Punjab

ਸ੍ਰੀ ਹਰਿਮੰਦਰ ਸਾਹਿਬ ’ਚ ਬੇਅਦਬੀ ਕਰਨ ਵਾਲੇ ਨੂੰ ਭੜਕੀ ਭੀੜ ਨੇ ਮਾਰ ਦਿੱਤਾ

ਅੰਮ੍ਰਿਤਸਰ – ਦਰਬਾਰ ਸਾਹਿਬ ਅੰਮ੍ਰਿਤਸਰ ‘ਚ ਇੱਕ ਵਿਅਕਤੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਮੌਕੇ ਤੋਂ ਹੀ ਚੌਕਸ ਸੇਵਾਦਾਰਾਂ ਨੇ ਕਾਬੂ ਕਰ ਲਿਆ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਅਸਥਾਨ ’ਤੇ ਚੱਲ ਰਹੇ ਰਹਿਰਾਸ ਸਾਹਿਬ ਜੀ ਦੇ ਪਾਠ ਦਰਮਿਆਨ ਇਕ ਪ੍ਰਵਾਸੀ ਵਿਅਕਤੀ ਵਲੋਂ ਜੰਗਲਾ ਟੱਪ ਕੇ ਬੇਅਦਬੀ ਕੀਤੀ ਗਈ। ਜਿਸ ਸਮੇਂ ਦਰਬਾਰ ਸਾਹਿਬ ‘ਚ ਸ਼ਰਧਾਲੂ ਮੱਥਾ ਟੇਕ ਰਹੇ ਸਨ ਤਾਂ ਇੱਕ ਵਿਅਕਤੀ ਗੁਰੂ ਸਾਹਿਬ ਜੀ ਦੇ ਸੁਸ਼ੋਭਿਤ ਵਾਲੀ ਥਾਂ ‘ਤੇ ਜੰਗਲਾ ਟੱਪ ਕੇ ਆ ਗਿਆ ਅਤੇ ਉਸ ਨੇ ਰੁਮਾਲਾ ਸਾਹਿਬ ‘ਤੇ ਪੈਰ ਰੱਖ ਦਿੱਤਾ। ਪਰ ਉਸ ਨੂੰ ਗੁਰੂ ਗ੍ਰੰਥ ਸਾਹਿਬ ਕੋਲ ਜਾਣ ਤੋਂ ਪਹਿਲਾਂ ਹੀ ਮੌਕੇ ‘ਤੋਂ ਹੀ ਚੌਕਸ ਸੇਵਾਦਾਰਾਂ ਨੇ ਕਾਬੂ ਕਰ ਲਿਆ ਗਿਆ ਸੀ। ਇਸ ਵਿਅਕਤੀ ਵਲੋਂ ਦਰਸ਼ਨ ਕਰਨ ਵਾਲੇ ਪਾਸਿਓਂਂ ਜੰਗਲਾ ਟੱਪ ਕੇ ਅੰਦਰ ਦਾਖਲ ਹੋਇਆ ਅਤੇ ਤਾਬਿਆ ਦੇ ਅਗਲੇ ਪਾਸੇ ਪਈ ਇਤਿਹਾਸਕ ਕਿਰਪਾਨ ਨੂੰ ਵੀ ਚੁੱਕ ਲਿਆ। ਖਿੱਚੋਤਾਣ ਦੇ ਵਿਚ ਪ੍ਰਵਾਸੀ ਵਿਅਕਤੀ ਦਾ ਪੈਰ ਵੀ ਤਾਬਿਆ ਦੇ ਅਗਲੇ ਪਾਸੇ ਲੱਗੇ ਰੁਮਾਲਿਆਂ ਅਤੇ ਸਿਹਰਿਆਂ ’ਤੇ ਪੈ ਗਿਆ। ਮੌਕੇ ’ਤੇ ਤਾਇਨਾਤ ਸ਼੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਉਸ ਵਿਅਕਤੀ ਨੂੰ ਕਾਬੂ ਕਰਕੇ ਬਾਹਰ ਲਿਆਂਦਾ। ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਅਤੇ ਉਨ੍ਹਾਂ ਦੇ ਨਾਲ ਸਾਈਡ ’ਤੇ ਬੈਠੇ ਚੌਰ-ਬਰਦਾਰ ਭਾਈ ਸਾਹਿਬ ਸਿੰਘ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਇਸ ਮੌਕੇ ਤਾਬਿਆ ਬੈਠ ਕੇ ਪਾਠ ਕਰ ਰਹੇ ਗ੍ਰੰਥੀ ਸਿੰਘ ਨੇ ਸੂਝ ਬੂਝ ਦਾ ਪ੍ਰਗਟਾਵਾ ਕਰਦਿਆਂ ਅਡੋਲ ਰਹਿੰਦੇ ਹੋਏ ਰਹਿਰਾਸ ਸਾਹਿਬ ਦਾ ਪਾਠ ਜਾਰੀ ਰੱਖ਼ਿਆ। ਜਦਕਿ ਉਨ੍ਹਾਂ ਦੇ ਨਾਲ ਡਿਊਟੀ ‘ਤੇ ਬੈਠੇ ਸਿੰਘ ਵੀ ਉਕਤ ਵਿਅਕਤੀ ਨੂੰ ਦਬੋਚਨ ਲਈ ਭੱਜੇ। ਇਸੇ ਦੌਰਾਨ ਇਸ ਹਰਕਤ ਨੂੰ ਵੇਖ਼ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਿਛਲੇ ਪਾਸੇ ਬੈਠੀ ਪਾਠ ਸੁਣ ਰਹੀ ਸੰਗਤ ਵੀ ਹੈਰਾਨ ਰਹਿ ਗਈ ਅਤੇ ਮੌਜੂਦ ਬੈਠੀ ਸੰਗਤ ਵੀ ਇਕਦਮ ਖੜੀ ਹੋ ਗਈ। ਕਾਬੂ ਕੀਤੇ ਪ੍ਰਵਾਸੀ ਵਿਅਕਤੀ ਨੂੰ ਪਹਿਲਾਂ ਪ੍ਰਕਰਮਾ ਵਿਖੇ ਸੀਸੀਟੀਵੀ ਕੰਟਰੋਲ ਰੂਮ ਕਮਰਾ ਨੰਬਰ 50 ਵਿਖੇ ਲਿਆਂਦਾ ਗਿਆ। ਉਸ ਤੋਂ ਉਪਰੰਤ ਇਸ ਵਿਅਕਤੀ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਉਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਖੜਿਆ ਗਿਆ। ਇਸੇ ਦਰਮਿਆਨ ਇਕ ਨਿੱਜੀ ਚੈਨਲ ’ਤੇ ਚੱਲ ਰਹੇ ਲਾਈਵ ਪ੍ਰਸਾਰਣ ’ਤੇ ਵੀ ਇਹ ਘਟਨਾ ਸੰਗਤਾਂ ਦੇ ਦੇਖਣ ਵਿਚ ਆ ਗਈ। ਜਿਸ ਦੇ ਫਲਸਰੂਪ ਇਹ ਵੀਡੀਆ ਸੋਸ਼ਲ ਮੀਡੀਆ ’ਤੇੇ ਅੱਗ ਵਾਂਗ ਫੈਲ ਗਈ, ਜਿਸ ਨੂੰ ਦੇਖਦਿਆਂ ਕੁਝ ਜਥੇਬੰਦੀਆਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚ ਗਈਆਂ। ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਬੇਅਦਬੀ ਦੀ ਕੋਸ਼ਿਸ਼ ਕਰਨ ਦੀ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਸਿੱਖ ਸੰਗਤ ‘ਚ ਰੋਸ ਫੈਲ ਗਿਆ। ਜਿਸ ਤੋਂ ਬਾਅਦ ਜਦੋਂ ਭੀੜ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਭੀੜ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਾਲੇ ਵਿਅਕਤੀ ਦੀ ਮੌਤ ਦੀ ਐਸ ਜੀ ਪੀ ਸੀ ਵੱਲੋਂ ਪੁਸ਼ਟੀ ਕਰ ਦਿੱਤੀ ਗਈ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਇਸ ਘਟਨਾ ਦੇ ਸਾਹਮਣੇ ਆਉਣ ’ਤੇ ਮੌਕੇ ’ਤੇ ਪਹੁੰਚ ਗਏ। ਪੁਲਿਸ ਪ੍ਰਸ਼ਾਸਨ ਵੀ ਇਸ ਘਟਨਾ ਦੇ ਪਤਾ ਚੱਲਦਿਆਂ ਹੀ ਐੱਸਪੀ ਹਰਪਾਲ ਸਿੰਘ ਵੀ ਆਪਣੇ ਮੁਲਾਜਮਾਂ ਨਾਲ ਪਹੁੰਚ ਗਏ ਸਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸੁਖਦੇਵ ਸਿੰਘ ਭੋਰਾਕੋਹਨਾ ਤੇ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਗੁਰਿੰਦਰ ਸਿੰਘ ਮਥਰੇਵਾਲ ਵੀ ਮੌਕੇ ’ਤੇ ਮੌਜੂਦ ਸਨ। ਸ਼੍ਰੋਮਣੀ ਕਮੇਟੀ ਵਲੋਂ ਮ੍ਰਿਤਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਇਸ ਸਬੰਧੀ ਅਗਲੇਰੀ ਕਾਰਵਾਈ ਵਿਚ ਰੁੱਝ ਗਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਲੁਧਿਆਣੇ ਦੇ ਇਕ ਵਿਅਕਤੀ ਵਲੋਂ ਸੁਖਮਨੀ ਸਾਹਿਬ ਦਾ ਗੁਟਕਾ ਵੀ ਸਰੋਵਰ ਵਿਚ ਸੁੱਟ ਕੇ ਬੇਅਦਬੀ ਕੀਤੀ ਗਈ ਸੀ, ਜਿਸ ਦੀ ਪੜਤਾਲ ਹਾਲੇ ਵੀ ਪੁਲਿਸ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਹੈ।

ਇਸ ਘਟਨਾ ਸਬੰਧੀ ਹੋਰ ਮਿਲੀ ਜਾਣਕਾਰੀ ਦੇ ਅਨੁਸਾਰ ਕੱਲ੍ਹ ਸ਼ਨੀਵਾਰ ਨੂੰ ਸੰਧਿਆ ਦੇ ਦੀਵਾਨ ਦੇ ਦੌਰਾਨ ਇਕ ਨੌਜਵਾਨ ਨੇ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਨੌਜਵਾਨ, ਜੋ ਯੂਪੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਜਦੋਂ ਉਹ ਦਰਬਾਰ ਸਾਹਿਬ ਪਹੁੰਚਿਆ ਤਾਂ ਸਿਰ ‘ਤੇ ਰੁਮਾਲ ਬੰਨਿ੍ਹਆ ਹੋਇਆ ਸੀ। ਇਸ ਘਟਨਾ ਸਮੇਂ ਬਾਬਾ ਬਲਜਿੰਦਰ ਸਿੰਘ ਉਥੇ ਮੌਜੂਦ ਸਨ। ਉਸ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਸੱਚਖੰਡ ਸਾਹਿਬ ਦੇ ਨੇੜੇ ਲੱਗੀ ਪਿੱਤਲ ਦੀ ਗਰਿੱਲ ‘ਤੇ ਚੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ (ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ) ਦੇ ਤਾਬਿਆ ਦੇ ਨੇੜੇ ਪਹੁੰਚ ਗਿਆ ਅਤੇ ਉਸਨੇ ਬਹੁਤ ਹੀ ਫੁਰਤੀ ਦੇ ਨਾਲ ਸ਼੍ਰੀ ਸਾਹਿਬ ਨੂੰ ਚੁੱਕ ਲਿਆ। ਇਹ ਦੇਖ ਕੇ ਉਥੇ ਮੌਜੂਦ ਸੇਵਾਦਾਰ ਤੁਰੰਤ ਹਰਕਤ ਵਿੱਚ ਆਏ ਅਤੇ ਨੌਜਵਾਨ ਨੂੰ ਫੜ ਲਿਆ। ਉਥੇ ਮੌਜੂਦ ਸੰਗਤਾਂ ਭੜਕ ਗਈਆਂ ਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੌਜਵਾਨ ਨੂੰ ਫੜ ਕੇ ਕਮਰਾ ਨੰਬਰ 50 ਵਿੱਚ ਲਿਜਾਇਆ ਗਿਆ। ਉਥੇ ਉਸ ਤੋਂ ਪੁੱਛਗਿੱਛ ਕੀਤੀ। ਉਸ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਹ ਕਿੱਥੋਂ ਆਇਆ ਹੈ। ਇਸ ਤੋਂ ਬਾਅਦ ਉਸ ਨੂੰ ਸਖ਼ਤੀ ਨਾਲ ਪੁੱਛਿਆ ਗਿਆ। ਉਸ ਦੀਆਂ ਉਂਗਲਾਂ ਟੁੱਟ ਗਈਆਂ ਅਤੇ ਸਿਰ ‘ਤੇ ਜ਼ੋਰਦਾਰ ਵਾਰ ਕੀਤਾ ਗਿਆ। ਖੂਨ ਨਾਲ ਲੱਥਪੱਥ ਨੌਜਵਾਨ ਦੀ ਉੱਥੇ ਹੀ ਮੌਤ ਹੋ ਗਈ। ਹੁਣ ਉਸ ਦੀ ਲਾਸ਼ ਨੂੰ ਉਥੋਂ ਕੱਢ ਲਿਆ ਗਿਆ ਹੈ। ਬਲਜਿੰਦਰ ਸਿੰਘ ਨੇ ਕਿਹਾ ਕਿ ਜਿਸ ਪਾਪੀ ਨੇ ਇੱਥੇ ਗੁਨਾਹ ਕੀਤਾ ਸੀ, ਉਸ ਨੂੰ ਇੱਥੇ ਸਜ਼ਾ ਮਿਲੀ ਹੈ। ਉਸ ਕੋਲੋਂ ਕੋਈ ਦਸਤਾਵੇਜ਼ ਨਾ ਮਿਲਣ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਬਾਬਾ ਬਲਜਿੰਦਰ ਸਿੰਘ ਅਨੁਸਾਰ ਜਿਸ ਸਮੇਂ ਦਰਬਾਰ ਸਾਹਿਬ ਵਿੱਚ ਇਹ ਸਾਰੀ ਘਟਨਾ ਵਾਪਰੀ, ਉਸ ਸਮੇਂ ਰਹਿਰਾਸ ਸਾਹਿਬ ਦਾ ਪਾਠ ਕੀਤਾ ਜਾ ਰਿਹਾ ਸੀ ਜੋ ਲਾਈਵ ਟੀਵੀ ‘ਤੇ ਪ੍ਰਸਾਰਿਤ ਕੀਤਾ ਜਾ ਰਿਹਾ ਸੀ। ਹਜ਼ਾਰਾਂ ਲੋਕ ਗੁਰਬਾਣੀ ਸਰਵਣ ਕਰ ਰਹੇ ਸਨ। ਜਿਵੇਂ ਹੀ ਲੋਕਾਂ ਨੇ ਇਸ ਘਟਨਾ ਨੂੰ ਟੀਵੀ ‘ਤੇ ਦੇਖਿਆ ਤਾਂ ਵੱਡੀ ਗਿਣਤੀ ‘ਚ ਲੋਕ ਉਥੇ ਆਉਣੇ ਸ਼ੁਰੂ ਹੋ ਗਏ। ਲੋਕ ਉਸ ਨੌਜਵਾਨ ਵਾਰੇ ਪੁੱਛ ਰਹੇ ਸਨ ਪਰ ਬੇਸ਼ੱਕ ਲਾਸ਼ ਉਥੋਂ ਕੱਢ ਲਈ ਗਈ ਸੀ ਪਰ ਲਾਸ਼ਾਂ ਨਾ ਦਿਖਾਏ ਜਾਣ ਕਾਰਨ ਲੋਕ ਬਹੁਤ ਗੁੱਸੇ ਵਿਚ ਸਨ।

ਇਸੇ ਦੌਰਾਨ ਡੀ ਸੀ ਪੀ ਅੰਮ੍ਰਿਤਸਰ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਇੱਕ 25 ਸਾਲਾ ਨੌਜਵਾਨ ਦਰਬਾਰ ਸਾਹਿਬ ਆਇਆ ਸੀ। ਉਥੋਂ ਪਿੱਤਲ ਦੀ ਗਰਿੱਲ ਪਾਰ ਕਰਕੇ ਸ੍ਰੀ ਸਾਹਿਬ ਨੂੰ ਚੁੱਕ ਕੇ ਭੱਜਣ ਲੱਗਾ ਤਾਂ ਸੰਗਤਾਂ ਨੇ ਉਸਨੂੰ ਨੂੰ ਫੜ ਕੇ ਕੁੱਟਿਆ। ਕੁੱਟਮਾਰ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦਰਬਾਰ ਸਾਹਿਬ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਨੌਜਵਾਨ ਨਾਲ ਕੌਣ-ਕੌਣ ਸੀ ਅਤੇ ਕਿੱਥੋਂ ਆਇਆ, ਹਰ ਹਰਕਤ ਦੀ ਡੂੰਘੀ ਜਾਂਚ ਕੀਤੀ ਜਾ ਰਹੀ ਹੈ।

Related posts

ਪੰਜਾਬ ਭਰ ਵਿੱਚ ਹੜ੍ਹ ਵਰਗੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਗੋਇਲ

admin

ਸ਼੍ਰੋਮਣੀ ਅਕਾਲੀ ਦਲ ਵਲੋਂ 33 ਜ਼ਿਲ੍ਹਾ (ਸ਼ਹਿਰੀ ਤੇ ਦਿਹਾਤੀ) ਪ੍ਰਧਾਨ ਨਿਯੁਕਤ !

admin

ਮੁੜ ਉਤਸ਼ਾਹਿਤ ਹੋਣਗੀਆਂ ਬੈਲਗੱਡੀਆਂ ਦੀਆਂ ਦੌੜਾਂ ਤੇ ਪੇਂਡੂ ਰਵਾਇਤੀ ਖੇਡਾਂ: ਚੀਮਾ

admin