ਜੈਪੁਰ – ਰਾਜਸਥਾਨ ਦੇ ਚੁਰੂ ਜ਼ਿਲ੍ਹੇ ’ਚ ਐਤਵਾਰ ਸਵੇਰੇ ਇਕ ਭਿਆਨਕ ਸੜਕ ਹਾਦਸੇ ’ਚ 5 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਜ਼ਖ਼ਮੀ ਹੋ ਗਏ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਚੁਰੂ ਦੇ ਜ਼ਿਲ੍ਹਾ ਪੁਲਸ ਸੁਪਰਡੈਂਟ ਪ੍ਰਵੀਨ ਨਾਇਕ ਅਨੁਸਾਰ ਪੁਲਸ ਮੁਲਾਜ਼ਮਾਂ ਦੀ ਗੱਡੀ ਸੁਜਾਨਗੜ੍ਹ ਸਦਰ ਥਾਣਾ ਖੇਤਰ ’ਚ ਸੜਕ ’ਤੇ ਖੜ੍ਹੇ ਟਰੱਕ ਨਾਲ ਟਕਰਾ ਗਈ।
ਉਨ੍ਹਾਂ ਕਿਹਾ ਕਿ ਇਸ ਹਾਦਸੇ ’ਚ 5 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਜ਼ਖ਼ਮੀ ਹੋਏ। ਪੁਲਸ ਨੇ ਦੱਸਿਆ ਕਿ ਪੁਲਸ ਮੁਲਾਜ਼ਮ ਇਕ ਚੋਣ ਸਭਾ ’ਚ ਡਿਊਟੀ ਲਈ ਤਾਰਾਨਗਰ ਜਾ ਰਹੇ ਸਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਹਾਦਸੇ ’ਤੇ ਸੋਗ ਜਤਾਇਆ ਹੈ। ਉਨ੍ਹਾਂ ਨੇ ’ਐਕਸ’ ’ਤੇ ਲਿਖਿਆ,’’ਅੱਜ ਸਵੇਰੇ-ਸਵੇਰੇ ਚੁਰੂ ਦੇ ਸੁਜਾਨਗੜ੍ਹ ਸਦਰ ਖੇਤਰ ਤੋਂ ਵਾਹਨ ਹਾਦਸੇ ’ਚ ਪੁਲਸ ਮੁਲਾਜ਼ਮਾਂ ਦੇ ਦਿਹਾਂਤ ਦਾ ਦੁਖ਼ਦ ਸਮਾਚਾਰ ਪ੍ਰਾਪਤ ਹੋਇਆ। ਇਸ ਹਾਦਸੇ ’ਚ ਮਰਹੂਮ ਸਾਰੇ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ। ਜ਼ਖ਼ਮੀਆਂ ਦੇ ਜਲਦ ਸਿਹਤ ਲਾਭ ਦੀ ਕਾਮਨਾ ਕਰਦਾ ਹਾਂ।’’