India

ਦੀਵਾਲੀ ਪਿੱਛੋਂ ਦੇਸ਼ ਨੂੰ ਹਵਾ ਪ੍ਰਦੂਸ਼ਣ ਦੀ ਮਾਰ, ਬਹੁਤੇ ਸ਼ਹਿਰਾਂ ’ਚ ਸਾਹ ਲੈਣਾ ਹੋਇਆ ਔਖਾ

ਨਵੀਂ ਦਿੱਲੀ – ਦੀਵਾਲੀ ਦੇ ਤਿਉਹਾਰ ਦੌਰਾਨ ਆਤਿਸ਼ਬਾਜ਼ੀ ਉਤੇ ਦੇਸ਼ ਭਰ ਵਿਚ ਲਾਈਆਂ ਗਈਆਂ ਪਾਬੰਦੀਆਂ ਦੇ ਧੂੰਆਂ ਬਣ ਕੇ ਉਡ ਜਾਣ ਦੇ ਸਿੱਟੇ ਵਜੋਂ ਦੀਵਾਲੀ ਦੀ ਰਾਤ ਅਤੇ ਸ਼ੁੱਕਰਵਾਰ ਸਵੇਰ ਦੇਸ਼ ਦੇ ਬਹੁਤੇ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ। ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਤੇ ‘ਸਿਟੀ ਬਿਊੁਟੀਫੁਲ’ ਚੰਡੀਗੜ੍ਹ ਸਮੇਤ ਪੰਜਾਬ-ਹਰਿਆਣਾ ਦੇ ਬਹੁਤੇ ਸ਼ਹਿਰਾਂ, ਕੌਮੀ ਰਾਜਧਾਨੀ ਦਿੱਲੀ, ਕੋਲਕਾਤਾ, ਦੇਸ਼ ਦਾ ਸਭ ਤੋਂ ਸਾਫ਼ ਮੰਨੇ ਜਾਂਦੇ ਸ਼ਹਿਰ ਇੰਦੌਰ ਸਮੇਤ ਦੇਸ਼ ਦੇ ਲਗਪਗ ਹਰ ਖੇਤਰ ਤੋਂ ਹਵਾ ਦੇ ਮਿਆਰ ਵਿਚ ਭਾਰੀ ਗਿਰਾਵਟ ਦੀਆਂ ਰਿਪੋਰਟਾਂ ਮਿਲੀਆਂ ਹਨ।
ਦਿੱਲੀ ਵਿੱਚ ਵੀਰਵਾਰ ਰਾਤ ਤੋਂ ਹੀ ਧੁੰਦ ਦੀ ਮੋਟੀ ਪਰਤ ਛਾਈ ਹੋਈ ਹੈ ਅਤੇ ਕੌਮੀ ਰਾਜਧਾਨੀ ਦਾ ਹਵਾ ਗੁਣਵੱਤਾ ਸੂਚਕਅੰਕ (ਏ.ਕਿਊ.ਆਈ.) ਸ਼ੁੱਕਰਵਾਰ ਨੂੰ 362 ਤੱਕ ਡਿੱਗ ਗਿਆ, ਕਿਉਂਕਿ ਲੋਕਾਂ ਨੇ ਦੀਵਾਲੀ ਦੇ ਜਸ਼ਨਾਂ ਦੌਰਾਨ ਪਟਾਕਿਆਂ ’ਤੇ ਸ਼ਹਿਰ ਭਰ ਵਿੱਚ ਲਾਈ ਗਈ ਪਾਬੰਦੀ ਦੀ ਕੋਈ ਪ੍ਰਵਾਹ ਨਹੀਂ ਕੀਤੀ। ਦਿੱਲੀ ਵਿੱਚ ਤਿੰਨ ਸਾਲਾਂ ਵਿੱਚ ਇਹ ਸਭ ਤੋਂ ਵੱਧ ਪ੍ਰਦੂਸ਼ਿਤ ਦੀਵਾਲੀ ਵੀ ਦਰਜ ਕੀਤੀ ਗਈ।
ਉਂਝ ਇਹ ਵੱਖਰੀ ਗੱਲ ਹੈ ਕਿ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦਾਅਵਾ ਕੀਤਾ ਹੈ ਕਿ ਦੀਵਾਲੀ ’ਤੇ ਦਿੱਲੀ ਵਾਸੀਆਂ ਨੇ ‘ਪਟਾਕੇ ਚਲਾਉਣ ਤੋਂ ਪਰਹੇਜ਼’ ਕਰਦਿਆਂ ਸ਼ਹਿਰ ਦੇ ਹਵਾ ਗੁਣਵੱਤਾ ਸੂਚਕਅੰਕ (ਏ.ਕਿਊ.ਆਈ.) ਨੂੰ ‘ਗੰਭੀਰ’ ਸ਼੍ਰੇਣੀ’ ਵਿੱਚ ਨਿੱਘਰਨ ਤੋਂ ਰੋਕਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਨੇ ਇਸ ਲਈ ਦਿੱਲੀ ਵਾਸੀਆਂ ਦਾ ਧੰਨਵਾਦ ਕਰਦਿਆਂ ਭਾਜਪਾ ਦੀ ਹਕੂਮਤ ਵਾਲੇ ਸੂਬਿਆਂ ਨੂੰ ਦਿੱਲੀ ਤੋਂ ਸੇਧ ਲੈਣ ਦੀ ਸਲਾਹ ਤੱਕ ਦੇ ਦਿੱਤੀ ਹੈ। ਦੂਜੇ ਪਾਸੇ ਭਾਜਪਾ ਨੇ ਵੀ ਪ੍ਰਦੂਸ਼ਣ ਲਈ ਦੀਵਾਲੀ ਦੀ ਥਾਂ ਦਿੱਲੀ ਵਿਚ ਵਾਹਨਾਂ ਦੀ ਭਾਰੀ ਆਵਾਜਾਈ ਅਤੇ ਦਿੱਲੀ ਸਰਕਾਰ ਦੀ ਸੜਕਾਂ ਦੀ ਹਾਲਤ ਸੁਧਾਰਨ ਵਿਚ ਨਾਕਾਮੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਸ ਦੌਰਾਨ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਮੰਨੇ ਜਾਂਦੇ ਇੰਦੌਰ ਦਾ ਏਕਿਊਆਈ ਸ਼ੁੱਕਰਵਾਰ ਨੂੰ 400 ਦੇ ਅੰਕੜੇ ਨੂੰ ਵੀ ਪਾਰ ਕਰ ਗਿਆ, ਜਿਸ ਤੋਂ ਪਤਾ ਚੱਲਦਾ ਹੈ ਕਿ ਮੱਧ ਪ੍ਰਦੇਸ਼ ਦੀ ਵਿੱਤੀ ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿਚ ਪਹੁੰਚ ਗਈ ਹੈ। ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਸ਼ਹਿਰ ਦੇ ਛੋਟੀ ਗਵਾਲਟੋਲੀ ਖੇਤਰ ਵਿੱਚ ਦੁਪਹਿਰ ਵੇਲੇ ਏਕਿਊਆਈ 404 ਦਰਜ ਕੀਤਾ ਗਿਆ।
ਇੰਦੌਰ ਦਾ ਛੋਟੀ ਗਵਾਲਟੋਲੀ ਇੱਕ ਸੰਘਣੀ ਆਬਾਦੀ ਵਾਲਾ ਇਲਾਕਾ ਹੈ ਜਿੱਥੇ ਵਾਹਨਾਂ ਦੀ ਭਾਰੀ ਆਵਾਜਾਈ ਹੁੰਦੀ ਹੈ। ਵਾਤਾਵਰਣ ਮਾਹਿਰ ਅਤੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਅਧਿਕਾਰੀ ਡਾਕਟਰ ਦਿਲੀਪ ਵਾਘੇਲਾ ਨੇ ਦੱਸਿਆ, “ਸ਼ਹਿਰ ਵਿੱਚ ਵੀਰਵਾਰ ਸਵੇਰ ਤੋਂ ਦੀਵਾਲੀ ਦੀ ਆਤਿਸ਼ਬਾਜ਼ੀ ਦੀ ਸ਼ੁਰੂਆਤ ਹੋਈ ਜੋ ਦੇਰ ਰਾਤ ਤੱਕ ਜਾਰੀ ਰਹੀ। ਸ਼ੁੱਕਰਵਾਰ ਨੂੰ ਵੀ ਕਈ ਇਲਾਕਿਆਂ ’ਚ ਇਹੋ ਸਥਿਤੀ ਬਣੀ ਰਹੀ। ਇਹੋ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਪਹੁੰਚਣ ਦਾ ਮੁੱਖ ਕਾਰਨ ਹੈ।” ਮਾਹਰ ਨੇ ਕਿਹਾ ਕਿ ਸ਼ਹਿਰ ਦੀ ਹਵਾ ਦੀ ਗੁਣਵੱਤਾ ਆਮ ਤੌਰ ’ਤੇ “ਤਸੱਲੀਬਖਸ਼” (ਏ.ਕਿਊ.ਆਈ. 51-100) ਸ਼੍ਰੇਣੀ ਵਿੱਚ ਰਹਿੰਦੀ ਹੈ।
ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੀ ਏਅਰ ਕੁਆਲਿਟੀ ਇੰਡੈਕਸ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਸੀ, ਜਿਹੜਾ 303 ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਪ੍ਰਕਾਸ਼ਿਤ ਰਾਸ਼ਟਰੀ ਏ.ਕਿਊ.ਆਈ. ਦੇ ਹਰ ਘੰਟੇ ਦੇ ਅਪਡੇਟ ਪ੍ਰਦਾਨ ਕਰਨ ਵਾਲੇ ਸਮੀਰ ਐਪ ਦੇ ਅਨੁਸਾਰ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਏ.ਕਿਊ.ਆਈ. ਹਰਿਆਣਾ ਦੇ ਗੁਰੂਗ੍ਰਾਮ ਵਿੱਚ 344, ਜੀਂਦ ਵਿੱਚ 340, ਅੰਬਾਲਾ ਵਿੱਚ 308 ਅਤੇ ਕੁਰੂਕਸ਼ੇਤਰ ਵਿੱਚ 304 ਦਰਜ ਕੀਤਾ ਗਿਆ ਸੀ।
ਗ਼ੌਰਤਲਬ ਹੈ ਕਿ ਏ.ਕਿਊ.ਆਈ. ਨੂੰ ਸਿਫ਼ਰ ਤੋਂ 50 ਦੇ ਵਿਚਕਾਰ ’ਚੰਗਾ’, 51 ਤੋਂ 100 ਵਿਚਕਾਰ ‘ਤਸੱਲੀਬਖਸ਼’, 101 ਤੋਂ 200 ‘ਮੱਧਮ’, 201 ਤੋਂ 300 ‘ਮਾੜਾ’, 301 ਤੋਂ 400 ‘ਬਹੁਤ ਮਾੜਾ’, 401 ਤੋਂ 450 ‘ਗੰਭੀਰ’ ਅਤੇ 450 ਤੋਂ ਉੱਪਰ ‘ਗੰਭੀਰ ਤੋਂ ਵੀ ਗੰਭੀਰ’ ਮੰਨਿਆ ਜਾਂਦਾ ਹੈ। ਹਰਿਆਣਾ ਦੇ ਹੋਰ ਸਥਾਨਾਂ ਜਿਵੇਂ ਬਹਾਦੁਰਗੜ੍ਹ ਵਿੱਚ 1੍ਹ9 289, ਬੱਲਭਗੜ੍ਹ ਵਿੱਚ 224, ਭਿਵਾਨੀ ਵਿੱਚ 288, ਚਰਖੀ ਦਾਦਰੀ ਵਿੱਚ 228, ਫਰੀਦਾਬਾਦ ਵਿੱਚ 236, ਫਤਿਆਬਾਦ ਵਿੱਚ 248, ਹਿਸਾਰ ਵਿੱਚ 252, ਕਰਨਾਲ ਵਿੱਚ 232, ਪੰਚਕੂਲਾ ਵਿੱਚ 251 ਦਰਜ ਕੀਤਾ ਗਿਆ। ਇਹ ਰੋਹਤਕ 272, ਸੋਨੀਪਤ ਵਿੱਚ 259, ਸਿਰਸਾ ਵਿੱਚ 217 ਅਤੇ ਯਮੁਨਾਨਗਰ ਵਿੱਚ 265 ਸੀ।
ਪੰਜਾਬ ਵਿੱਚ ਅੰਮ੍ਰਿਤਸਰ ਦਾ ਏ.ਕਿਊ.ਆਈ. ਵੀ 314 ਦੀ ਰੀਡਿੰਗ ਦੇ ਨਾਲ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਸੀ। ਮੰਡੀ ਗੋਬਿੰਦਗੜ੍ਹ ਵਿੱਚ ਏ.ਕਿਊ.ਆਈ. 331, ਖੰਨਾ ਵਿੱਚ 308, ਜਲੰਧਰ ਵਿੱਚ 253, ਲੁਧਿਆਣਾ ਵਿੱਚ 214 ਅਤੇ ਪਟਿਆਲਾ ਵਿੱਚ 260 ਸੀ। ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ਸਿਰਫ਼ ਗਰੀਨ ਪਟਾਕੇ ਚਲਾਉਣ ਦੀ ਹੀ ਇਜਾਜ਼ਤ ਹੋਵੇਗੀ।ਚੰਡੀਗੜ੍ਹ ਵਿਚ ਵੀ ਅਧਿਕਾਰੀਆਂ ਨੇ ਦੀਵਾਲੀ ਮੌਕੇ ਕੁਝ ਸਮੇਂ ਲਈ ਹੀ ਤੇ ਸਿਰਫ ਗਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਸ਼ਹਿਰ ਵਿਚ ਰਾਤ 8 ਤੋਂ ਰਾਤ 10 ਵਜੇ ਤੱਕ ਗਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਸੀ। ਹਾਲਾਂਕਿ, ਸ਼ਹਿਰ ਦੇ ਕਈ ਹਿੱਸਿਆਂ ਵਿੱਚ ਲੋਕ ਰਾਤ 10 ਵਜੇ ਤੋਂ ਕਿਤੇ ਬਾਅਦ ਤੱਕ ਆਤਿਸ਼ਬਾਜ਼ੀ ਕਰਦੇ ਰਹੇ।

Related posts

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਸੰਜੇ ਮਲਹੋਤਰਾ ਨੇ ਭਾਰਤੀ ਰਿਜ਼ਰਵ ਬੈਂਕ ਦੇ 26ਵੇਂ ਗਵਰਨਰ ਵਜੋਂ ਚਾਰਜ ਸੰਭਾਲਿਆ !

admin

ਡੱਲੇਵਾਲ ਨੂੰ ਕੁੱਝ ਹੋਇਆ ਤਾਂ ਪੈਦਾ ਹੋਣ ਵਾਲੀ ਸਥਿਤੀ ਲਈ ਸਰਕਾਰ ਹੋਵੇਗੀ ਜ਼ਿੰਮੇਵਾਰ – ਪੰਧੇਰ

admin