ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਰਹੱਦ ‘ਤੇ ਤਣਾਅ ਵਧ ਗਿਆ ਹੈ। ਭਾਰਤ ਸਰਕਾਰ ਵੱਲੋਂ 7 ਮਈ ਨੂੰ ਦੇਸ਼ ਭਰ ਵਿੱਚ ਇੱਕ ਵਿਆਪਕ ਸਿਵਲ ਡਿਫੈਂਸ ਮੌਕ ਡ੍ਰਿਲ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਦੇ ਸਾਰੇ 244 ਜ਼ਿਲ੍ਹੇ ਸ਼ਾਮਲ ਕੀਤੇ ਜਾ ਰਹੇ ਹਨ। ਇਸ ਅਭਿਆਸ ਦਾ ਮੁੱਖ ਉਦੇਸ਼ ਜੰਗ, ਮਿਜ਼ਾਈਲ ਹਮਲੇ ਜਾਂ ਹਵਾਈ ਬੰਬਾਰੀ ਵਰਗੀਆਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਨਾਗਰਿਕਾਂ ਅਤੇ ਸਰਕਾਰੀ ਮਸ਼ੀਨਰੀ ਦੀ ਤਿਆਰੀ ਦੀ ਜਾਂਚ ਕਰਨਾ ਹੈ।
ਸਿਵਲ ਡਿਫੈਂਸ ਮੌਕ ਡ੍ਰਿਲ ਇੱਕ ਅਜਿਹਾ ਅਭਿਆਸ ਹੈ ਜਿਸ ਵਿੱਚ ਹਵਾਈ ਹਮਲੇ ਦੇ ਸਾਇਰਨ ਵਜਾਏ ਜਾਂਦੇ ਹਨ, ਸ਼ਹਿਰਾਂ ਨੂੰ ਕਾਲਾ ਕਰ ਦਿੱਤਾ ਜਾਂਦਾ ਹੈ, ਨਾਗਰਿਕਾਂ ਨੂੰ ਸੁਰੱਖਿਅਤ ਆਸਰਾ ਸਥਾਨਾਂ ‘ਤੇ ਪਹੁੰਚਾਇਆ ਜਾਂਦਾ ਹੈ ਅਤੇ ਐਮਰਜੈਂਸੀ ਟੀਮਾਂ ਅਸਲ ਸਥਿਤੀਆਂ ਵਾਂਗ ਹੀ ਆਪਣੀ ਭੂਮਿਕਾ ਨਿਭਾਉਂਦੀਆਂ ਹਨ। ਇਸਦਾ ਉਦੇਸ਼ ਨਾਗਰਿਕਾਂ ਵਿੱਚ ਜਾਗਰੂਕਤਾ ਵਧਾਉਣਾ ਅਤੇ ਆਫ਼ਤ ਦੌਰਾਨ ਘਬਰਾਹਟ, ਉਲਝਣ ਅਤੇ ਨੁਕਸਾਨ ਨੂੰ ਘਟਾਉਣਾ ਹੁੰਦਾ ਹੈ।
ਜੰਗ ਵਰਗੀ ਸਥਿਤੀ ਲਈ ਨਜਿੱਡਣ ਦੇ ਲਈ ਮੌਕ ਡ੍ਰਿਲ 7 ਮਈ 2025 ਨੂੰ ਦੇਸ਼ ਭਰ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਇਸ ਡ੍ਰਿਲ ਦਾ ਉਦੇਸ਼ ਨਾਗਰਿਕਾਂ ਨੂੰ ਐਮਰਜੈਂਸੀ ਸਥਿਤੀਆਂ ਲਈ ਤਿਆਰ ਕਰਨਾ ਹੈ। ਇਸ ਮੌਕੇ ‘ਤੇ 1965 ਅਤੇ 1971 ਦੀਆਂ ਭਾਰਤ-ਪਾਕਿ ਜੰਗਾਂ ਦੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ ਹਨ, ਜਦੋਂ ਸਾਇਰਨ ਦੀ ਆਵਾਜ਼ ਨਾਲ ਸਰਹੱਦ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਜੰਗ ਦੀਆਂ ਤਿਆਰੀਆਂ ਵਿੱਚ ਰੁੱਝ ਜਾਂਦੇ ਸਨ। ਉਨ੍ਹਾਂ ਦਿਨਾਂ ਵਿੱਚ, ਜਿਵੇਂ ਹੀ ਸਾਇਰਨ ਵੱਜਦਾ ਸੀ, ਲੋਕ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰ ਦਿੰਦੇ ਸਨ ਅਤੇ ਖੱਡਾਂ ਵਿੱਚ ਲੁਕ ਜਾਂਦੇ ਸਨ। 7 ਮਈ, 2025 ਨੂੰ ਹੋਣ ਵਾਲਾ ਮੌਕ ਡ੍ਰਿਲ 1965 ਅਤੇ 1971 ਦੀਆਂ ਜੰਗਾਂ ਦੇ ਤਜ਼ਰਬਿਆਂ ਤੋਂ ਪ੍ਰੇਰਿਤ ਹੈ। ਇਹ ਅਭਿਆਸ ਨਾਗਰਿਕਾਂ ਨੂੰ ਐਮਰਜੈਂਸੀ ਲਈ ਤਿਆਰ ਕਰਨ ਦਾ ਇੱਕ ਯਤਨ ਹੈ, ਤਾਂ ਜੋ ਉਹ ਅਜਿਹੀਆਂ ਸਥਿਤੀਆਂ ਵਿੱਚ ਸਹੀ ਕਦਮ ਚੁੱਕ ਸਕਣ। 1971 ਦੀ ਜੰਗ ਦੇ ਤਜਰਬੇ ਦਰਸਾਉਂਦੇ ਹਨ ਕਿ ਫੌਜ ਅਤੇ ਨਾਗਰਿਕਾਂ ਵਿਚਕਾਰ ਤਾਲਮੇਲ ਜੰਗ ਦੌਰਾਨ ਸੁਰੱਖਿਆ ਦੀ ਕੁੰਜੀ ਹੈ। ਸਾਰੇ ਰਾਜਾਂ ਨੂੰ ਹਵਾਈ ਹਮਲਿਆਂ ਤੋਂ ਬਚਣ ਲਈ ਮੌਕ ਡ੍ਰਿਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਆਖਰੀ ਵਾਰ ਅਜਿਹੀ ਮੌਕ ਡ੍ਰਿਲ ਲਗਭਗ 54 ਸਾਲ ਪਹਿਲਾਂ ਕੀਤੀ ਗਈ ਸੀ। ਉਸ ਸਮੇਂ 1971 ਵਿੱਚ, ਭਾਰਤ ਅਤੇ ਪਾਕਿਸਤਾਨ ਵਿਚਕਾਰ ਦੋ ਮੋਰਚਿਆਂ ‘ਤੇ ਜੰਗ ਹੋਈ ਸੀ। ਹੁਣ, ਇਸ ਯੁੱਧ ਦੇ 54 ਸਾਲਾਂ ਬਾਅਦ ਦੇਸ਼ ਵਿੱਚ ਇੱਕ ਮੌਕ ਡ੍ਰਿਲ ਕੀਤੀ ਜਾਣ ਜਾ ਰਹੀ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਜਾਪਾਨੀ ਹਮਰੁਤਬਾ ਜਨਰਲ ਨਕਾਟਾਨੀ ਸੈਨ ਨਾਲ ਮੁਲਾਕਾਤ ਕੀਤੀ, ਜਦੋਂ ਕਿ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਜਾਪਾਨ ਨਾਲ ਦੁਵੱਲੀ ਮੀਟਿੰਗ ਵਿੱਚ ਦੋਵਾਂ ਧਿਰਾਂ ਨੇ ਅੱਤਵਾਦ ਦੇ ਸਾਰੇ ਰੂਪਾਂ ਦੀ ਨਿੰਦਾ ਕੀਤੀ ਅਤੇ ਸਰਹੱਦ ਪਾਰ ਖਤਰਿਆਂ ਨਾਲ ਨਜਿੱਠਣ ਲਈ ਬਿਹਤਰ ਸਹਿਯੋਗ ਅਤੇ ਸਾਂਝੇ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ।
ਇਸ ਤੋਂ ਪਹਿਲਾਂ ਸੋਮਵਾਰ ਨੂੰ, ਭਾਰਤ ਨੇ ਰਿਆਸੀ ਜ਼ਿਲ੍ਹੇ ਵਿੱਚ ਚਨਾਬ ਨਦੀ ‘ਤੇ ਸਲਾਲ ਡੈਮ ਦੇ ਦਰਵਾਜ਼ੇ ਬੰਦ ਕਰ ਦਿੱਤੇ। ਸਲਾਲ ਡੈਮ ਦੇ ਗੇਟ ਬੰਦ ਹੋਣ ਕਾਰਣ ਚਨਾਬ ਨਦੀ ਵਿੱਚ ਪਾਣੀ ਦਾ ਪੱਧਰ ਕਾਫ਼ੀ ਘੱਟ ਗਿਆ ਹੈ। ਸਥਾਨਕ ਲੋਕਾਂ ਨੇ ਇਸਨੂੰ ਸਹੀ ਕਦਮ ਕਿਹਾ ਹੈ। ਲੋਕ ਕਹਿੰਦੇ ਹਨ ਕਿ ਪਾਕਿਸਤਾਨ ਨੂੰ ਢੁਕਵਾਂ ਜਵਾਬ ਦੇਣ ਦੀ ਲੋੜ ਹੈ। ਇਸ ਤੋਂ ਪਹਿਲਾਂ ਵੀ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਵਿਰੁੱਧ ਕਈ ਕਦਮ ਚੁੱਕੇ ਜਾ ਚੁੱਕੇ ਹਨ ਜਿਸ ਵਿੱਚ ਉਸ ਦੇ ਬੰਦਰਗਾਹਾਂ ‘ਤੇ ਉਸ ਦੇ ਜਹਾਜ਼ਾਂ ਦੇ ਦਾਖਲੇ ‘ਤੇ ਪਾਬੰਦੀ ਲਗਾਉਣਾ ਅਤੇ ਵਪਾਰ ਨੂੰ ਰੋਕਣਾ ਸ਼ਾਮਲ ਹੈ।