। ਲਿਬਰਲ ਪਾਰਟੀ ਦੇ ਨਿਊ ਸਾਊਥ ਵੇਲਜ਼ ਦੇ ਸੈਨੇਟਰ ਡੇਵ ਸ਼ਰਮਾ ਨੇ ਇਸ ਸਮੱਸਿਆ ਦੇ ਹੱਲ ਸਬੰਧੀ ਲਿਬਰਲ ਅਤੇ ਨੈਸ਼ਨਲ ਪਾਰਟੀ ਗਠਜੋੜ ਦੀ ਪਾਲਿਸੀ ਵਾਰੇ ਵਰਨਣ ਕੀਤਾ ਹੈ, ਜਿਸ ਦਾ ਵਿਸਥਾਰ ਇਥੇ ਦਿੱਤਾ ਜਾ ਰਿਹਾ ਹੈ :
ਆਸਟ੍ਰੇਲੀਆ ਵਿੱਚ ਗੈਰ-ਕਾਨੂੰਨੀ ਤੰਬਾਕੂ ਦਾ ਕਾਰੋਬਾਰ ਹੁਣ ਸਿਰਫ਼ ਸਿਹਤ ਨਾਲ ਜੁੜਿਆ ਮਸਲਾ ਨਹੀਂ ਰਹਿ ਗਿਆ। Coalition (ਲਿਬਰਲ ਅਤੇ ਨੈਸ਼ਨਲ ਪਾਰਟੀ ਦਾ ਗਠਜੋੜ) ਦਾ ਕਹਿਣਾ ਹੈ ਕਿ ਇਹ ਸੰਗਠਿਤ ਅਪਰਾਧ ਨਾਲ ਜੁੜੀ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ, ਜਿਸ ਦਾ ਅਸਰ ਸਿੱਧਾ ਆਸਟ੍ਰੇਲੀਆ ਦੇ ਕਈ ਉਪਨਗਰਾਂ ਅਤੇ ਭਾਈਚਾਰਿਆਂ ’ਤੇ ਪੈ ਰਿਹਾ ਹੈ।
Coalition ਮੁਤਾਬਕ, ਪੱਛਮੀ ਸਿਡਨੀ, Hunter ਅਤੇ ਨਿਊ ਸਾਊਥ ਵੇਲਜ਼ ਦੇ ਕਈ ਖੇਤਰੀ ਸ਼ਹਿਰਾਂ ਵਿੱਚ ਗੈਰ-ਕਾਨੂੰਨੀ ਤੰਬਾਕੂ ਦੇ ਕਾਰੋਬਾਰ ਨਾਲ ਜੁੜੀਆਂ ਘਟਨਾਵਾਂ ਚਿੰਤਾ ਦਾ ਕਾਰਣ ਬਣੀਆਂ ਹੋਈਆਂ ਹਨ। ਤੰਬਾਕੂ ਦੀਆਂ ਦੁਕਾਨਾਂ ’ਤੇ ਅੱਗਜ਼ਨੀ, ਧਮਕੀਆਂ, ਜਬਰਨ ਵਸੂਲੀ ਅਤੇ ਗੋਲੀਬਾਰੀ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। Parramatta ਤੋਂ Dubbo ਤੱਕ ਕਈ ਇਲਾਕਿਆਂ ਵਿੱਚ ਗੈਰ-ਕਾਨੂੰਨੀ ‘ਬਲੈਕ ਮਾਰਕੀਟ’ ਦੁਕਾਨਾਂ ਬਾਰੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਹਨ। ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਥਾਵਾਂ ’ਤੇ ਬਿਨਾਂ ਟੈਕਸ ਵਾਲਾ ਤੰਬਾਕੂ ਅਤੇ ਬਿਨਾਂ ਨਿਯਮਾਂ ਵਾਲੇ ਵੈਪ ਵੇਚੇ ਜਾਂਦੇ ਹਨ ਅਤੇ ਕੁਝ ਮਾਮਲਿਆਂ ਵਿੱਚ ਨਾਬਾਲਗਾਂ ਤੱਕ ਵੀ ਇਹ ਉਤਪਾਦ ਪਹੁੰਚ ਰਹੇ ਹਨ।
Coalition ਦੇ ਅਨੁਸਾਰ, ਅਪਰਾਧਿਕ ਗਿਰੋਹ ਹਰ ਸਾਲ ਗੈਰ-ਕਾਨੂੰਨੀ ਤੰਬਾਕੂ ਦੇ ਕਾਰੋਬਾਰ ਤੋਂ ਲਗਭਗ 4.1 ਤੋਂ 6.9 ਬਿਲੀਅਨ ਡਾਲਰ ਤੱਕ ਕਮਾ ਰਹੇ ਹਨ। ਪਾਰਟੀ ਦਾ ਦਾਅਵਾ ਹੈ ਕਿ ਇਹ ਪੈਸਾ ਡਰੱਗ ਤਸਕਰੀ, ਧੋਖਾਧੜੀ, ਹਿੰਸਾ ਅਤੇ ਮਨੀ ਲਾਂਡਰਿੰਗ ਵਰਗੀਆਂ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਫੰਡ ਕਰਨ ਵਿੱਚ ਵਰਤਿਆ ਜਾ ਸਕਦਾ ਹੈ।
ਵਿਕਟੋਰੀਆ ਵਿੱਚ ਵੀ ਹਿੰਸਕ ਘਟਨਾਵਾਂ
Coalition ਨੇ ਵਿਕਟੋਰੀਆ ਵਿੱਚ ਤੰਬਾਕੂ ਦੇ ਗੈਰ-ਕਾਨੂੰਨੀ ਕਾਰੋਬਾਰ ਨਾਲ ਜੁੜੀਆਂ ਲਗਭਗ 200 ਅੱਗਜ਼ਨੀ ਦੀਆਂ ਘਟਨਾਵਾਂ ਅਤੇ ਛੇ ਕਤਲਾਂ ਦਾ ਹਵਾਲਾ ਦਿੱਤਾ ਹੈ। ਪਾਰਟੀ ਮੁਤਾਬਕ, ਕਈ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਕਾਰੋਬਾਰੀਆਂ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਘਟਨਾਵਾਂ ਕਾਰਨ ਸਥਾਨਕ ਕਾਰੋਬਾਰੀਆਂ ਅਤੇ ਭਾਈਚਾਰਿਆਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧੀ ਹੈ।
Coalition ਨੇ ਟੈਕਸ ਨੀਤੀ ਨੂੰ ਦੱਸਿਆ ਵੱਡਾ ਕਾਰਨ
Coalition ਦਾ ਕਹਿਣਾ ਹੈ ਕਿ ਕਾਨੂੰਨੀ ਅਤੇ ਗੈਰ-ਕਾਨੂੰਨੀ ਤੰਬਾਕੂ ਦੀਆਂ ਕੀਮਤਾਂ ਵਿਚਕਾਰ ਵੱਡਾ ਫਰਕ ਗੈਰ-ਕਾਨੂੰਨੀ ਕਾਰੋਬਾਰ ਨੂੰ ਵਧਾਵਾ ਦੇ ਰਿਹਾ ਹੈ। ਪਾਰਟੀ ਮੁਤਾਬਕ, ਸਰਕਾਰੀ excise tax ਵਧਣ ਕਾਰਣ ਕਾਨੂੰਨੀ ਤੌਰ ’ਤੇ ਵੇਚੇ ਜਾਣ ਵਾਲੇ 20 ਸਿਗਰਟਾਂ ਦੇ ਇੱਕ ਪੈਕ ਦੀ ਕੀਮਤ 40 ਡਾਲਰ ਜਾਂ ਇਸ ਤੋਂ ਵੱਧ ਹੋ ਸਕਦੀ ਹੈ, ਜਦਕਿ ਗੈਰ-ਕਾਨੂੰਨੀ ਬਾਜ਼ਾਰ ਵਿੱਚ ਇਹ ਪੈਕ ਲਗਭਗ 15 ਡਾਲਰ ਵਿੱਚ ਮਿਲ ਸਕਦਾ ਹੈ। Coalition ਦਾ ਤਰਕ ਹੈ ਕਿ ਕੀਮਤਾਂ ਦੇ ਇਸ ਵੱਡੇ ਫਰਕ ਕਾਰਨ ਗੈਰ-ਕਾਨੂੰਨੀ ਤੰਬਾਕੂ ਵੇਚਣ ਵਾਲੇ ਗਿਰੋਹਾਂ ਲਈ ਵੱਡਾ ਮੁਨਾਫ਼ਾ ਪੈਦਾ ਹੁੰਦਾ ਹੈ।
Coalition ਦਾ 80 ਫੀਸਦੀ Excise Tax ਕਟੌਤੀ ਦਾ ਪ੍ਰਸਤਾਵ
ਗੈਰ-ਕਾਨੂੰਨੀ ਤੰਬਾਕੂ ਦੇ ਕਾਰੋਬਾਰ ਨੂੰ ਰੋਕਣ ਲਈ Coalition ਨੇ ਤੰਬਾਕੂ excise ਵਿੱਚ 80 ਫੀਸਦੀ ਕਟੌਤੀ ਕਰਨ ਦਾ ਪ੍ਰਸਤਾਵ ਰੱਖਿਆ ਹੈ। Coalition ਮੁਤਾਬਕ, ਇਸ ਨਾਲ 20 ਸਿਗਰਟਾਂ ਦੇ ਇੱਕ ਆਮ ਪੈਕ ’ਤੇ ਤੰਬਾਕੂ ਟੈਕਸ ਲਗਭਗ 30 ਡਾਲਰ ਤੋਂ ਘਟ ਕੇ 6 ਡਾਲਰ ਰਹਿ ਜਾਵੇਗਾ। ਪਾਰਟੀ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਕਾਨੂੰਨੀ ਅਤੇ ਗੈਰ-ਕਾਨੂੰਨੀ ਤੰਬਾਕੂ ਦੀਆਂ ਕੀਮਤਾਂ ਵਿਚਕਾਰ ਫਰਕ ਘਟੇਗਾ। ਇਸ ਨਾਲ ਗੈਰ-ਕਾਨੂੰਨੀ ਤੰਬਾਕੂ ਵੇਚਣ ਵਾਲੇ ਗਿਰੋਹਾਂ ਦਾ ਮੁਨਾਫ਼ਾ ਘਟਾਉਣ ਅਤੇ ਗਾਹਕਾਂ ਨੂੰ ਮੁੜ ਕਾਨੂੰਨੀ ਰਿਟੇਲਰਾਂ ਵੱਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਕਾਨੂੰਨ ਲਾਗੂ ਕਰਨ ਲਈ 200 ਮਿਲੀਅਨ ਡਾਲਰ
Coalition ਨੇ ਇਸ ਯੋਜਨਾ ਦੇ ਨਾਲ ਦੇਸ਼ ਪੱਧਰ ’ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ 200 ਮਿਲੀਅਨ ਡਾਲਰ ਦੇ ਨਿਵੇਸ਼ ਦਾ ਵੀ ਪ੍ਰਸਤਾਵ ਰੱਖਿਆ ਹੈ। ਪਾਰਟੀ ਅਨੁਸਾਰ, ਇਸ ਰਕਮ ਦੀ ਵਰਤੋਂ ਸੰਗਠਿਤ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਪੁਲਿਸ ਕਾਰਵਾਈਆਂ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਵੇਗੀ। Coalition ਦਾ ਦਾਅਵਾ ਹੈ ਕਿ ਗੈਰ-ਕਾਨੂੰਨੀ ਬਾਜ਼ਾਰ ਤੋਂ ਵਿਕਰੀ ਨੂੰ ਮੁੜ ਕਾਨੂੰਨੀ ਬਾਜ਼ਾਰ ਵਿੱਚ ਲਿਆਉਣ ਨਾਲ ਅਗਲੇ ਚਾਰ ਸਾਲਾਂ ਵਿੱਚ ਤੰਬਾਕੂ excise ਤੋਂ ਲਗਭਗ 8 ਬਿਲੀਅਨ ਡਾਲਰ ਵਾਧੂ ਸਰਕਾਰੀ ਆਮਦਨ ਹੋ ਸਕਦੀ ਹੈ। ਪਾਰਟੀ ਮੁਤਾਬਕ ਇਸ ਵਾਧੂ ਆਮਦਨ ਨਾਲ ਪ੍ਰਸਤਾਵਿਤ ਕਾਨੂੰਨ ਲਾਗੂ ਕਰਨ ਵਾਲਾ ਨਿਵੇਸ਼ ਕੀਤਾ ਜਾ ਸਕਦਾ ਹੈ।
ਵੈਪ ਅਤੇ ਨਿਕੋਟੀਨ ਪਾਊਚਾਂ ਬਾਰੇ ਵੀ ਯੋਜਨਾ
Coalition ਨੇ ਵੈਪ ਅਤੇ ਨਿਕੋਟੀਨ ਪਾਊਚਾਂ ਬਾਰੇ ਵੀ ਆਪਣੀ ਨੀਤੀ ਦੱਸੀ ਹੈ। ਇਸ ਤਹਿਤ ਬਾਲਗਾਂ ਲਈ ਇਨ੍ਹਾਂ ਉਤਪਾਦਾਂ ਨੂੰ ਕਾਨੂੰਨੀ ਬਣਾਉਣ, ਸਖ਼ਤ ਨਿਯਮਾਂ ਹੇਠ ਲਿਆਉਣ ਅਤੇ ਟੈਕਸ ਲਗਾਉਣ ਦਾ ਪ੍ਰਸਤਾਵ ਹੈ। Coalition ਦਾ ਕਹਿਣਾ ਹੈ ਕਿ ਇਸ ਨਾਲ ਇਨ੍ਹਾਂ ਉਤਪਾਦਾਂ ਨੂੰ ਗੈਰ-ਕਾਨੂੰਨੀ ਗਿਰੋਹਾਂ ਤੋਂ ਕੱਢ ਕੇ ਇੱਕ ਨਿਯੰਤਰਿਤ ਕਾਨੂੰਨੀ ਪ੍ਰਣਾਲੀ ਅਧੀਨ ਲਿਆਂਦਾ ਜਾ ਸਕੇਗਾ। ਨਾਬਾਲਗਾਂ ਨੂੰ ਵੈਪ ਜਾਂ ਨਿਕੋਟੀਨ ਉਤਪਾਦ ਵੇਚਣ ’ਤੇ ਸਖ਼ਤ ਸਜ਼ਾਵਾਂ ਦਾ ਵੀ ਪ੍ਰਸਤਾਵ ਹੈ। Coalition ਨੇ ਸਪੱਸ਼ਟ ਕੀਤਾ ਹੈ ਕਿ ਉਸ ਦੀ ਇਹ ਨੀਤੀ ਸਿਗਰਟਨੋਸ਼ੀ ਨੂੰ ਉਤਸ਼ਾਹਿਤ ਕਰਨ ਲਈ ਨਹੀਂ ਹੈ। ਪਾਰਟੀ ਨੇ ਸਰਕਾਰ ਦੀ ਮੌਜੂਦਾ ਤੰਬਾਕੂ ਨੀਤੀ ਦੀ ਵੀ ਆਲੋਚਨਾ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ 2021 ਦੇ ਅੰਤ ਤੋਂ ਬਾਅਦ ਆਸਟ੍ਰੇਲੀਆ ਵਿੱਚ ਤੰਬਾਕੂ ਦੀ ਖਪਤ ਲਗਭਗ 30 ਫੀਸਦੀ ਵਧੀ ਹੈ।
Coalition ਦਾ ਕਹਿਣਾ ਹੈ ਕਿ ਗੈਰ-ਕਾਨੂੰਨੀ ਤੰਬਾਕੂ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਅਪਰਾਧਿਕ ਗਿਰੋਹਾਂ ਦੀ ਆਮਦਨ ਦਾ ਸਰੋਤ ਬੰਦ ਕਰਨਾ, ਉਨ੍ਹਾਂ ਦੇ ਗਾਹਕਾਂ ਨੂੰ ਕਾਨੂੰਨੀ ਬਾਜ਼ਾਰ ਵੱਲ ਵਾਪਸ ਲਿਆਉਣਾ ਅਤੇ ਗਿਰੋਹਾਂ ਦੇ ਮੁੱਖ ਲੋਕਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨਾ ਜ਼ਰੂਰੀ ਹੈ। ਪਾਰਟੀ ਦਾ ਮੰਨਣਾ ਹੈ ਕਿ ਇਸ ਯੋਜਨਾ ਰਾਹੀਂ ਗੈਰ-ਕਾਨੂੰਨੀ ਤੰਬਾਕੂ ਦੇ ਕਾਰੋਬਾਰ ਨੂੰ ਕਮਜ਼ੋਰ ਕਰਨ ਅਤੇ NSW ਸਮੇਤ ਆਸਟ੍ਰੇਲੀਆ ਦੇ ਭਾਈਚਾਰਿਆਂ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਸੈਨੇਟਰ ਡੇਵ ਸ਼ਰਮਾ ਅੰਤਰਰਾਸ਼ਟਰੀ ਵਿਕਾਸ ਅਤੇ ਇੰਡੋ-ਪੈਸੀਫਿਕ ਮਾਮਲਿਆਂ ਲਈ ‘ਸ਼ੈਡੋ ਅਸਿਸਟੈਂਟ ਮਨਿਸਟਰ’ ਅਤੇ ਨਾਗਰਿਕਤਾ ਤੇ ਬਹੁ-ਸੱਭਿਆਚਾਰਕ ਮਾਮਲਿਆਂ ਲਈ ‘ਸ਼ੈਡੋ ਅਸਿਸਟੈਂਟ ਮਨਿਸਟਰ’ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
