Australia & New Zealand

ਟੌਂਗਾ ‘ਚ ਜਵਾਲਾਮੁਖੀ ਫਟਣ ਤੋਂ ਬਾਅਦ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ‘ਚ ਸੁਨਾਮੀ ਦੀ ਚਿਤਾਵਨੀ !

ਮੈਲਬੌਰਨ – ਪ੍ਰਸ਼ਾਂਤ ਮਹਾਸਾਗਰ ਵਿੱਚ ਟੌਂਗਾ ਟਾਪੂ ਦੇ ਨੇੜੇ ਇੱਕ ਜਵਾਲਾਮੁਖੀ ਫਟਣ ਨਾਲ ਆਸਟ੍ਰੇਲੀਆ ਨਿਊਜ਼ੀਲੈਂਡ, ਫਿਜੀ ਅਤੇ ਅਮਰੀਕਾ ਵੀ ਅਲਰਟ ‘ਤੇ ਹਨ ਅਤੇ ਇਹਨਾਂ ਦੇਸ਼ਾਂ ਦੇ ਵਿੱਚ ਵੀ ਸੁਨਾਮੀ ਆਉਣ ਦੀ ਚਿਤਾਵਨੀ ਦਿੱਤੀ ਗਈ ਹੈ। ਜਵਾਲਾਮੁਖੀ ਫਟਣ ਤੋਂ ਬਾਅਦ ਧਮਾਕੇ ਕਾਰਨ ਪੈਦਾ ਹੋਈਆਂ ਸੁਨਾਮੀ ਦੀਆਂ ਲਹਿਰਾਂ ਅਮਰੀਕਾ ਅਤੇ ਜਾਪਾਨ ਤੱਕ ਮਹਿਸੂਸ ਕੀਤੀਆਂ ਗਈਆਂ ਹਨ।
ਆਸਟ੍ਰੇਲੀਆ ਦੇ ਪੂਰਬੀ ਤੱਟ ਦੇ ਬਹੁਤ ਸਾਰੇ ਹਿੱਸੇ ਸਮੇਤ, ਸੁਨਾਮੀ ਦੀਆਂ ਕਈ ਚੇਤਾਵਨੀਆਂ ਅਜੇ ਵੀ ਲਾਗੂ ਹਨ। ਮੌਸਮ ਵਿਗਿਆਨੀਆਂ ਨੇ ਪੂਰਬੀ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਲਈ ਸੁਨਾਮੀ ਦੀ ਸਲਾਹ ਜਾਰੀ ਕੀਤੀ ਹੈ। ਨਿਊਜ਼ੀਲੈਂਡ ਦੀ ਸੁਨਾਮੀ ਦੀ ਚਿਤਾਵਨੀ ਸਲਾਹ ਇਸ ਦੇ ਉੱਤਰੀ ਅਤੇ ਪੂਰਬੀ ਤੱਟਾਂ ਲਈ ਹੈ। ਨਿਊਜ਼ੀਲੈਂਡ, ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਦੇ ਲਾਰਡ ਹੋਵ, ਨਾਰਫੋਕ ਅਤੇ ਮੈਕਵੇਰੀ ਟਾਪੂਆਂ ਸਮੇਤ ਪ੍ਰਸ਼ਾਂਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਸੁਨਾਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।

ਟੌਂਗਾ ਦੇ ਲੋਕਾਂ ਨੇ ਦੱਸਿਆ ਕਿ ਧਮਾਕੇ ਨੇ ਕਈ ਮਿੰਟਾਂ ਤੱਕ ਧਰਤੀ ਨੂੰ ਹਿਲਾ ਦਿੱਤਾ ਅਤੇ ਇਸਦੀ ਉੱਚੀ ਗੂੰਜ ਸੁਣਾਈ ਦਿੱਤੀ। ਜਵਾਲਾਮੁਖੀ ਫਟਣ ਦੀਆਂ ਲਹਿਰਾਂ ਨੂੰ 1,000 ਕਿਲੋਮੀਟਰ ਦੂਰ ਫਿਜੀ ਵਿੱਚ ਸਪਸ਼ਟ ਤੌਰ ‘ਤੇ ਮਹਿਸੂਸ ਕੀਤਾ ਗਿਆ ਅਤੇ ਇੱਥੋਂ ਤੱਕ ਕਿ 9,000 ਕਿਲੋਮੀਟਰ ਤੋਂ ਵੱਧ ਦੂਰ ਅਲਾਸਕਾ ਤੱਕ ਵੀ ਮਹਿਸੂਸ ਕੀਤਾ ਗਿਆ।

ਆਸਟ੍ਰੇਲੀਆ ਦੇ ਮੌਸਮ ਵਿਗਿਆਨਆਂ ਨੇ ਕੁਈਨਜ਼ਲੈਂਡ, ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਤਸਮਾਨੀਆ ਦੇ ਕੁੱਝ ਹਿੱਸਿਆਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਸਿਡਨੀ ਵਿੱਚ ਬੌਂਡੀ ਬੀਚ ਨੂੰ ਖਾਲੀ ਕਰਵਾਇਆ ਗਿਆ ਹੈ। ਮੌਸਮ ਵਿਗਿਆਨਆਂ ਨੇ ਹੇਠਲੇ ਇਲਾਕਿਆਂ ਲਈ ਚਿਤਾਵਨੀ ਜਾਰੀ ਕੀਤੀ ਹੈ:

• ਕੁਈਨਜ਼ਲੈਂਡ: ਸੈਂਡੀ ਕੇਪ ਤੋਂ ਪੁਆਇੰਟ ਡੇਂਜਰ ਤੱਕ
• ਨਿਊ ਸਾਊਥ ਵੇਲਜ਼: ਸਾਰੇ ਤੱਟਵਰਤੀ ਖੇਤਰ
• ਵਿਕਟੋਰੀਆ: ਲੇਕ ਐਂਟਰਸ ਤੋਂ ਗੈਬੋ ਆਈਲੈਂਡ ਤੱਕ
• ਤਸਮਾਨੀਆ: ਫਲਿੰਡਰਜ਼ ਆਈਲੈਂਡ ਤੋਂ ਸਾਊਥ ਈਸਟ ਕੇਪ

ਨਿਊਜ਼ੀਲੈਂਡ ਦੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਇਸਦੇ ਉੱਤਰੀ ਅਤੇ ਪੂਰਬੀ ਤੱਟਾਂ ਲਈ ਸੁਨਾਮੀ ਗਤੀਵਿਧੀ ‘ਤੇ ਇੱਕ ਚਿਤਾਵਨੀ ਜਾਰੀ ਕੀਤੀ ਹੈ।

ਸ਼ਨੀਵਾਰ ਰਾਤ ਨੂੰ ਜਾਪਾਨ ਦੇ ਅਮਾਮੀ ਓਸ਼ੀਮਾ ਤੱਟ ‘ਤੇ ਕਰੀਬ 1.2 ਮੀਟਰ ਉੱਚੀਆਂ ਸੁਨਾਮੀ ਲਹਿਰਾਂ ਆ ਗਈਆਂ। ਇਸ ਤੋਂ ਇਲਾਵਾ ਜਾਪਾਨ ਦੇ ਦੂਜੇ ਸਭ ਤੋਂ ਵੱਡੇ ਟਾਪੂ ਹੋਕਾਈਡੋ, ਕੋਚੀ ਅਤੇ ਵਾਕਾਯਾਮਾ ਵਿੱਚ ਅੱਧੀ ਰਾਤ ਨੂੰ ਸੁਨਾਮੀ ਆਈ। ਜਾਪਾਨੀ ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕਰ ਕੇ ਲੋਕਾਂ ਨੂੰ ਸਮੁੰਦਰ ‘ਚ ਜਾਣ ਤੋਂ ਰੋਕ ਦਿੱਤਾ ਹੈ। ਜਾਪਾਨ ਦੇ ਤੱਟਵਰਤੀ ਸ਼ਹਿਰਾਂ ਵਿੱਚ ਐਮਰਜੈਂਸੀ ਅਲਾਰਮ ਵਜਾ ਕੇ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ। ਇਨ੍ਹਾਂ ਸ਼ਹਿਰਾਂ ਵਿੱਚੋਂ ਲੋਕਾਂ ਨੂੰ ਕੱਢਣ ਦਾ ਕੰਮ ਵੀ ਜਾਰੀ ਹੈ।

ਜਵਾਲਾਮੁਖੀ ਫਟਣ ਤੋਂ ਬਾਅਦ ਆਸਟ੍ਰੇਲੀਆ ਨਿਊਜ਼ੀਲੈਂਡ, ਫਿਜੀ ਅਤੇ ਅਮਰੀਕਾ ਵੀ ਅਲਰਟ ‘ਤੇ ਹਨ ਅਤੇ ਇਹਨਾਂ ਦੇਸ਼ਾਂ ਦੇ ਵਿੱਚ ਸੁਨਾਮੀ ਦਾ ਅਲਰਟ ਜਾਰੀ ਕੀਤਾ ਹੈ। ਅਮਰੀਕਾ ਦੇ ਪੱਛਮੀ ਕਿਨਾਰੇ ‘ਤੇ ਸਥਿਤ ਸ਼ਹਿਰ ਸੈਨ ਫਰਾਂਸਿਸਕੋ ‘ਚ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਸਮੁੰਦਰ ਦੇ ਕਿਨਾਰਿਆਂ ਤੋਂ ਦੂਰ ਰਹਿਣ ਲਈ ਕਿਹਾ ਹੈ।

ਵਰਨਣਯੋਗ ਹੈ ਕਿ ਟੌਂਗਾ ਦੇ ਵਿੱਚ ਸ਼ਨੀਵਾਰ ਨੂੰ ਦੁਪਹਿਰ 5:30 ਵਜੇ ਹੁੰਗਾ ਟੌਂਗਾ-ਹੁੰਗਾ ਹਾਪਾਈ ਦੇ ਵਿੱਚ ਜਵਾਲਾਮੁਖੀ ਫਟ ਗਿਆ ਤੇ ਸੁਨਾਮੀ ਦੀਆਂ ਲਹਿਰਾਂ ਨੂੰ ਦੇਖਿਆ ਗਿਆ ਹੈ ਅਤੇ ਇਸ ਤੋਂ ਵੀਹ ਮਿੰਟਾਂ ਬਾਅਦ, ਸੁਨਾਮੀ ਦੀਆਂ ਲਹਿਰਾਂ ਗਲੀਆਂ, ਘਰਾਂ ਅਤੇ ਇਮਾਰਤਾਂ ਨੂੰ ਛੂਹਣ ਲੱਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ਅੱਠ ਮਿੰਟਾਂ ਤੱਕ, 800 ਕਿਲੋਮੀਟਰ ਤੋਂ ਵੱਧ ਦੂਰ ਫਿਜੀ ਵਿੱਚ ਵੀ ਉੱਚੀ ਗੂੰਜ ਦੇ ਰੂਪ ਵਿੱਚ ਜਵਾਲਾਮੁਖੀ ਫਟਣ ਦੀ ਆਵਾਜ਼ ਸੁਣੀ ਗਈ। ਇਸ ਦੀਆਂ ਤਸਵੀਰਾਂ ਸੈਟੇਲਾਈਟ ਵਿਚ ਵੀ ਲਈਆਂ ਗਈਆਂ। ਟੌਂਗਾ ਸਰਕਾਰ ਨੇ ਵੀ ਅਲਰਟ ਜਾਰੀ ਕਰਕੇ ਲੋਕਾਂ ਨੂੰ ਬੀਚ ਤੋਂ ਦੂਰ ਉੱਚੀਆਂ ਥਾਵਾਂ ਵੱਲ ਜਾਣ ਲਈ ਕਿਹਾ ਹੈ। ਟੌਂਗਾ ਦੇ ਅਸਮਾਨ ਵਿੱਚ ਸੁਆਹ ਦੇ ਬੱਦਲ ਉੱਡ ਰਹੇ ਹਨ, ਜਿਸ ਕਾਰਨ ਹਵਾਈ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਟੌਂਗਾ ਜਿਓਲਾਜੀਕਲ ਸਰਵਿਸਿਜ਼ ਮੁਤਾਬਕ ਧਮਾਕੇ ਦਾ ਘੇਰਾ ਕਰੀਬ 260 ਕਿਲੋਮੀਟਰ ਹੈ। ਟੌਂਗਾ ਟਾਪੂ ਦੇ ਨੇੜੇ ਸਮੁੰਦਰ ਵਿੱਚ ਜਵਾਲਾਮੁਖੀ ਪਿਛਲੇ ਸਾਲ ਦਸੰਬਰ ਤੋਂ ਰੁਕ-ਰੁਕ ਕੇ ਫਟਦਾ ਰਿਹਾ ਹੈ ਪਰ ਇਸ ਵਾਰ ਜਵਾਲਾਮੁਖੀ ਬਹੁਤ ਤੇਜ਼ੀ ਨਾਲ ਫਟਿਆ ਹੈ। ਟੌਂਗਾ ਦੇ ਜੁਆਲਾਮੁਖੀ ਫਟਣ ਤੋਂ ਲਗਭਗ 2,300 ਕਿਲੋਮੀਟਰ ਦੀ ਦੂਰੀ ਤੱਕ ਸਥਿਤ ਇਲਾਕਿਆਂ ਵਿੱਚ ਜ਼ਬਰਦਸਤ ਅਸਾਧਾਰਨ ਕਰੰਟ, ਅਤੇ ਸਮੁੰਦਰੀ ਕਿਨਾਰੇ ‘ਤੇ ਅਣਕਿਆਸੀਆਂ ਲਹਿਰਾਂ ਦੀ ਉਮੀਦ ਕੀਤੀ ਗਈ ਸੀ।

Related posts

ਆਸਟ੍ਰੇਲੀਆ ਅਤੇ ਭਾਰਤ ਸਾਫ਼ ਊਰਜਾ ਖੇਤਰ ਵਿੱਚ ਸਹਿਯੋਗ ਹੋਰ ਵਧਾਉਣਗੇ

admin

Shepparton Paramedic Shares Sikh Spirit of Service This Diwali

admin

Specialist Fees Soar: From $650 to $5,650 for Common Procedures

admin