ਅੰਮ੍ਰਿਤਸਰ – ਖਾਲਸਾ ਕਾਲਜ ਦੇ ਸਕੂਲ ਆਫ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਦੀ ਟੈਕ-ਈਰਾ ਕੰਪਿਊਟਰ ਸੋਸਾਇਟੀ ਵੱਲੋਂ 2 ਦਿਨਾਂ ਦੀ ਸਪੋਰਟਸ ਮੀਟ-2025 ਕਰਵਾਈ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਯੋਜਿਤ ਇਸ ਮੀਟ ਦਾ ਮਕਸਦ ਵਿਦਿਆਰਥੀਆਂ ’ਚ ਮਾਨਸਿਕ ਅਤੇ ਸਰੀਰਿਕ ਸਿੱਖਿਆ ਨੂੰ ਪ੍ਰੇਰਿਤ ਕਰਨਾ ਸੀ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਪ੍ਰਿੰ: ਡਾ. ਕਾਹਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਰੋਹ ਦੇ ਪਹਿਲੇ ਦਿਨ ਕੰਪਿਊਟਰ ਵਿਭਾਗ ’ਚ ਟੈਕਨੀਕਲ ਅਤੇ ਇੰਨਡੋਰ ਖੇਡਾਂ ਕਰਵਾਈਆਂ ਗਈਆਂ ਜਿਸ ’ਚ ਲੈਨ ਗੇਮਿੰਗ, ਏ. ਆਈ., ਆਈ. ੳ. ਟੀ. ਇਨੇਬਲਡ ਕਾਰ ਰੇਸ, ਚੈਸ ਅਤੇ ਬੈਡਮਿੰਟਨ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੇ ਦੂਜੇ ਦਿਨ ਕਾਲਜ ਵਿਖੇ 100, 200 ਅਤੇ 400 ਮੀਟਰ ਰਿਲੇਅ ਰੇਸ, ਥ੍ਰੀ ਲੈਗ ਰੇਸ ਵਰਗੀਆਂ ਖੇਡਾਂ ਦਾ ਆਯੋਜਨ ਕੀਤਾ ਗਿਆ।
ਇਸ ਤੋਂ ਪਹਿਲਾਂ ਸਮਾਰੋਹ ਦਾ ਅਗਾਜ਼ ਸ਼ਬਦ ਗਾਇਨ ਨਾਲ ਕੀਤਾ ਉਪਰੰਤ ਸਕੂਲ ਆਫ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਦੇ ਮੁੱਖੀ ਡਾ. ਹਰਭਜਨ ਸਿੰਘ ਰੰਧਾਵਾ ਵੱਲੋਂ ਡਾ. ਕਾਹਲੋਂ ਅਤੇ ਗੈਸਟ ਆਫ ਆਨਰ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ ਅਤੇ ਫਿਜੀਕਲ ਐਜੂਕੇਸ਼ਨ ਵਿਭਾਗ ਮੁੱਖੀ ਡਾ. ਦਲਜੀਤ ਸਿੰਘ ਨੂੰ ਪੌਦਾ ਦੇ ਕੇ ਸਵਾਗਤ ਕੀਤਾ।
ਇਸ ਮੌਕੇ ਡਾ. ਰੰਧਾਵਾ ਨੇ ਸਮਾਰੋਹ ’ਚ ਆਉਣ ਲਈ ਸਭ ਨੂੰ ਜੀ ਆਇਆ ਆਖਦਿਆਂ ਖੇਡਾਂ ਦੀ ਮਹੱਤਤਾ ’ਤੇ ਚਾਨਣਾ ਪਾਇਆ। ਇਸ ਮੌਕੇ ਡਾ. ਕਾਹਲੋਂ ਨੇ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਜਦਕਿ ਬੀ. ਐਸ. ਸੀ. (ਆਰਟੀਫਿਸ਼ੇਲ ਇੰਨਟੈਲੀਜੈਂਸ ਐਂਡ. ਡੈਟਾ ਸਾਇੰਸ) ਕੋਰਸ ਨੂੰ ਓਵਰ ਆਲ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ. ਕਾਹਲੋਂ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਹੋਇਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣਾ ਹੁਨਰ ਦਿਖਾਉਣ ਲਈ ਮੰਚ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਬਾਕੀ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ’ਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪੇ੍ਰਰਿਤ ਕੀਤਾ। ਇਸ ਮੌਕੇ ਕੋ-ਕੋਆਰਡੀਨੇਟਰ ਡਾ. ਮਨੀ ਅਰੋੜਾ ਨੇ ਪ੍ਰੋਗਰਾਮ ’ਚ ਆਉਣ ਲਈ ਸਭਨਾਂ ਦਾ ਧੰਨਵਾਦ ਕੀਤਾ। ਇਸ ਸਮਾਰੋਹ ’ਚ ਪ੍ਰੋ: ਸੁਖਵਿੰਦਰ ਕੌਰ, ਡਾ. ਰੁਪਿੰਦਰ ਸਿੰਘ, ਪ੍ਰੋ: ਪ੍ਰਭਜੋਤ ਕੌਰ, ਡਾ. ਅਨੁਰੀਤ ਕੌਰ ਆਦਿ ਸਟਾਫ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।