ਵੈਨੇਜ਼ੁਏਲਾ ਵਿੱਚ ਰਿਪੋਰਟਾਂ ਦੇ ਅਨੁਸਾਰ ਬੁੱਧਵਾਰ ਨੂੰ ਪਹਿਲਾ ਭੂਚਾਲ ਯਾਰਾਕੁਈ ਰਾਜ ਦੀ ਰਾਜਧਾਨੀ ਸੈਨ ਫੇਲਿਪ ਦੇ ਨੇੜੇ ਆਇਆ। ਉਸ ਤੋਂ ਸਿਰਫ਼ 39 ਸਕਿੰਟਾਂ ਬਾਅਦ ਪਹਿਲੇ ਭੂਚਾਲ ਤੋਂ 5 ਤੋਂ 10 ਕਿਲੋਮੀਟਰ ਦੇ ਅੰਦਰ, ਯੁਮਾਰੇ ਸ਼ਹਿਰ ਦੇ ਨੇੜੇ ਇੱਕ ਹੋਰ ਭੂਚਾਲ ਆਇਆ। ਇੱਕ ਤੋਂ ਬਾਅਦ ਇੱਕ ਦੋ ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾਈ ਹੈ, ਕਈ ਇਮਾਰਤਾਂ ਢਹਿ ਗਈਆਂ ਅਤੇ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ ਪਹਿਲੇ ਭੂਚਾਲ ਦੀ ਤੀਬਰਤਾ 7.2 ਸੀ। ਇਸਦਾ ਕੇਂਦਰ ਦੇਸ਼ ਦੇ ਕੈਰੇਬੀਅਨ ਤੱਟ ‘ਤੇ ਮੋਰੋਨ ਸ਼ਹਿਰ ਦੇ ਪੱਛਮ ਵਿੱਚ ਸੀ ਅਤੇ ਕਰਾਕਸ ਤੋਂ ਲਗਭਗ 168 ਕਿਲੋਮੀਟਰ ਦੂਰ ਸੀ। ਭੂਚਾਲ ਦੀ ਡੂੰਘਾਈ 13 ਕਿਲੋਮੀਟਰ ਦਰਜ ਕੀਤੀ ਗਈ ਸੀ। ਪਹਿਲੇ ਭੂਚਾਲ ਤੋਂ ਕੁੱਝ ਮਿੰਟਾਂ ਬਾਅਦ 7.5 ਤੀਬਰਤਾ ਦਾ ਦੂਜਾ ਵਧੇਰੇ ਸ਼ਕਤੀਸ਼ਾਲੀ ਭੂਚਾਲ ਆਇਆ ਜਿਸਦੀ ਡੂੰਘਾਈ 10 ਕਿਲੋਮੀਟਰ ਸੀ ਅਤੇ ਇਸਦਾ ਕੇਂਦਰ ਮੋਰੋਨ ਤੋਂ 16 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ ਸੀ। ਰਾਸ਼ਟਰਪਤੀ ਰੋਡਰਿਗਜ਼ ਨੇ ਹਾਲਾਤਾਂ ਨੂੰ ਦੇਖਦਿਆਂ ਐਮਰਜੈਂਸੀ ਦਾ ਐਲਾਨ ਕੀਤਾ ਹੈ।
ਭੂਚਾਲ ਤੋਂ ਬਾਅਦ ਯੂਐਸ ਪੈਸੀਫਿਕ ਸੁਨਾਮੀ ਚੇਤਾਵਨੀ ਕੇਂਦਰ ਨੇ ਪੋਰਟੋ ਰੀਕੋ ਅਤੇ ਵਰਜਿਨ ਟਾਪੂਆਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ। ਵੈਨੇਜ਼ੁਏਲਾ ਦੀ ਰਾਜਧਾਨੀ ਕਰਾਕਸ ਵਿੱਚ ਭੂਚਾਲ ਕਾਰਨ ਇਮਾਰਤਾਂ ਹਿੱਲ ਗਈਆਂ ਜਿਸ ਕਾਰਨ ਵਸਨੀਕਾਂ ਨੂੰ ਤੁਰੰਤ ਖਾਲੀ ਕਰਨ ਲਈ ਕਿਹਾ ਗਿਆ ਹੈ।
ਵੈਨੇਜ਼ੁਏਲਾ ਦੇ ਗ੍ਰਹਿ ਮੰਤਰੀ ਡਾਇਓਸਦਾਡੋ ਕੈਬੇਲੋ ਨੇ ਕਿਹਾ ਕਿ ਕਈ ਰਾਜਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚਿੰਤਾਜਨਕ ਸਥਿਤੀਆਂ ਉਭਰ ਕੇ ਸਾਹਮਣੇ ਆਈਆਂ ਹਨ, ਜਿਸ ਵਿੱਚ ਕਰਾਕਸ ਦੇ ਅਲਟਾਮੀਰਾ ਖੇਤਰ ਵਿੱਚ ਘਰਾਂ ਅਤੇ ਇਮਾਰਤਾਂ ਦਾ ਢਹਿ ਜਾਣਾ ਸ਼ਾਮਲ ਹੈ। ਕੈਬੇਲੋ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਿਲਹਾਲ ਖੁੱਲ੍ਹੇ ਖੇਤਰਾਂ ਵਿੱਚ ਰਹਿਣ, ਕਿਉਂਕਿ ਭੂਚਾਲ ਦੇ ਝਟਕਿਆਂ ਦੀ ਉਮੀਦ ਹੈ ਅਤੇ ਪਹਿਲਾਂ ਹੀ ਨੁਕਸਾਨੀਆਂ ਗਈਆਂ ਇਮਾਰਤਾਂ ਨੂੰ ਹੋਰ ਨੁਕਸਾਨ ਪਹੁੰਚਾ ਸਕਦੇ ਹਨ। ਉਸਨੇ ਸੰਕੇਤ ਦਿੱਤਾ ਕਿ ਭੂਚਾਲ ਵਿੱਚ ਕੁਝ ਲੋਕ ਜ਼ਖਮੀ ਹੋਏ ਹਨ। ਕੈਬੇਲੋ ਨੇ ਡਰਾਈਵਰਾਂ ਨੂੰ ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਵਾਹਨਾਂ ਨੂੰ ਲੰਘਣ ਦੀ ਆਗਿਆ ਦੇਣ ਲਈ ਸੜਕਾਂ ਸਾਫ਼ ਕਰਨ ਲਈ ਕਿਹਾ।
ਆਸਟ੍ਰੇਲੀਆ ਦੇ ਵਿੱਚ ਟੈਨੈਂਟ ਕਰੀਕ ਵਿੱਚ ਸੰਨ 1988 ਵਿੱਚ ਅੱਧੇ ਘੰਟੇ ਦੇ ਵਕਫ਼ੇ ਅੰਦਰ ਇੱਕ ਤੋਂ ਬਾਅਦ ਇੱਕ ਲਗਾਤਾਰ 3 ਭੂਚਾਲ ਆਏ ਸਨ। ਭੂਚਾਲ ਦੇ ਦੋਹਰੇ ਜਾਂ ਇਸ ਤੋਂ ਵੀ ਜਿਆਦਾ ਝਟਕੇ ਅਸਾਧਾਰਨ ਹਾਲਾਤਾਂ ਦੇ ਵਿੱਚ ਹੀ ਆਉਂਦੇ ਹਨ। 2023 ਵਿੱਚ ਤੁਰਕੀ ਅਤੇ ਸੀਰੀਆ ਵਿੱਚ ਦੋਹਰੇ ਭੂਚਾਲ ਦੇ ਝਟਕੇ ਆਏ ਸਨ, ਜਿਹਨਾਂ ਤੀਬਰਤਾ 7.8 ਅਤੇ 7.7 ਸੀ। ਇਹ ਸਿਰਫ਼ 95 ਕਿਲੋਮੀਟਰ ਅਤੇ ਨੌਂ ਘੰਟਿਆਂ ਦੇ ਅੰਤਰਾਲ ‘ਤੇ ਆਏ, ਜਿਸ ਨਾਲ 14 ਮਿਲੀਅਨ ਲੋਕ ਪ੍ਰਭਾਵਿਤ ਹੋਏ ਅਤੇ ਵੱਡੀ ਪੱਧਰ ‘ਤੇ ਜਾਨੀ ਅਤੇ ਮਾਲੀ ਨੁਕਸਾਨ ਵੀ ਹੋਇਆ।
ਵੈਨੇਜ਼ੁਏਲਾ ਵਿੱਚ ਦੋਹਰੇ ਝਟਕੇ ਕੈਰੇਬੀਅਨ ਅਤੇ ਦੱਖਣੀ ਅਮਰੀਕੀ ਟੈਕਟੋਨਿਕ ਪਲੇਟਾਂ ਵਿਚਕਾਰ ਫੈਲੀ ਹੋਈ ਸਮੁੰਦਰੀ ਕੰਢੇ ਦੀ ਸੀਮਾ ਦੇ ਨਾਲ ਆਏ। ਉੱਤਰੀ ਵੈਨੇਜ਼ੁਏਲਾ ਵਿੱਚ ਇਹ ਪਲੇਟਾਂ ਪ੍ਰਤੀ ਸਾਲ ਲਗਭਗ 20 ਐਮ ਐਮ ਦੀ ਦਰ ਨਾਲ ਇੱਕ ਦੂਜੇ ਤੋਂ ਅੱਗੇ ਖਿਸਕਦੀਆਂ ਹਨ ਕਿਉਂਕਿ ਕੈਰੇਬੀਅਨ ਪਲੇਟ ਦੱਖਣੀ ਅਮਰੀਕੀ ਪਲੇਟ ਦੇ ਮੁਕਾਬਲੇ ਪੂਰਬ ਵੱਲ ਜਾਂਦੀ ਹੈ। ਇਹ ਵੱਡੇ ਸਟ੍ਰਾਈਕ-ਸਲਿੱਪ ਫਾਲਟ ਪੈਦਾ ਕਰਦੀ ਹੈ, ਜਿਸ ਵਿੱਚ ਬੋਕੋਨੋ, ਸੈਨ ਸੇਬੇਸਟੀਅਨ ਅਤੇ ਐਲ ਪਿਲਰ ਫਾਲਟ ਸਿਸਟਮ ਸ਼ਾਮਲ ਹਨ। ਇਹ ਸਰਗਰਮ ਪਲੇਟ ਸੀਮਾ ਅਕਸਰ ਘੱਟ ਖੋਖਲੇ ਭੂਚਾਲ ਪੈਦਾ ਕਰਦੀ ਹੈ ਜਿਨ੍ਹਾਂ ਵਿੱਚੋਂ ਕੁੱਝ ਨੁਕਸਾਨਦੇਹ ਹੋ ਸਕਦੇ ਹਨ। ਇਸ ਖੇਤਰ ਨੇ ਪਹਿਲਾਂ ਵੀ ਕਈ ਮਹੱਤਵਪੂਰਨ ਭੂਚਾਲਾਂ ਦਾ ਸ੍ਹਾਮਣਾ ਕੀਤਾ ਹੈ। ਇਨ੍ਹਾਂ ਵਿੱਚ 1900 ਵਿੱਚ 7.7 ਤੀਬਰਤਾ ਵਾਲਾ ਕਰਾਕਸ ਭੂਚਾਲ ਅਤੇ 1967 ਵਿੱਚ 6.5 ਤੀਬਰਤਾ ਵਾਲਾ ਭੂਚਾਲ ਸ਼ਾਮਲ ਹੈ।
