ArticlesAustralia & New Zealand

ਆਸਟ੍ਰੇਲੀਆ ਵਿਚ ਮਹਿੰਗਾਈ 21 ਸਾਲਾਂ ਦੇ ਉੱਚ ਪੱਧਰ ‘ਤੇ ਕਿਉਂ ਪਹੁੰਚੀ?

ਆਸਟ੍ਰੇਲੀਆ ਵਿਚ ਮਹਿੰਗਾਈ ਦੀ ਦਰ 2 ਦਹਾਕਿਆਂ ਦੇ ਰਿਕਾਰਡ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ, ਕੀ ਇਸ ਨਾਲ ਮਾਰਟਗੇਜ਼ ਦੀਆਂ ਉੱਚੀਆਂ ਵਿਆਜ਼ ਦਰਾਂ ਲਈ ਰਾਹ ਪੱਧਰਾ ਹੋ ਗਿਆ ਹੈ। ਜੂਨ ਤੱਕ ਦੀ ਦੂਜੀ ਤਿਮਾਹੀ ਵਿਚ ਮੁਦਰਾ ਪਸਾਰ ਦੀ ਦਰ 6.1 ਫੀਸਦੀ ਤੱਕ ਛਾਲ ਮਾਰ ਗਈ ਸੀ। ਆਖਿਰ ਇਸ ਵਧਦੀ ਮਹਿੰਗਾਈ ਦੇ ਲਈ ਕੀ-ਕੀ ਅਜਿਹੇ ਕਾਰਨ ਹਨ?

ਤੇਲ ਅਤੇ ਜਾਇਦਾਦ ਦੀਆਂ ਕੀਮਤਾਂ ਮਹਿੰਗਾਈ ਵਿਚ ਵਾਧੇ ਦਾ ਅਹਿਮ ਕਾਰਨ ਦੱਸੀਆਂ ਜਾ ਰਹੀਆਂ ਹਨ ਅਤੇ ਕੋਵਿਡ-19 ਮਹਾਂਮਾਰੀ ਅਤੇ ਯੂਕਰੇਨ ਉੱਤੇ ਰੂਸ ਦੇ ਹਮਲੇ ਦੇ ਕਾਰਨ ਸਪਲਾਈ ਪ੍ਰਭਾਵਿਤ ਹੋਣਾ ਵੀ ਇਸ ਦੇ ਲਈ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।

ਹਾਲਾਂਕਿ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਨੇ ਮਹਿੰਗਾਈ ਨੂੰ ਰੋਕਣ ਦੇ ਲਈ ਅਧਿਕਾਰਿਤ ਨਕਦ ਦਰਾਂ ਵਿਚ ਵਾਧਾ ਵੀ ਕਰ ਦਿੱਤਾ ਅਤੇ ਬੈਂਕਾਂ ਦੇ ਲਈ ਵਿਆਜ ਦਰਾਂ ਨਿਰਧਾਰਨ ਕਰਨ ‘ਤੇ ਵੀ ਨਿਗਰਾਨੀ ਵਧਾਈ। ਲਗਾਤਾਰ ਤਿੰਨ ਵਾਰ ਵਾਧੇ ਤੋਂ ਬਾਅਦ ਅਧਿਕਾਰਿਤ ਨਕਦ ਦਰਾਂ ਵਰਤਮਾਨ ਸਮੇਂ 1.35 ਫੀਸਦੀ ਹੋ ਗਈਆਂ ਹਨ, ਜਦਕਿ ਅਪ੍ਰੈਲ ਵਿਚ ਇਹ 0.1 ਫੀਸਦੀ ‘ਤੇ ਸਨ।

ਆਸਟ੍ਰੇਲੀਅਨ ਰਿਜ਼ਰਵ ਬੈਂਕ ਸਖ਼ਤ ਦਬਾਅ ਹੇਠ ਕੰਮ ਕਰ ਰਿਹਾ ਹੈ ਪਰ ਜੂਨ ਤੱਕ ਦੀ ਤਿਮਾਹੀ ਵਿਚ ਮਹਿੰਗਾਈ ਦਰ ਹੋਰ ਅੱਗੇ ਵੱਧ ਗਈ ਅਤੇ ਇਸ ਸਾਲ ਦੇ ਅੰਤ ਤੱਕ ਇਸ ਵਿਚ ਵਾਧੇ ਦਾ ਅੰਕੜਾ ਬਹੁਤ ਭਿਆਨਕ ਹੈ। ਆਸਟ੍ਰੇਲੀਅਨ ਰਿਜ਼ਰਵ ਬੈਂਕ ਦਾ ਅਨੁਮਾਨ ਹੈ ਕਿ ਇਸ ਸਾਲ ਦੇ ਅਖੀਰ ਤੱਕ ਮਹਿੰਗਾਈ 7 ਫੀਸਦੀ ਤੋਂ ਵੀ ਜਿਆਦਾ ਦੇ ਸਿਖਰ ਤੱਕ ਪਹੁੰਚ ਸਕਦੀ ਹੈ।
ਕਿਵੇਂ ਹੁੰਦੀ ਹੈ ਮਹਿੰਗਾਈ?

ਆਸਟ੍ਰੇਲੀਆ ਇੰਸਟੀਚਿਊਟ ਤੋਂ ਅਰਥ ਸ਼ਾਸਤਰੀ ਮੈਟ ਗਰੂਡਨੌਫ ਨੇ ਮਹਿੰਗਾਈ ਵਧਣ ਦੇ ਕਈ ਕਾਰਨ ਜ਼ਿੰਮੇਵਾਰ ਦੱਸੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਤੇਲ ਦੀਆਂ ਕੀਮਤਾਂ ਵਧਦੀਆਂ ਹਨ ਮਹਿੰਗਾਈ ‘ਤੇ ਇਸ ਦਾ ਸਿੱਧਾ ਅਸਰ ਹੁੰਦਾ ਹੈ। ਜੇਕਰ ਤੇਲ ਦੀਆਂ ਕੀਮਤਾਂ ਹੁਣ ਵੀ ਵਧਣੀਆਂ ਬੰਦ ਹੋ ਜਾਂਦੀਆਂ ਹਨ ਜਾਂ ਇਸੇ ਦਰ ‘ਤੇ ਰੁਕ ਜਾਂਦੀਆਂ ਹਨ ਤਾਂ ਵੀ ਮਹਿੰਗਾਈ ਵਧਣ ਦਾ ਅੰਕੜਾ ਰੁਕਣ ਦੀ ਉਮੀਦ ਨਹੀਂ ਹੈ। ਗਰੂਡਨੌਫ ਦਾ ਕਹਿਣਾ ਹੈ ਕਿ ਮਹਿੰਗਾਈ ਸਪਲਾਈ ਜਾਂ ਮੰਗ ਆਧਾਰਿਤ ਕਾਰਕਾਂ ਕਰਕੇ ਹੋ ਸਕਦੀ ਹੈ। ਇਸ ਵਕਤ ਯੂਕਰੇਨ ਦੀ ਜੰਗ ਅਤੇ ਮਹਾਂਮਾਰੀ ਦੇ ਪ੍ਰਭਾਵ ਕਾਰਨ ਸਪਲਾਈ ਪ੍ਰਭਾਵਿਤ ਹੋਈ ਹੈ। ਇਸ ਵਕਤ ਮਹਿੰਗਾਈ ਸਪਲਾਈ ਚੇਨ ਵਿਚ ਸਮੱਸਿਆ ਦੇ ਕਾਰਨ ਵੀ ਕੁੱਝ ਹੱਦ ਤੱਕ ਵਧੀ ਹੈ। ਮਹਿੰਗਾਈ ਸ਼ਬਦ ਦੇ ਅਸਲ ਵਿਚ ਕਈ ਅਰਥ ਹੋ ਸਕਦੇ ਹਨ। ਇਸ ਨਾਲ ਮੁਦਰਾ ਦੀ ਡੀਵੈਲਿਊਏਸ਼ਨ ਵੀ ਹੁੰਦੀ ਹੈ ਪਰ ਆਮ ਤੌਰ ਤੇ ਇਸ ਨੂੰ ਸੀਪੀਆਈ ਬਾਰੇ ਗੱਲ ਕਰਨ ਲਈ ਵਰਤਿਆ ਜਾਂਦਾ ਹੈ। ਗਰੂਡਨੌਫ ਕਹਿੰਦੇ ਹਨ ਕਿ ਅਸੀਂ ਖਪਤਕਾਰ ਮੁੱਲ ਸੂਚਕਾਂਕ ਦੇ ਤੌਰ `ਤੇ ਮਹਿੰਗਾਈ ਬਾਰੇ ਸੋਚਦੇ ਹਾਂ। ਇਹ ਆਮ ਵਰਤੋਂ ਦੀਆਂ ਵਸਤਾਂ ਵਿਚ ਵਾਧੇ ਨਾਲ ਗਿਣੀ ਜਾਂਦੀ ਹੈ।

ਹਾਲਾਂਕਿ ਮਹਿੰਗਾਈ ਨੂੰ ਅਕਸਰ ਬੁਰੀ ਚੀਜ਼ ਸਮਝਿਆ ਜਾਂਦਾ ਹੈ ਪਰ ਮਹਿੰਗਾਈ ਇਕ ਲੈਵਲ ਤੱਕ ਪਹੁੰਚ ਜਾਵੇ, ਇਹ ਖ਼ਤਰੇ ਦੇ ਸੰਕੇਤ ਹਨ। ਇਸ ਵਕਤ ਮੁਦਰਾ ਪਸਾਰ ਦਰ ਵੀ ਸਭ ਤੋਂ ਵੱਡੀ ਚੁਣੌਤੀ ਬਣ ਗਈ ਹੈ ਕਿਉਂਕਿ ਇਸ ਨਾਲ ਅਰਥਚਾਰਾ ਪ੍ਰਭਾਵਿਤ ਹੁੰਦਾ ਹੈ। ਮੁਦਰਾ ਪਸਾਰ ਦਰ ਆਮ ਤੌਰ ‘ਤੇ ਹਲਕੀ ਚਾਲ ਨਾਲ ਚਲਦਾ ਹੈ ਅਤੇ ਇਸ ਦਾ ਫਿਰ ਅਰਥ ਵਿਵਸਥਾ ‘ਤੇ ਜ਼ਿਆਦਾ ਅਸਰ ਨਹੀਂ ਪੈਂਦਾ। ਮਹਿੰਗਾਈ ਤੇ ਨਜ਼ਰ ਰੱਖਣ ਦਾ ਕੰਮ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਕਰਦਾ ਹੈ ਜੋ ਸਿਰਫ ਪਾਰਲੀਮੈਂਟ ਨੂੰ ਜਵਾਬਦੇਹ ਹੁੰਦਾ ਹੈ। ਇਹੀ ਬੈਂਕ ਵਿਆਜ ਦਰਾਂ ਨਿਰਧਾਰਿਤ ਕਰਦਾ ਹੈ ਅਤੇ ਪੈਸੇ ਦੀ ਤਰਲਤਾ ਨੂੰ ਬਣਾ ਕੇ ਰੱਖਦਾ ਹੈ। ਇਹ ਸਰਕਾਰ ਅਤੇ ਹੋਰ ਬੈਂਕਾਂ ਨਾਲ ਤਾਲਮੇਲ ਕਰਕੇ ਚਲਦਾ ਹੈ ਇਹ ਯਕੀਨੀ ਬਣਾਉਂਦਾ ਹੈ ਕਿ ਆਰਥਿਕ ਸਿਸਟਮ ਸਥਿਰ ਰਹੇ। ਹਾਲਾਂਕਿ ਰਾਹਤ ਵਾਲੀ ਇਕ ਖ਼ਬਰ ਇਹ ਵੀ ਦਿੱਤੀ ਜਾ ਰਹੀ ਹੈ ਕਿ ਆਸਟ੍ਰੇਲੀਆ ਵਿਚ ਬਾਕੀ ਜੀ-20 ਮੁਲਕਾਂ ਦੇ ਮੁਕਾਬਲੇ ਮੁਦਰਾ ਪਸਾਰ ਦਰ ਦਾ ਪੱਧਰ ਕੰਟਰੋਲ ਵਿਚ ਹੈ ਅਤੇ ਮਹਿੰਗਾਈ ਵੀ ਮੁਕਾਬਲਤਨ ਘੱਟ ਹੈ, ਜਦਕਿ ਯੂਰਪ ਅਤੇ ਅਮਰੀਕਾ ਵਿਚ ਮਹਿੰਗਾਈ ਬਹੁਤ ਤੇਜ਼ੀ ਨਾਲ ਵਧੀ ਹੈ।

Related posts

ਬਿਲਡਿੰਗ ਕਮਿਸ਼ਨ ਵਲੋਂ ਇਸ ਹੋਮ ਬਿਲਡਿੰਗ ਕੰਪਨੀ ਨਾਲ ਡੀਲ ਨਾ ਕਰਨ ਦੀ ਚਿਤਾਵਨੀ !

admin

ਭਾਰਤ-ਫਰਾਂਸ ਸਬੰਧਾਂ ਨੂੰ ਨਵੀਂ ਉਡਾਣ : ਰੱਖਿਆ, ਟੈਕਨੋਲੋਜੀ ਅਤੇ ਸਿਹਤ ‘ਚ ਕਈ ਸਮਝੌਤੇ

admin

ਆਸਟ੍ਰੇਲੀਆ ਦੇ ਪ੍ਰਵਾਸੀਆਂ ਵਿੱਚ ਸਮਾਜਿਕ ਰਿਸ਼ਤਿਆਂ ਦੀ ਬਹੁਤ ਅਹਿਮੀਅਤ !

admin