ਪੰਚਕੂਲਾ – ਹਰਿਆਣੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਕਿਸੇ ਤਰ੍ਹਾਂ ਪੈਰੋਲ ਰਾਹੀਂ ਜੇਲ ਵਿੱਚੋਂ ਬਾਹਰ ਨਿਕਲਣ ਦੀਆਂ ਉਮੀਦਾਂ ‘ਤੇ ਪਾਣੀ ਫਿਰਦਾ ਜਾ ਰਿਹਾ ਹੈ ਅਤੇ ਹੁਣ ਇੱਕ ਹੋਰ ਕੇਸ ਦੇ ਵਿੱਚ ਉਸਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਰਣਜੀਤ ਸਿੰਘ ਕਤਲ ਕੇਸ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਸ਼ੁੱਕਰਵਾਰ ਨੂੰ ਡੇਰਾਮੁਖੀ ਰਾਮ ਰਹੀਮ ਸਮੇਤ ਪੰਜ ਦੋਸ਼ੀਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਸਾਰੇ ਦੋਸ਼ੀਆਂ ਨੂੰ 12 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ। ਅੱਜ ਸ਼ੁੱਕਰਵਾਰ ਨੂੰ ਮਾਮਲੇ ਦੇ ਦੋਸ਼ੀ ਡੇਰਾਮੁਖੀ ਗੁਰਮੀਤ ਰਾਮ ਰਹੀਮ ਅਤੇ ਕ੍ਰਿਸ਼ਨਾ ਕੁਮਾਰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ। ਇਸ ਦੇ ਨਾਲ ਹੀ ਮੁਲਜ਼ਮ ਅਵਤਾਰ, ਜਸਵੀਰ ਅਤੇ ਸਬਦੀਲ ਸਿੱਧਾ ਅਦਾਲਤ ਵਿੱਚ ਪੇਸ਼ ਹੋਏ। ਇਸ ਮਾਮਲੇ ‘ਚ ਹੋਈ ਸੁਣਵਾਈ ਦੌਰਾਨ ਸਾਰੇ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਅਦਾਲਤ ਨੇ 26 ਅਗਸਤ ਨੂੰ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਉਣਾ ਸੀ। ਇਸਤਗਾਸਾ ਪੱਖ ਦੇ ਵਕੀਲ ਐਚਪੀਐਸ ਵਰਮਾ ਨੇ ਦੱਸਿਆ ਕਿ ਇਸ 19 ਸਾਲ ਪੁਰਾਣੇ ਕੇਸ ਵਿੱਚ ਬਚਾਅ ਪੱਖ ਦੀਆਂ ਅੰਤਮ ਦਲੀਲਾਂ 12 ਅਗਸਤ ਨੂੰ ਪੂਰੀਆਂ ਹੋ ਗਈਆਂ ਸਨ। ਸੀਬੀਆਈ ਜੱਜ ਡਾਕਟਰ ਸੁਸ਼ੀਲ ਕੁਮਾਰ ਗਰਗ ਦੀ ਅਦਾਲਤ ਵਿੱਚ ਕਰੀਬ ਢਾਈ ਘੰਟੇ ਦੀ ਬਹਿਸ ਤੋਂ ਬਾਅਦ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ।
2003 ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ
10 ਜੁਲਾਈ 2002 ਨੂੰ ਕੁਰੂਕਸ਼ੇਤਰ ਦੇ ਰਣਜੀਤ ਸਿੰਘ, ਜੋ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ ਦਾ ਕਤਲ ਕਰ ਦਿੱਤਾ ਗਿਆ ਸੀ। ਡੇਰਾ ਪ੍ਰਬੰਧਕਾਂ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਨੇ ਸਾਧਵੀ ਜਿਨਸੀ ਸ਼ੋਸ਼ਣ ਦੀ ਗੁਮਨਾਮ ਚਿੱਠੀ ਆਪਣੀ ਭੈਣ ਤੋਂ ਲਿਖਵਾਈ ਸੀ। ਪੁਲਿਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਦੇ ਪਿਤਾ ਨੇ ਜਨਵਰੀ 2003 ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਸੀਬੀਆਈ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। 2007 ਵਿੱਚ ਅਦਾਲਤ ਨੇ ਦੋਸ਼ੀਆਂ ਦੇ ਖਿਲਾਫ ਦੋਸ਼ ਤੈਅ ਕੀਤੇ ਸਨ।
ਜ਼ਿਕਰਯੋਗ ਹੈ ਕਿ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਪਹਿਲਾਂ ਹੀ 20 ਸਾਲ ਦੀ ਸਜ਼ਾ ਹੋ ਚੁੱਕੀ ਹੈ ਅਤੇ ਉਹ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ ਨੂੰ ਪਹਿਲਾਂ ਜਸਟਿਸ ਜਗਦੀਪ ਸਿੰਘ ਨੇ ਸਜ਼ਾ ਸੁਣਾਈ ਸੀ ਜੋ ਸੀਬੀਆਈ ਦੇ ਜੱਜ ਸਨ। ਇਸ ਸਾਲ ਜਗਦੀਪ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਜਗ੍ਹਾ ਡਾ: ਸੁਸ਼ੀਲ ਗਰਗ, ਜੋ ਕਿ ਚੰਡੀਗੜ੍ਹ ਵਿੱਚ ਸੀਬੀਆਈ ਜੱਜ ਸਨ ਨੂੰ ਪੰਚਕੂਲਾ ਸੀਬੀਆਈ ਵਿਸ਼ੇਸ਼ ਅਦਾਲਤ ਵਿੱਚ ਨਿਯੁਕਤ ਕੀਤਾ ਗਿਆ ਸੀ।