ਅਮ੍ਰਿਤਸਰ – ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਜੋ ਘਟਨਾਕ੍ਰਮ ਵਾਪਰਿਆ ਉਸ ਲਈ ਅਸੀਂ ਸਾਰੇ ਦੋਵੇ ਹੱਥ ਜੋੜ ਕੇ ਖਿਮਾ ਯਾਚਨਾ ਕਰਦੇ ਹਾਂ। ਅੱਜ ਪੱਤਰਕਾਰਾਂ ਨਾਲ ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ਵਿਖੇ ਗਲ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਅਕਾਲੀ ਦਲ ਕਦੇ ਵੀ ਤਖਤ ਸਾਹਿਬਾਨ ਅਤੇ ਜਥੇਦਾਰ ਸਾਹਿਬਾਨ ਦਾ ਬਹੁਤ ਸਤਿਕਾਰ ਕਰਦਾ ਹੈ ਤੇ ਸਾਡੇ ਕਿਸੇ ਸਾਥੀ ਵਲੋਂ ਗਲਤ ਲਫ਼ਜ਼ ਬੋਲੇ ਜਾਣ ਕਰਕੇ ਕਿਸੇ ਦੇ ਜਜ਼ਬਾਤਾਂ ਨੂੰ ਠੇਸ ਲੱਗੀ ਹੋਵੇ ਤਾਂ ਅਸੀਂ ਪਾਰਟੀ ਪ੍ਰਧਾਨ ਅਤੇ ਪੂਰੀ ਪਾਰਟੀ ਵਲੋਂ ਖਿਮਾ ਦੇ ਜਾਚਕ ਹਾਂ। ਉਹਨਾਂ ਕਿਹਾ ਕਿ ਸਾਰੇ ਹੀ ਆਗੂਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਭਵਿੱਖ ਵਿਚ ਇਸ ਗੱਲ ਦਾ ਧਿਆਨ ਰੱਖਿਆ ਜਾਵੇ। ਉਹਨਾਂ ਕਿਹਾ ਕਿ ਪਾਰਟੀ ਦੇ ਖਿਲਾਫ ਇਕ ਸਾਜਿਸ਼ ਚਲ ਰਹੀ ਹੈ ਤੇ ਇਸ ਵਿਚ ਕੇਂਦਰ ਅਤੇ ਰਾਜ ਸਰਕਾਰ ਵੀ ਸ਼ਾਮਿਲ ਹੈ। ਉਹਨਾਂ ਅਗੇ ਕਿਹਾ ਕਿ ਅਸੀਂ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ। ਜਦੋ ਸ੍ਰੀ ਅਕਾਲ ਤਖਤ ਸਾਹਿਬ ਨੇ ਸ ਸੁਖਬੀਰ ਸਿੰਘ ਬਾਦਲ ਕੋਲੋ ਸਪਸ਼ਟੀਕਰਨ ਮੰਗਿਆ ਤਾਂ ਉਹਨਾਂ ਬਿਨਾ ਕਿਸੇ ਦੇਰੀ ਦੇ ਆਪਣਾ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਤੇ ਸੌਂਪਿਆ। ਜੇ ਸ੍ਰੀ ਅਕਾਲ ਤਖਤ ਸਾਹਿਬ ਨੇ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਤੋਂ ਬਾਹਰ ਕਰਨ ਦਾ ਆਦੇਸ਼ ਦਿੱਤਾ ਤਾਂ ਅਸੀਂ ਇਕ ਪਲ ਵਿਚ ਉਸ ਦਾ ਅਸਤੀਫਾ ਸਵੀਕਾਰ ਕੀਤਾ। ਡਾਕਟਰ ਚੀਮਾ ਨੇ ਕਿਹਾ ਕਿ ਅਕਾਲੀ ਦਲ ਰੋਮ ਰੋਮ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਪਾਰਟੀ ਜਥੇਦਾਰ ਸਾਹਿਬਾਨ ਦੀ ਆਲੋਚਨਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਆਈ ਟੀ ਵਿੰਗ ਅਕਾਲੀ ਦਲ ਦੀ ਜੁਅਰਤ ਹੀ ਨਹੀਂ ਹੈ ਕਿ ਉਹ ਜਥੇਦਾਰ ਸਾਹਿਬਾਨ ਦੇ ਬਾਰੇ ਕੋਈ ਪੋਸਟ ਪਾਵੇ। ਇਸ ਤੋਂ ਪਹਿਲਾਂ ਐਡਵੋਕੇਟ ਹਾਰਜਿੰਦਰ ਸਿੰਘ ਧਾਮੀ, ਸ ਬਲਵਿੰਦਰ ਸਿੰਘ ਭੂੰਦੜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਡਾਕਟਰ ਦਲਜੀਤ ਸਿੰਘ ਚੀਮਾ ਅਤੇ ਅਰਸ਼ਦੀਪ ਸਿੰਘ ਕਲੇਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ।
