Articles

ਪੰਜਾਬੀ ਲੋਕ ਗਾਇਕੀ ਦਾ ਬਾਬਾ ਬੋਹੜ ਉਸਤਾਦ ਲਾਲ ਚੰਦ ਯਮਲਾ ਜੱਟ !

ਲੇਖਕ: ਜਸਵਿੰਦਰ ਸਿੰਘ ਬਰਾੜ

ਦੁੱਧ ਚਿੱਟੇ ਰੰਗ ਦਾ ਕੁੜਤਾ ਚਾਦਰ ਪਾਈ, ਸਿਰ ‘ਤੇ ਸ਼ਮਲੇ ਵਾਲੀ ਪੱਗ ਬੰਨ੍ਹੀ, ਤੂੰਬੀ ਦਾ ਇੱਕ ਸਿਰਾ ਖੱਬੇ ਮੋਢੇ ਉੱਤੇ ਰੱਖ ਜਦੋਂ ਸੱਜੇ ਹੱਥ ਦੀਆਂ ਉਂਗਲਾ ਨਾਲ ਯਮਲਾ ਜੱਟ ਤੂੰਬੀ ਖੜਕਾਉਂਦਾ ਹੋਇਆ ਸਟੇਜ ਤੋਂ ਗਾਉਣਾ ਸ਼ੁਰੂ ਕਰਦਾ ਤਾਂ ਦਰਸ਼ਕਾਂ ਦੀ ਭੀੜ ਨੂੰ ਇੰਝ ਕੀਲ ਲੈਂਦਾ ਜਿਵੇਂ ਸਪੇਰਾ ਫ਼ਨੀਅਰ ਨਾਗਾਂ ਨੂੰ ਕੀਲ ਲੈਂਦਾ ਹੈ। ਪੰਜਾਬੀ ਦੇ ਇਸ ਮਹਾਨ ਫ਼ਨਕਾਰ ਦਾ ਜਨਮ 28 ਮਾਰਚ 1910 ਈ. ਨੂੰ ਚੱਕ ਨੰਬਰ 384, ਤਹਿਸੀਲ ਟੋਬਾ ਟੇਕ ਸਿੰਘ, ਜਿਲ੍ਹ੍ਹਾ ਲਾਇਲਪੁਰ ਦੇ ਪਿੰਡ ਈਸਾਪੁਰ ਵਿੱਚ ਸ਼੍ਰੀ ਖੇੜਾ ਰਾਮ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖ ਵਿੱਚੋਂ ਹੋਇਆ। ਮਾਤਾ-ਪਿਤਾ ਨੇ ਇਸ ਨਵਜੰਮੇ ਬੱਚੇ ਦਾ ਨਾਮ ਲਾਲ ਚੰਦ ਰੱਖਿਆ। ਕਿਹਾ ਜਾਂਦਾ ਹੈ ਕਿ ਲਾਲ ਚੰਦ ਦਾ ਜਨਮ ਪੀਰ ਕਟੋਰੇ ਸ਼ਾਹ ਦੀ ਦਰਗਾਹ ਉੱਪਰ  ਮਾਤਾ ਹਰਨਾਮ ਕੌਰ ਵੱਲੋਂ ਸਵਾ ਮਣ ਅੰਨ ਅਤੇ ਇੱਕ ਹਰੇ ਰੰਗ ਦੀ ਚਾਦਰ ਸੁੱਖਣ ਤੋਂ ਬਾਅਦ ਪੀਰ ਕਟੋਰੇ ਸ਼ਾਹ ਦੀ ਬਖਸ਼ਿਸ਼ ਨਾਲ ਹੋਇਆ ਸੀ।

1921 ਈ. ਵਿੱਚ ਪਿਤਾ ਖੇੜਾ ਰਾਮ ਦੀ ਮੌਤ ਹੋ ਜਾਣ ਨਾਲ ਬਚਪਨ ਵਿੱਚ ਹੀ ਲਾਲ ਚੰਦ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਲਾਲ ਚੰਦ ਦੇ ਤਿੰਨ ਹੋਰ ਭਰਾ ਕ੍ਰਮਵਾਰ ਚੂੰਨੀ ਲਾਲ, ਉਜਾਗਰ ਚੰਦ ਅਤੇ ਬਿਹਾਰੀ ਲਾਲ ਸਨ। ਪਿਤਾ ਦੀ ਮੌਤ ਤੋਂ ਬਾਅਦ ਲਾਲ ਚੰਦ ਆਪਣੀ ਮਾਂ ਅਤੇ ਭਰਾਵਾਂ ਨਾਲ ਆਪਣੇ ਨਾਨਕੇ ਪਿੰਡ 224-ਚੱਕ ਚੂਹੜ ਸਿੰਘ ਵਿਖੇ ਆਪਣੇ ਨਾਨਾ ਸ਼੍ਰੀ ਗੂੜਾ ਰਾਮ ਕੋਲ ਆ ਗਿਆ। ਲਾਲ ਚੰਦ ਨੇ ਸੁਰੰਗਾ ਵਜਾਉਣਾ ਆਪਣੇ ਨਾਨਾ ਗੂੜਾ ਰਾਮ ਕੋਲੋਂ ਹੀ ਸਿੱਖਿਆ ਸੀ। ਸੰਗੀਤ ਲਾਲ ਚੰਦ ਦੇ ਖੂਨ ਵਿੱਚ ਹੀ ਸੀ, ਪਰੰਤੂ ਫਿਰ ਵੀ ਲਾਲ ਚੰਦ ਨੇ ਲੋਕ ਸੰਗੀਤ ਦੀ ਰਸਮੀ ਸਿੱਖਿਆ ਪੰਡਿਤ ਸਾਹਿਬ ਦਿਆਲ ਅਤੇ ਸ਼ਾਸ਼ਤਰੀ ਸੰਗੀਤ ਦੀ ਰਸਮੀ ਸਿੱਖਿਆ ਉਸਤਾਦ ਚੌਧਰੀ ਮਜੀਦ ਕੋਲੋ ਗ੍ਰਹਿਣ ਕੀਤੀ।

1947 ਦੀ ਦੇਸ਼ ਵੰਡ ਤੋਂ ਬਾਅਦ ਲਾਲ ਚੰਦ ਨੇ ਆਪਣੇ ਪਰਿਵਾਰ ਸਮੇਤ ਪਹਿਲਾਂ ਬਟਾਲੇ ਅਤੇ ਫਿਰ ਲੁਧਿਆਣੇ ਪੱਕੇ ਤੌਰ ‘ਤੇ ਵਸੇਬਾ ਕਰ ਲਿਆ। ਇੱਥੇ ਆ ਕੇ ਲਾਲ ਚੰਦ ਨੇ ਰੋਜ਼ੀ ਰੋਟੀ ਲਈ ਪਾਪੜ ਵੇਲਦਿਆਂ ਪਹਿਲਾਂ ਰੇਵਲੇ ਸ਼ੈੱਡ ਵਿੱਚ ਮਜ਼ਦੂਰੀ ਕੀਤੀ ਅਤੇ ਫਿਰ ਸਟੇਜੀ ਕਵੀ ਰਾਮ ਨਰੈਣ ਸਿੰਘ ਦਰਦੀ ਦੇ ਬਾਗ ਵਿੱਚ ਮਾਲੀ ਦੀ ਨੌਕਰੀ ਕੀਤੀ। ਰਾਮ ਨਰਾਇਣ ਦਰਦੀ ਨੇ ਲਾਲ ਚੰਦ ਨੂੰ ਰਹਿਣ ਲਈ ਬਾਗ ਵਿੱਚ ਹੀ ਕੋਠਾ ਛੱਤ ਦਿੱਤਾ ਸੀ, ਜਿੱਥੇ ਲਾਲ ਚੰਦ ਆਪਣੀ ਪਤਨੀ ਰਾਮ ਰੱਖੀ ਅਤੇ ਬੱਚਿਆਂ ਸਮੇਤ ਆ ਕੇ ਰਹਿਣ ਲੱਗ ਪਿਆ। ਇੱਥੇ ਰਹਿੰਦੇ ਲਾਲ ਚੰਦ ਦੀ ਸੰਗੀਤ ਕਲਾ ਦਾ ਪਤਾ ਜਦ ਦਰਦੀ ਸਾਹਬ ਨੂੰ ਲੱਗਿਆ ਤਾਂ ਉਹ ਲਾਲ ਚੰਦ ਨੂੰ ਆਪਣੇ ਨਾਲ ਕਾਨਪੁਰ ਇੱਕ ਸਮਾਗਮ ਵਿੱਚ ਲੈ ਗਏ। ਜਿੱਥੇ ਲਾਲ ਚੰਦ ਨੇ ਪੰਜਾਬੀ ਸੂਬੇ ਬਾਰੇ ਇੱਕ ਕਵਿਤਾ ਦਾ ਅਜਿਹਾ ਗਾਨ ਕੀਤਾ ਕਿ ਉੱਥੇ ਬੈਠੇ ਵਿਦਵਾਨ ਅੱਛ! ਅੱਛ! ਕਰ ਉੱਠੇ।

ਹੌਲੀ-ਹੌਲੀ ਲਾਲ ਚੰਦ ਦੀ ਪਛਾਣ ਇੱਕ ਗੱਵੀਏ ਵਜੋਂ ਬਣਨ ਲੱਗ ਪਈ, ਇਸੇ ਦੌਰਾਨ ਉਸਦੀ ਮੁਲਾਕਾਤ ਪ੍ਰਸਿੱਧ ਕਵੀ ਸੁੰਦਰ ਦਾਸ ਆਸੀ ਨਾਲ ਹੋਈ। ਸੁੰਦਰ ਦਾਸ ਆਸੀ ਲਾਲ ਚੰਦ ਦੇ ਕਾਵਿ ਗੁਰੂ ਧਾਰਨ ਕਰ ਲਿਆ ਅਤੇ ਗੀਤ ਰਚਨ ਦੀ ਸਿੱਖਿਆ ਗ੍ਰਹਿਣ ਕਰਨ ਲੱਗੇ। ਲਾਲ ਚੰਦ ਕੋਰੇ ਅਨਪੜ੍ਹ ਸਨ, ਪਰ ਫਿਰ ਵੀ ਉਹ ਗੀਤ ਰਚ ਲੈਂਦੇ ਸਨ। ਸੁੰਦਰ ਦਾਸ ਆਸੀ ਨੇ ਹੀ ਲਾਲ ਚੰਦ ਨੂੰ ‘ਯਮਲਾ ਜੱਟ’ ਦਾ ਤਖ਼ੱਲਸ ਦਿੱਤਾ ਸੀ। ਅਕਾਸ਼ਵਾਣੀ ਕੇਂਦਰ ਜਲੰਧਰ ਤੋਂ ਯਮਲਾ ਜੱਟ ਨੇ ਪਹਿਲੀ ਵਾਰ 1950 ਈ. ਵਿੱਚ ਆਪਣਾ ਲਿਖਿਆ ਗੀਤ ‘ਮੈਨੂੰ ਲੈ ਚੱਲ ਨਦੀਓ ਪਾਰ, ਘੜੇ ਦੇ ਅੱਗੇ ਹੱਥ ਜੋੜਦੀ’ ਗਾਇਆ। ਇਸ ਤਰ੍ਹਾਂ ਅਕਾਸ਼ਵਾਣੀ ਤੋਂ ਗਾਏ ਗੀਤ ਤੋਂ ਬਾਅਦ ਲਾਲ ਚੰਦ ਅਕਾਸ਼ ਦੇ ਨਾਲ-ਨਾਲ ਦੂਰ-ਦੂਰ ਤੱਕ ਫੈਲਦਾ ਹੋਇਆ ਪ੍ਰਸਿੱਧ ਹੋ ਗਿਆ। ਯਮਲਾ ਜੱਟ ਨੂੰ ਦੂਰੋ-ਦੂਰੋ ਪ੍ਰੋਗਰਾਮ ਕਰਨ ਲਈ ਸੱਦੇ ਆਉਣ ਲੱਗੇ, ਉਸ ਵੇਲੇ ਹੁਣ ਵਾਂਗੂੰ ਆਵਜਾਈ ਦੇ ਸਾਧਨ ਵਿਕਸਤ ਨਹੀਂ ਸਨ ਹੋਏ, ਇਸ ਲਈ ਆਮ ਕਰਕੇ ਤੁਰਕੇ ਹੀ ਜਾਣਾ ਪੈਂਦਾ ਸੀ। ਹੁਣ ਯਮਲੇ ਜੱਟ ਨੇ ਲੋੜ ਮਹਿਸੂਸ ਕੀਤੀ ਕਿ ਭਾਰੇ ਸਾਜ਼ ਚੱਕਣ ਨਾਲੋਂ ਕਿਸੇ ਐਹੋ ਜਿਹੇ ਸਾਜ ਦੀ ਕਾਢ ਕੱਢੀ ਜਾਵੇ ਜੋ ਅਕਾਰ ਵਿੱਚ ਛੋਟਾ ਅਤੇ ਭਾਰ ਵਿੱਚ ਹਲਕਾ ਹੋਵੇ। ਯਮਲੇ ਜੱਟ ਦੀ ਇਸੇ ਲੋੜ ਵਿੱਚੋਂ ਤੂੰਬੀ ਦਾ ਜਨਮ ਹੋਇਆ ਇਸੇ ਕਰਕੇ ਯਮਲਾ ਜੱਟ ਨੂੰ ਤੂੰਬੀ ਦਾ ਦਾ ਖੋਜ਼ੀ, ਉਸਤਾਦ ਅਤੇ ਬਾਦਸ਼ਾਹ ਕਿਹਾ ਜਾਂਦਾ ਹੈ।

ਲਾਲ ਚੰਦ ਯਮਲਾ ਜੱਟ ਨੇ ਅਨੇਕਾਂ ਸਦਾਬਹਾਰ ਸੋਲੋ ਅਤੇ ਦੋਗਾਣੇ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਏ। ਲਾਲ ਚੰਦ ਯਮਲਾ ਜੱਟ ਦੇ ਗਾਏ ਗੀਤ ਅੱਜ ਵੀ ਓਨੇ ਹੀ ਮਕਬੂਲ ਹਨ ਜਿੰਨੇ ਕਿ ਉਹ ਉਸ ਦੌਰ ਵਿੱਚ ਸਨ, ਇਸਦਾ ਪ੍ਰਮਾਣ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੱਜਦੇ ਯਮਲਾ ਜੱਟ ਦੇ ਗਾਏ ਸਤਿਗੁਰੂ ਨਾਨਕ ਆਜਾ, ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਐ ਅਤੇ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਆਦਿ ਗੀਤ ਹਨ।

ਯਮਲਾ ਜੱਟ ਨੇ ਪੰਜਾਬੀ ਲੋਕ ਗਾਇਕੀ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਇਆ। ਪੰਜਾਬੀ ਲੋਕ ਸੰਗੀਤ ਵਿੱਚ ਓਨਾ ਦੇ ਪਾਏ ਯੋਗਦਾਨ ਬਦਲੇ ਭਾਰਤੀ ਸੰਗੀਤ ਨਾਟਕ ਅਕਾਦਮੀ ਵੱਲੋਂ ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ‘ਸਰਵੋਤਮ ਲੋਕ ਗਾਇਕ’ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਸੋਨ ਤਗਮਾਂ ਅਤੇ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਵੱਲੋਂ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।

ਬੇਸ਼ੱਕ ਪੰਜਾਬੀ ਲੋਕ ਗਾਇਕੀ ਦੇ ਬਾਬਾ ਬੋਹੜ ਲਾਲ ਚੰਦ ਯਮਲਾ ਜੱਟ 20 ਦਸੰਬਰ 1991 ਈ. ਨੂੰ ਇਸ ਫ਼ਾਨੀ ਦੁਨੀਆਂ ਤੋਂ ਰੁਖਸਤ ਲੈ ਗਏ, ਪਰ ਉਹ ਆਪਣੇ ਪੰਜਾਬੀ ਸੰਗੀਤ ਵਿੱਚ ਪਾਏ ਯੋਗਦਾਨ ਬਦਲੇ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਹਮੇਸ਼ਾ ਧ੍ਰੂੰ ਤਾਰਾ ਬਣਕੇ ਚਮਕਦੇ ਰਹਿਣਗੇ। ਮੈਂ ਇਸ ਮਹਾਨ ਫ਼ਨਕਾਰ ਅਤੇ ਅਦੁੱਤੀ ਸਖਸ਼ੀਅਤ ਦੇ ਜਨਮ ਦਿਹਾੜੇ ‘ਤੇ ਸਮੂਹ ਪੰਜਾਬੀਆਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਯਮਲਾ ਜੱਟ ਜੀ ਨੂੰ ਸਲਾਮ ਪੇਸ਼ ਕਰਦਾ ਹਾਂ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin

ਭਾਰਤ ’ਤੇ ਲਾਏ ਬੇਬੁਨਿਆਦ ਦੋਸ਼ ਟਰੂਡੋ ਸਰਕਾਰ ਦੇ ਸਿਆਸੀ ਏਜੰਡੇ ਦਾ ਹਿੱਸਾ !

admin