ਚੰਡੀਗੜ੍ਹ – ਪੰਜਾਬ ਦੇ ਸਾਬਕਾ ਮੁੱਖ-ਮਮਤਰੀ ਕੈਪਟਨ ਅਮਰਿੰਦਰ ਦੇ ਵਲੋਂ ਅਸਤੀਫ਼ਾ ਅਤੇ ਨਵਜੋਤ ਸਿੰਘ ਸਿੱਧੂ ਤੋਂ ਸੰਭਾਵੀ ਮੁੱਖ-ਮੰਤਰੀ ਦੀ ਕੁਰਸੀ ਦਾ ਦੂਰ ਹੁੰਦੇ ਜਾਣ ਤੋਂ ਕਾਹਲੀ ਦੇ ਵਿੱਚ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿੱਤੇ ਅਸਤੀਫ਼ਾ ਨੇ ਪੰਜਾਬ ਹੀ ਨਹੀਂ ਬਲਕਿ ਕਾਂਗਰਸ ਹਾਈਕਮਾਂਡ ਨੂੰ ਡੂੰਘੀ ਚਿੰਤਾ ਦੇ ਵਿੱਚ ਪਾ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਨਵਜੋਤ ਸਿੰਘ ਸਿੱਧੂ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਵਿਚ ਉੱਠੇ ਤੁਫ਼ਾਨ ਨੂੰ ਸ਼ਾਂਤ ਕਰਨ ਦੇ ਲਈ ਕੋਸ਼ਿਸ਼ਾਂ ਜਾਰੀ ਹਨ। ਇਸ ਲਈ ਉਨ੍ਹਾਂ ਦੇ ਅਸਤੀਫ਼ੇ ਨੂੰ ਭਾਵੇਂ ਹਾਈਕਮਾਂਡ ਨੇ ਸਵਿਕਾਰ ਨਹੀਂ ਕੀਤਾ ਹੈ, ਪਰ ਹਾਈਕਮਾਂਡ ਵਲੋਂ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ।
ਸੈਕਟਰ-3 ਸਥਿਤ ਪੰਜਾਬ ਭਵਨ ਵਿਚ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਦੋ ਘੰਟੇ ਮੀਟਿੰਗ ਚੱਲੀ ਪਰ ਉਸ ਦੇ ਬਾਵਜੂਦ ਸਿੱਧੂ ਵੱਲੋਂ ਉਠਾਏ ਗਏ ਮਸਲਿਆਂ ਦਾ ਹੱਲ ਹੋਣ ਸਬੰਧੀ ਭੇਤ ਬਰਕਰਾਰ ਹੈ। ਮੀਟਿੰਗ ਦੌਰਾਨ ਕੈਬਨਿਟ ਮੰਤਰੀ ਪ੍ਰਗਟ ਸਿੰਘ, ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਪਵਨ ਗੋਇਲ ਤੇ ਸੁਪਰਵਾਈਜ਼ਰ ਹਰੀਸ਼ ਚੌਧਰੀ ਵੀ ਮੌਜੂਦ ਸੀ। ਪਹਿਲਾਂ ਕਿਹਾ ਗਿਆ ਸੀ ਕਿ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕਰਨੀ ਸੀ। ਪਰ ਅਜਿਹਾ ਨਹੀਂ ਹੋਇਆ। ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਮੀਡੀਆ ਨਾਲ ਬਿਨ੍ਹਾਂ ਕਿਸੇ ਗੱਲਬਾਤ ਦੇ ਚਲੇ ਗਏ। ਮੀਟਿੰਗ ਤੋਂ ਬਾਅਦ ਕਿਸੇ ਵੱਲੋਂ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ। ਅਧਿਕਾਰੀਆਂ ਤੇ ਮੰਤਰੀਆਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਪੈਦਾ ਹੋਏ ਵਖਰੇਵਿਆਂ ਮਗਰੋਂ ਦੋ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇੱਥੇ ਪੰਜਾਬ ਭਵਨ ਵਿਚ ਵੀਰਵਾਰ ਸ਼ਾਮ ਨੂੰ ਚੰਨੀ ਤੇ ਸਿੱਧੂ ਵਿਚਾਲੇ ਦੋ ਘੰਟੇ ਮੀਟਿੰਗ ਚੱਲੀ। ਉਸ ਤੋਂ ਬਾਅਦ ਕਰੀਬ 6 ਵਜੇ ਪਹਿਲਾਂ ਚੰੰਨੀ ਮੀਟਿੰਗ ਵਿੱਚੋਂ ਬਾਹਰ ਆਏ ਤੇ ਉਨ੍ਹਾਂ ਤੋਂ ਕਰੀਬ ਅੱਧ ਘੰਟੇ ਬਾਅਦ ਸਿੱਧੂ ਬਾਹਰ ਆਏ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਕਿਸੇ ਪਾਰਟੀ ਆਗੂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ, ਇਸ ਵਾਸਤੇ ਇਹ ਅਜੇ ਵੀ ਭੇਤ ਬਣਿਆ ਹੋਇਆ ਹੈ ਕਿ ਸਿੱਧੂ ਵੱਲੋਂ ਉਠਾਏ ਮਸਲਿਆਂ ਦਾ ਹੱਲ ਹੋਇਆ ਹੈ ਜਾਂ ਨਹੀਂ। ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਵਿਚਕਾਰ ਹੋਈ ਮੀਟਿੰਗ ਦੇ ਨਤੀਜੇ ਬਾਰੇ ਅਜੇ ਸਸਪੈਂਸ ਬਣਿਆ ਹੋਇਆ ਹੈ ਕਿਉਂਕਿ ਪਾਰਟੀ ਜਾਂ ਸਰਕਾਰ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਜਿਸ ਹਿਸਾਬ ਨਾਲ ਦੋਹੇਂ ਨੇਤਾ ਅਤੇ ਮੀਟਿੰਗ ਵਿਚ ਸ਼ਾਮਲ ਬਾਕੀ ਮੰਤਰੀ ਅਤੇ ਨੇਤਾ ਬਿਨਾ ਕੁਝ ਬੋਲੇ ਮੀਡੀਆ ਤੋਂ ਟਾਲਾ ਵੱਟ ਕੇ ਪੰਜਾਬ ਭਵਨ ਤੋਂ ਨਿਕਲੇ ਇਸ ਤੋਂ ਅਨੁਮਾਨ ਇਹ ਲਾਇਆ ਜਾ ਰਿਹਾ ਸੀ ਕਿ ਅਜੇ ਮਸਲਾ ਨਿੱਬੜਿਆ ਨਹੀਂ ਹੈ। ਮੀਟਿੰਗ ਤੋਂ ਪਹਿਲਾਂ ਸਾਰੇ ਮੰਤਰੀ ਅਤੇ ਕਾਂਗਰਸ ਆਗੂ ਕਹਿ ਰਹੇ ਸਨ ਕਿ ਮਸਲਾ ਹੱਲ ਹੋ ਜਾਵੇਗਾ। ਪਰ ਜਦੋਂ ਬੈਠਕ ਖ਼ਤਮ ਹੋਈ ਤਾਂ ਚਰਨਜੀਤ ਸਿੰਘ ਚੰਨੀ ਇਕੱਲੇ ਹੀ ਪੰਜਾਬ ਭਵਨ ਵਿਚੋਂ ਉੱਠ ਕੇ ਚਲੇ ਗਏ। ਬੈਠਕ ਤੋਂ ਬਾਅਦ ਕੁਝ ਸਮਾਂ ਨਵਜੋਤ ਸਿੱਧੂ, ਪ੍ਰਗਟ ਸਿੰਘ, ਲਾਲ ਸਿੰਘ ਅਤੇ ਕਈ ਹੋਰ ਆਗੂਆਂ ਨਾਲ ਬੈਠੇ ਰਹੇ ਅਤੇ ਫਿਰ ਉਹ ਵੀ ਚੁੱਪਚਾਪ ਚਲੇ ਗਏ। ਕਿਹਾ ਜਾ ਰਿਹਾ ਸੀ ਕਿ ਅੱਜ ਦੀ ਮੀਟਿੰਗ ਬਾਰੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਮੀਡੀਆ ਨੂੰ ਅਧਿਕਾਰਤ ਤੌਰ ਉੱਤੇ ਜਾਣਕਾਰੀ ਦੇਣਗੇ। ਪਰ ਕਿਸੇ ਨੇ ਵੀ ਬੈਠਕ ਵਿਚ ਕੀ ਕੁਝ ਹੋਇਆ ਇਸ ਦੀ ਜਾਣਕਾਰੀ ਨਾ ਦਿੱਤੀ ਅਤੇ ਇਕੱਲੇ-ਇਕੱਲੇ ਮੀਡੀਆ ਤੋਂ ਬਚਦੇ ਹੋਏ ਚਲੇ ਗਏ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਪ੍ਰਧਾਨ ਦੇ ਅਹੁਦੇ ਉੱਤੇ ਬਣੇ ਰਹਿਣਗੇ ਅਤੇ ਸਰਕਾਰ ਤੇ ਪਾਰਟੀ ਵਿਚਾਲੇ ਤਾਲਮੇਲ ਬਿਠਾਉਣ ਲਈ ਇੱਕ ਤਾਲਮੇਲ ਕਮੇਟੀ ਦਾ ਗਠਨ ਹੋਵੇਗਾ। ਇਸ ਕਮੇਟੀ ਵਿਚ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਚੰਨੀ ਦੋਵੇਂ ਮੈਂਬਰ ਹੋਣਗੇ, ਇਸ ਵਿਚ ਹਾਈਕਮਾਂਡ ਦਾ ਵੀ ਨੁਮਾਇੰਦਾ ਹੋਵਗਾ ਅਤੇ ਇਸ ਕਮੇਟੀ ਦੀ ਹਰ ਹਫ਼ਤੇ ਬੈਠਕ ਹੋਵੇਗੀ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਅਤੇ ਨਾਰਾਜ਼ਗੀ ਸਬੰਧੀ ਕੁੱਝ ਸੂਤਰਾਂ ਦਾ
ਇਹ ਵੀ ਮੰਨਣਾ ਹੈ ਕਿ ਕਾਂਗਰਸ ਲੀਡਰਸ਼ਿਪ ਨੇ ਹਰੀਸ਼ ਚੌਧਰੀ ਨੂੰ ਭਵਿੱਖ ਵਿੱਚ ਸਰਕਾਰ ਅਤੇ ਸੰਗਠਨ ਦੇ ਤਾਲਮੇਲ ਦੀ ਜ਼ਿੰਮੇਵਾਰੀ ਸੌਂਪੀ ਹੈ। ਹਰੀਸ਼ ਚੌਧਰੀ, ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਦੀ ਸਮੇਂ-ਸਮੇਂ ‘ਤੇ ਮੀਟਿੰਗ ਹੋਵੇਗੀ ਜਿਸ ਵਿੱਚ ਨੀਤੀਗਤ ਫੈਸਲਿਆਂ ‘ਤੇ ਚਰਚਾ ਕੀਤੀ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਤਿੰਨ ਮੈਂਬਰੀ ਕਮੇਟੀ ਬਣਾਉਣ ਲਈ ਸਹਿਮਤ ਹੋ ਗਏ ਹਨ ਅਤੇ ਉਨ੍ਹਾਂ ਦਾ ਅਸਤੀਫ਼ਾ ਹਾਈਕਮਾਨ ਨੇ ਰੱਦ ਕਰ ਦਿੱਤਾ ਹੈ। ਇਸ ਤਰ੍ਹਾਂ ਸਿੱਧੂ ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਬਣੇ ਰਹਿਣਗੇ। ਹਾਲਾਂਕਿ ਕਾਂਗਰਸ ਪਾਰਟੀ ਅਤੇ ਕਿਸੇ ਵੀ ਨੇਤਾ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਪਤਾ ਲੱਗਾ ਹੈ ਕਿ ਵਿਵਾਦ ਇਸ ਹੱਦ ਤਕ ਸੁਲਝਾ ਲਿਆ ਗਿਆ ਸੀ ਕਿ ਮੁੱਖ ਮੰਤਰੀ ਚੰਨੀ ਨੇ ਸਿੱਧੂ ਦੀ ਇਹ ਕਹਿ ਕੇ ਅਧਿਕਾਰੀਆਂ ਨੂੰ ਹਟਾਉਣ ਦੀ ਮੰਗ ਨੂੰ ਟਾਲ ਦਿੱਤਾ ਕਿ ਭਵਿੱਖ ਵਿੱਚ ਇਹ ਮਸਲਾ ਠੰਡੇ ਬਸਤੇ ‘ਚ ਪਾ ਦਿੱਤਾ ਕਿ ਭਵਿੱਖ ਵਿੱਚ ਸਿੱਧੂ ਦੀ ਰਾਏ ਅਜਿਹੇ ਮਾਮਲਿਆਂ ਵਿੱਚ ਵੀ ਲਈ ਜਾਵੇਗੀ। ਨਵਜੋਤ ਸਿੱਧੂ ਤਿੰਨ ਮੈਂਬਰੀ ਕਮੇਟੀ ਦੇ ਗਠਨ ਲਈ ਵੀ ਸਹਿਮਤ ਹੋ ਗਏ ਹਨ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਅੱਜ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਵਿੱਚ ਗੱਲਬਾਤ ਹੋਈ। ਮੀਟਿੰਗ ਵਿੱਚ ਮੁੱਖ ਮੰਤਰੀ ਨੇ ਸਿੱਧੂ ਨੂੰ ਹਾਲੀਆ ਫੈਸਲੇ ਤੋਂ ਜਾਣੂ ਕਰਵਾਇਆ ਹੈ। ਸਿੱਧੂ ਨੂੰ ਦੱਸੇ ਗਏ ਕੁਝ ਫੈਸਲਿਆਂ ਨੂੰ ਅੰਸ਼ਿਕ ਰੂਪ ਵਿੱਚ ਬਦਲਿਆ ਜਾ ਸਕਦਾ ਹੈ, ਪਰ ਵੱਡੇ ਫੈਸਲੇ ਨਹੀਂ ਬਦਲੇ ਜਾਣਗੇ। ਮੀਟਿੰਗ ਦੌਰਾਨ ਸਿੱਧੂ ਨੂੰ ਇਹ ਵੀ ਦੱਸਿਆ ਗਿਆ ਕਿ ਕਾਂਗਰਸ ਲੀਡਰਸ਼ਿਪ ਮੁੱਖ ਮੰਤਰੀ ਦੇ ਫੈਸਲੇ ਦੇ ਨਾਲ ਹੈ। ਸਿੱਧੂ ਨੂੰ ਆਪਣਾ ਅਸਤੀਫਾ ਵਾਪਸ ਲੈਣ ਲਈ ਖੁਦ ਹੀ ਐਲਾਨ ਕਰਨਾ ਪਵੇਗਾ ਅਤੇ ਇਸ ਸਬੰਧੀ ਹਾਈ ਕਮਾਂਡ ਵੱਲੋਂ ਕੋਈ ਪਹਿਲ ਨਹੀਂ ਕੀਤੀ ਜਾਵੇਗੀ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਿਵਾਦ ‘ਚ ਸਿੱਧੂ ਨੂੰ ਜੇਕਰ ਮਨਾ ਵੀ ਲਿਆ ਜਾਂਦਾ ਹੈ ਤਾਂ ਵੀ ਕਾਂਗਰਸ ‘ਚ ਹੁਣ ਸਿੱਧੂ ਦੇ ਹਾਲਾਤ ਪਹਿਲਾਂ ਵਾਂਗ ਨਹੀਂ ਰਹਿ ਜਾਣਗੇ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਮੁਨੀਸ਼ ਤਿੜਾੜੀ ਅਤੇ ਕਈ ਹੋਰ ਕਾਂਗਰਸ ਆਗੂ ਸਿੱਧੂ ਵਲੋਂ ਖੜੇ੍ਹ ਕੀਤੇ ਹਾਲਾਤ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਮਾਣ ਘਟਾਉਣ ਵਾਲਾ ਮੰਨ ਰਹੇ ਹਨ। ਹਾਲੇ ਤੱਕ ਸਿੱਧੂ ਕਾਂਗਰਸ ‘ਚ ਰਾਹੁਲ ਤੇ ਪ੍ਰਿਯੰਕਾ ਗਾਂਧੀ ਦਾ ਖਾਸਮ-ਖਾਸ ਸੀ ਪਰ ਸਿੱਧੂ ਇਸ ਪੁਜ਼ੀਸ਼ਨ ਨੂੰ ਕਾਇਮ ਰੱਖਣ ‘ਚ ਅਸਫਲ ਰਿਹਾ। ਸਿੱਧੂ ਨੂੰ ਅਸਤੀਫ਼ਾ ਵਾਪਸ ਲੈਣ ਦੇ ਕਿਹਾ ਗਿਆ ਹੈ ਪਰ ਵੱਡਾ ਸਵਾਲ ਹੈ ਕਿ ਆਖਿਰ ਸਿੱਧੂ ਦੀ ਪਾਰਟੀ ‘ਚ ਕੀ ਇਮੇਜ ਰਹਿ ਜਾਵੇਗੀ? ਸਿੱਧੂ ਨੂੰ ਆਪਣੇ ਇਸ ਕਦਮ ਦਾ ਸਿਆਸੀ ਤੌਰ ‘ਤੇ ਕੁਝ ਨੁਕਸਾਨ ਤਾਂ ਭੁਗਤਣਾ ਹੀ ਪਵੇਗਾ। ਹਾਈਕਮਾਨ ਵੀ ਹੁਣ ਅੱਖਾਂ ਮੀਚ ਕੇ ਜ਼ਿਆਦਾ ਦੇਰ ਤੱਕ ਭਰੋਸਾ ਕਰਨ ਤੋਂ ਬਚ ਸਕਦੀ ਹੈ। ਇਹ ਵੀ ਗੱਲ ਲਗਭਗ ਤੈਅ ਹੈ ਕਿ ਵਿਧਾਨ ਸਭਾ ਚੋਣਾਂ ‘ਚ ਟਿਕਟ ਦੀ ਵੰਡ ‘ਚ ਵੀ ਸਿੱਧੂ ਦੀ ਨਹੀਂ ਚੱਲਣ ਵਾਲੀ ਅਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੱਧ ਅਹਿਮੀਅਤ ਦਿੱਤੀ ਜਾ ਸਕਦੀ ਹੈ। ਸਵਾਲ ਹੈ ਕਿ ਚੋਣਾਂ ਦੇ ਬਾਅਦ ਸਿੱਧੂ ਦਾ ਕੀ ਹੋਵੇਗਾ ਅਤੇ ਇਹੀ ਡਰ ਸਿੱਧੂ ਨੂੰ ਸਤਾ ਰਿਹਾ ਹੈ।
ਵਰਨਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਦੇ ਬਾਵਜੂਦ ਸਿੱਧੂ ਨੂੰ ਕਾਂਗਰਸ ਹਾਈ ਕਮਾਂਡ ਨੇ 18 ਜੁਲਾਈ ਨੂੰ ਸੂਬਾ ਪਾਰਟੀ ਪ੍ਰਧਾਨ ਨਿਯੁਕਤ ਕੀਤਾ ਸੀ। ਵਿਵਾਦ ਨਾ ਰੁਕਦੇ ਦੇਖ 18 ਸਤੰਬਰ ਨੂੰ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ 20 ਸਤੰਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਚੰਨੀ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਹਨ। ਹਾਲਾਂਕਿ, ਹੁਣ ਚੰਨੀ ਸਰਕਾਰ ਦੇ ਫੈਸਲਿਆਂ ਤੋਂ ਨਾਰਾਜ਼ ਹੋ ਕੇ ਸਿੱਧੂ ਨੇ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
previous post