ArticlesInternationalReligion

ਇਟਲੀ ‘ਚ 2 ਸਿੱਖਾਂ ਦੇ ਕਤਲ ਤੋਂ ਬਾਅਦ ਵਿਸਾਖੀ ਸਬੰਧੀ ਨਗਰ ਕੀਰਤਨ ਪ੍ਰੋਗ੍ਰਾਮ ਰੱਦ !

ਇਟਲੀ ਦੇ ਕੋਵੋ ‘ਚ 2 ਸਿੱਖਾਂ ਦੇ ਕਤਲ ਤੋਂ ਬਾਅਦ ਵਿਸਾਖੀ ਸਬੰਧੀ ਨਗਰ ਕੀਰਤਨ ਪ੍ਰੋਗ੍ਰਾਮ ਰੱਦ ਕਰ ਦਿੱਤਾ ਗਿਆ ਹੈ।

ਇਟਲੀ ਦੇ ਬੇਰਗਾਮੋ ਸੂਬੇ ਵਿੱਚ ਸਥਿਤ ਇੱਕ ਗੁਰਦੁਆਰੇ ਦੇ ਵਿੱਚ ਵਿਸਾਖੀ ਮਨਾਏ ਜਾਣ ਦੀਆਂ ਚੱਲ ਰਹੀਆਂ ਤਿਆਰੀਆਂ ਦੇ ਵਿਚਕਾਰ, ਸੰਗਤਾਂ ਉਸ ਵੇਲੇ ਗਮਗੀਨ ਹੋ ਗਈਆਂ ਜਦੋਂ, ਗੁਰਦੁਆਰੇ ਦੇ ਸ੍ਹਾਮਣੇ ਵਾਪਰੀ ਇੱਕ ਘਟਨਾ ਦੇ ਵਿੱਚ ਕਥਿਤ ਇੱਕ ਹਮਲਾਵਰ ਦੇ ਵਲੋਂ ਗੋਲੀਆਂ ਮਾਰਕੇ ਸਿੱਖ ਭਾਈਚਾਰੇ ਦੇ 2 ਮੈਂਬਰਾਂ ਨੂੰ ਮਾਰ ਦਿੱਤਾ ਗਿਆ। ਗੋਲੀਬਾਰੀ ਤੋਂ ਬਾਅਦ ਕਾਤਲ ਆਪਣੇ ਇੱਕ ਹੋਰ ਸਾਥੀ ਦੁਆਰਾ ਚਲਾਈ ਜਾ ਰਹੀ ਕਾਰ ਵਿੱਚ ਵਾਪਸ ਬੈਠ ਗਿਆ ਅਤੇ ਉਹਨਾਂ ਦੇ ਨਾਲ ਦੂਜੀ ਹੋਰ ਕਾਰ ਵਿੱਚ ਆਏ ਦੋ ਹੋਰ ਸਵਾਰ ਵੀ ਉਥੋਂ ਫਰਾਰ ਹੋ ਗਏ।

ਕੋਵੋ ਇਲਾਕਾ ਇਟਲੀ ਦੇ ਬੇਰਗਾਮੋ ਸੂਬੇ ਵਿੱਚ ਮਿਲਾਨ ਤੋਂ ਲੱਗਭੱਗ 45 ਕਿਲੋਮੀਟਰ ਦੂਰ ਉੱਤਰ ਵੱਲ ਅਤੇ ਬੇਰਗਾਮੋ ਤੋਂ ਲੱਗਭੱਗ 25 ਕਿਲੋਮੀਟਰ ਦੂਰ ਉੱਤਰ-ਦੱਖਣ ਵੱਲ ਸਥਿਤ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਦੁਖਦਾਈ ਘਟਨਾ ਕੋਵੋ ਇਲਾਕੇ ਦੇ ਇੰਡਸਟਰੀਅਲ ਏਰੀਆ ਦੇ ਵਿੱਚ ਸਥਿਤ ‘ਗੁਰਦੁਆਰਾ ਮਾਤਾ ਸਾਹਿਬ ਕੌਰ ਜੀ’ ਦੇ ਸ੍ਹਾਮਣੇ ਸ਼ਨੀਵਾਰ 17 ਅਪ੍ਰੈਲ 2026 ਦੀ ਅੱਧੀ ਰਾਤ ਨੂੰ ਤਕਰੀਬਨ 11:50 ਵਜੇ ਵਾਪਰੀ, ਜਿਥੇ 18 ਜਨਵਰੀ ਨੂੰ ਸਵੇਰੇ ਵਿਸਾਖੀ ਸਬੰਧੀ ਨਗਰ ਕੀਰਤਨ ਕੱਢੇ ਜਾਣ ਦੀਆਂ ਤਿਆਰੀਆਂ ਸਬੰਧੀ ਇੱਕ ਮੀਟਿੰਗ ਹੋ ਕੇ ਹਟੀ ਸੀ। ਗੁਰਦੁਆਰੇ ਦੇ ਬਾਹਰ ਹੋਏ ਇਸ ਹਮਲੇ ਦੇ ਵਿੱਚ ਦੋਸ਼ੀ ਦੇ ਵਲੋਂ ਲਗਭਗ 10 ਗੋਲੀਆਂ ਚਲਾਈਆਂ ਗਈਆਂ। ਇਸ ਵਾਰਦਾਤ ਵਾਲੀ ਥਾਂ ਤੋਂ ਲਗਭਗ 10 ਚੱਲੇ ਹੋਏ ਕਾਰਤੂਸ ਵੀ ਬਰਾਮਦ ਕੀਤੇ ਗਏ, ਜੋ ਦਰਸਾਉਂਦੇ ਹਨ ਕਿ ਹਮਲਾਵਰ ਨੇ ਕਈ ਗੋਲੀਆਂ ਚਲਾਈਆਂ। ਇੱਕ ਚਸ਼ਮਦੀਦ ਗਵਾਹਾਂ ਦੇ ਅਨੁਸਾਰ, ਹਮਲਾਵਰ ਵੀ ਭਾਰਤੀ ਮੂਲ ਦਾ ਦੱਸਿਆ ਜਾ ਰਿਹਾ ਹੈ ਅਤੇ ਉਸੇ ਗੁਰਦੁਆਰੇ ਵਿੱਚ ਅਕਸਰ ਆਉਂਦਾ-ਜਾਂਦਾ ਰਹਿੰਦਾ ਸੀ। ਇਸ ਘਟਨਾ ਦੀ ਰਿਪੋਰਟ ਤੋਂ ਮਿਲਣ ਤੋਂ ਬਾਅਦ ਵਾਰਦਾਤ ਵਾਲੀ ਥਾਂ ‘ਤੇ ਜਦੋਂ ਤੱਕ ਐਂਬੂਲੈਂਸ ਪਹੁੰਚੀ, ਉਦੋਂ ਤੱਕ ਪੀੜਤ ਦਮ ਤੋੜ ਚੁੱਕੇ ਸਨ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹੁਣ ਪੋਸਟਮਾਰਟਮ ਲਈ ਪਾਵੀਆ ਦੇ ਇੰਸਟੀਚਿਊਟ ਆਫ਼ ਫੋਰੈਂਸਿਕ ਮੈਡੀਸਨ ਵਿਖੇ ਜਾਂਚ ਦੇ ਲਈ ਭੇਜਿਆ ਗਿਆ ਹੈ। ਇਸ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀਆਂ ਦੇ ਨਾਮ ਰਜਿੰਦਰ ਸਿੰਘ ਰੰਮੀ ਅਤੇ ਗੁਰਮੀਤ ਸਿੰਘ ਹਨ ਜੋ ਭਾਰਤੀ ਨਾਗਰਿਕ ਹਨ। ਇਸ ਘਟਨਾ ਦੇ ਵਿੱਚ ਇੱਕ ਹੋਰ ਵਿਅਕਤੀ ਵੀ ਮਾਮੂਲੀ ਜ਼ਖਮੀਂ ਹੋਇਆ ਦੱਸਿਆ ਜਾ ਰਿਹਾ ਹੈ। ਕੋਵੋ ਦੇ ਰਹਿਣ ਵਾਲੇ 48 ਸਾਲਾ ਰਜਿੰਦਰ ਸਿੰਘ ਰੰਮੀ ਅਤੇ ਅਗਨਾਡੇਲੋ ਦੇ ਰਹਿਣ ਵਾਲੇ 48 ਸਾਲਾ ਗੁਰਮੀਤ ਸਿੰਘ ਦੇ ਪ੍ਰੀਵਾਰ, ਇਸ ਵੇਲੇ ਡੂੰਘੇ ਸਦਮੇ ਦੇ ਵਿੱਚ ਹਨ। ਇਟਾਲੀਅਨ ਪੁਲਿਸ ਇਸ ਮਾਮਲੇ ਦੀ ਜਾਂਚ ਇੱਕ ਯੋਜਨਾਬੱਧ ਢੰਗ ਨਾਲ ਕੀਤੇ ਗਏ ਕਤਲ ਵਜੋਂ ਕਰ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਕੋਈ ਬੇਤਰਤੀਬ ਝਗੜਾ ਨਹੀਂ ਸੀ, ਸਗੋਂ ਇਹਨਾਂ ਕਤਲਾਂ ਨੂੰ ਇੱਕ ਯੋਜਨਾਬੱਧ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ ਹੈ।

ਇਹ ਦੁੱਖਦਾਈ ਘਟਨਾ ਅੱਧੀ ਰਾਤ ਨੂੰ ਉਸ ਵਕਤ ਵਾਪਰੀ ਜਦੋਂ ਅਗਲੇ ਹੀ ਦਿਨ ਸ਼ਨੀਵਾਰ 18 ਅਪ੍ਰੈਲ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਇੱਕ ਵੱਡਾ ਨਗਰ ਕੀਰਤਨ ਕੱਢੇ ਜਾਣ ਸਬੰਧੀ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ ਸਨ। ਇਸ ਨਗਰ ਕੀਰਤਨ ਦੇ ਵਿੱਚ ਸਥਾਨਕ ਸਿੱਖ ਸੰਸਥਾਵਾਂ ਦੁਆਰਾ ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਇੱਕ ਵੱਡਾ ਨਗਰ ਕੀਰਤਨ ਕੱਢੇ ਜਾਣ ਦਾ ਪ੍ਰੋਗਰਾਮ ਤੈਅ ਕੀਤਾ ਹੋਇਆ ਸੀ ਅਤੇ ਇਸ ਵਿੱਚ ਸਥਾਨਕ ਪ੍ਰਸ਼ਾਸਨ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਹਿੱਸਾ ਲੈਣਾ ਸੀ। ਇਸ ਘਟਨਾ ਦੇ ਵਿੱਚ ਮਾਰੇ ਗਏ ਦੋਵੇਂ ਵਿਅਕਤੀ ਇੱਕ ਹਾਲ ਤੋਂ ਬਾਹਰ ਆ ਰਹੇ ਸਨ, ਜਿਸਨੂੰ ਧਾਰਮਿਕ ਗਤੀਵਿਧੀਆਂ ਅਤੇ ਵਿਸਾਖੀ ਨਾਲ ਸਬੰਧਤ ਪ੍ਰੋਗ੍ਰਾਮਾਂ ਲਈ ਇਕੱਠੇ ਹੋਣ ਵਾਲੇ ਸਥਾਨ ਵਜੋਂ ਵਰਤਿਆ ਜਾ ਰਿਹਾ ਸੀ। ਇਹ ਫੈਕਟਰੀ ਜਾਂ ਸਥਾਨ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੇ ਬਹੁਤ ਹੀ ਨੇੜੇ ਸਥਿਤ ਹੈ। ਇਸ ਦੁਖਦਾਈ ਘਟਨਾ ਨੇ ਜਿਥੇ ਸਿੱਖ ਭਾਈਚਾਰੇ ਨੂੰ ਝੰ਼ਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਇਸ ਇਲਾਕੇ ਦੇ ਵਿੱਚ ਵਸਦੇ ਹੋਰ ਭਾਈਚਾਰੇ ਦੇ ਮਨਾਂ ਅੰਦਰ ਵੀ ਸਨਸਨੀ ਫੈਲਾਅ ਦਿੱਤੀ ਹੈ। ਇਸ ਘਟਨਾ ਨੇ ਉਥੋਂ ਦੇ ਲੋਕਲ ਭਾਈਚਾਰੇ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ, ਜੋ ਸਿੱਖ ਭਾਈਚਾਰੇ ਨੂੰ ਇੱਕ ਸ਼ਾਂਤਮਈ, ਕਾਨੂੰਨ ਦੇ ਪਾਬੰਦ ਅਤੇ ਵੱਡੇ ਪੱਧਰ ‘ਤੇ ਮੁਸ਼ਕਲਾਂ ਤੋਂ ਰਹਿਤ ਭਾਈਚਾਰੇ ਵਜੋਂ ਜਾਣਦੇ ਰਹੇ ਹਨ। ਇਸ ਘਟਨਾ ਸਬੰਧੀ ਕੋਵੋ ਦੀ ਮੇਅਰ ਐਂਡਰੀਆ ਕੈਪੇਲੇਟੀ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕਰਦਿਆਂ ਸਿੱਖ ਆਬਾਦੀ ਨੂੰ ਇਕਜੁੱਟ ਅਤੇ ਸ਼ਾਂਤਮਈ ਦੱਸਿਆ, ਜੋ ਪੰਦਰਾਂ ਸਾਲਾਂ ਤੋਂ ਮੌਜੂਦ ਹੈ ਅਤੇ ਕਦੇ ਵੀ ਕਿਸੇ ਕਾਨੂੰਨੀ ਉਲੰਘਣਾ ਦੀ ਸਮੱਸਿਆ ਨਹੀਂ ਆਈ।

ਸ਼ੁਰੂਆਤੀ ਜਾਣਕਾਰੀ ਅਨੁਸਾਰ ਹਮਲਾਵਰ ਵੀ ਭਾਰਤੀ ਸੀ ਅਤੇ ਉਹ ਗੁਰਦੁਆਰੇ ਵਿੱਚ ਅਕਸਰ ਆਉਂਦਾ ਜਾਂਦਾ ਰਹਿੰਦਾ ਸੀ। ਇਸ ਘਟਨਾ ਤੋਂ ਬਾਅਦ ਵਿਸਾਖੀ ਸਬੰਧੀ ਕੱਢੇ ਜਾਣ ਵਾਲੇ ਨਗਰ ਕੀਰਤਨ ਦਾ ਪ੍ਰੋਗ੍ਰਾਮ ਰੱਦ ਕਰ ਦਿੱਤਾ ਗਿਆ। ਪੁਲਿਸ ਅਤੇ ਜਾਂਚ ਏਜੰਸੀਆਂ ਦੇ ਵਲੋਂ ਸੀਸੀਟੀਵੀ ਫੂਟੇਜ ਅਤੇ ਇਸ ਘਟਨਾ ਨਾਲ ਜੁੜੇ ਹੋਰ ਸਰੋਤਾਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਇਸ ਘਟਨਾ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Related posts

ਭਗਵੰਤ ਮਾਨ ਵਲੋਂ ਨੀਦਰਲੈਂਡ ਦੇ ਹਾਕੀ ਓਲੰਪੀਅਨ ਬੋਵੇਲੈਂਡਰ ਨੂੰ ਪੰਜਾਬ ਆਉਣ ਦਾ ਸੱਦਾ

admin

ਨਿਊਜ਼ੀਲੈਂਡ ਦੀ ਰਾਜਧਾਨੀ ‘ਚ ਐਮਰਜੈਂਸੀ : 50 ਸਾਲਾਂ ਬਾਅਦ ਮੀਂਹ ਤੇ ਹੜ ਨਾਲ ਵੱਡੀ ਤਬਾਹੀ !

admin

ਆਸਟ੍ਰੇਲੀਆ ‘ਚ ਹੋਰ ਘਰ ਬਨਾਉਣ ਲਈ ਫੈਡਰਲ ਸਰਕਾਰ ਵਲੋਂ ਟਸਮਾਨੀਆ ਤੇ ACT ਸਰਕਾਰਾਂ ਨਾਲ ਸਮਝੌਤੇ !

admin