ਨਵੀਂ ਦਿੱਲੀ – ਮੈਡੀਕਲ ਗ੍ਰੈਜੂਏਸ਼ਨ ਪੱਧਰ ਦੀ ਪੜ੍ਹਾਈ ਲਈ 5 ਮਈ ਨੂੰ ਆਯੋਜਿਤ ਕੀਤੀ ਗਈ ਰਾਸ਼ਟਰੀ ਯੋਗਤਾ ਕਮ ਐਂਟਰੈਂਸ ਟੈਸਟ (ਨੀਟ) 2024 ਦੇ ਮਾਮਲੇ ’ਚ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਜਿਨ੍ਹਾਂ 1563 ਉਮੀਦਵਾਰਾਂ ਨੂੰ ਗ੍ਰੇਸ ਅੰਕ ਦਿੱਤੇ ਗਏ ਹਨ, ਉਨ੍ਹਾਂ ਦੇ ਸਕੋਰ ਕਾਰਡ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਮੁੜ ਪ੍ਰੀਖਿਆ ’ਦੇਣ ਦਾ ਵਿਕਲਪ ਵੀ ਦਿੱਤਾ ਗਿਆ ਹੈ।
ਜਸਟਿਸ ਵਿਕਰਮ ਨਾਥ ਅਤੇ ਸੰਦੀਪ ਮਹਿਤਾ ਦੀ ਬੈਂਚ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੂੰ ਇਜਾਜ਼ਤ ਦੇ ਦਿੱਤੀ, ਜਿਸ ਨੇ ਕਿਹਾ ਕਿ ਸਿਰਫ 1563 ਉਮੀਦਵਾਰਾਂ ਲਈ ਅਜਿਹੀ ਮੁੜ ਪ੍ਰੀਖਿਆ ਦੀ ਤਾਰੀਖ਼ 13 ਜੂਨ ਨੂੰ ਸੂਚਿਤ ਕੀਤੀ ਜਾਵੇਗੀ ਅਤੇ ਨਤੀਜੇ 30 ਜੂਨ ਨੂੰ ਐਲਾਨੇ ਜਾਣਗੇ। ਅਦਾਲਤ ਨੇ ਅਲਖ ਪਾਂਡੇ ਵਲੋਂ 1563 ਉਮੀਦਵਾਰਾਂ ਨੂੰ ਐਕਸ-ਗ੍ਰੇਸ਼ੀਆ ਜਾਂ ਮੁਆਵਜ਼ੇ ਦੇ ਅੰਕ ਦੇਣ ’ਤੇ ਸਵਾਲ ਚੁੱਕਣ ਵਾਲੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।ਦੱਸ ਦੇਈਏ ਕਿ ਸੁਪਰੀਮ ਕੋਰਟ ਵਿਚ ਪਟੀਸ਼ਨਕਰਤਾਵਾਂ ਨੇ ਦਾਅਵਾ ਕੀਤਾ ਸੀ ਕਿ ਗ੍ਰੇਸ ਅੰਕ ਦੇਣ ਵਿਚ ਬੇਨਿਯਮੀਆਂ ਹੋਈਆਂ ਹਨ, ਇਸ ਲਈ ਪ੍ਰੀਖਿਆ ਰੱਦ ਕਰ ਕੇ ਮੁੜ ਆਯੋਜਿਕ ਕਰਵਾਈ ਜਾਵੇ। ਗ੍ਰੇਸ ਮਾਰਕਿੰਗ ਨੂੰ ਲੈ ਕੇ ਐਨ.ਟੀ.ਏ. ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਜਿਨ੍ਹਾਂ 1563 ਵਿਦਿਆਰਥੀਆਂ ਨੂੰ ਗ੍ਰੇਸ ਅੰਕ ਦਿੱਤੇ ਗਏ ਹਨ, ਉਨ੍ਹਾਂ ਨੂੰ ਮੁੜ ਪ੍ਰੀਖਿਆ ਦਾ ਵਿਕਲਪ ਦਿੱਤਾ ਜਾ ਰਿਹਾ ਹੈ। ਜੋ ਵਿਦਿਆਰਥੀ ਮੁੜ ਪ੍ਰੀਖਿਆ ਨਹੀਂ ਦੇਣਾ ਚਾਹੁੰਦੇ, ਉਨ੍ਹਾਂ ਨੂੰ ਬਿਨਾਂ ਗ੍ਰੇਸ ਅੰਕਾਂ ਦੇ ਉਨ੍ਹਾਂ ਦੇ ਓਰੀਜਨਲ ਅੰਕ ਦਿੱਤੇ ਜਾਣਗੇ।