Articles India Punjab Religion

ਅਜ਼ਾਦੀ ਦੇ 77 ਸਾਲ ਬਾਅਦ ਮਲੇਰਕੋਟਲਾ ਬੁਨਿਆਦੀ ਸਹੂਲਤਾਂ ਤੋਂ ਕੋਹਾਂ ਦੂਰ: ਪ੍ਰਵੇਜ਼ ਖਾਨ

ਈਦਗਾਹ ਕਿਲਾ ਰਹਿਮਤਗੜ੍ਹ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਮਾਜਸੇਵੀ ਪ੍ਰਵੇਜ਼ ਖਾਨ ਅਤੇ ਈਦ ਮਿਲਦੇ ਹੋਏ।
ਲੇਖਕ: ਮੁਹੰਮਦ ਜਮੀਲ ਐਡਵੋਕੇਟ, ਕਿਲਾ ਰਹਿਮਤਗੜ੍ਹ, ਮਲੇਰਕੋਟਲਾ

ਈਦ ਉਲ ਫਿਤਰ ਦਾ ਤਿਉਹਾਰ ਬਹੁਤ ਹੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਦੇਸ਼ ਭਰ ਵਿੱਚ ਕਰੋੜਾਂ ਮੁਸਲਿਮ ਲੋਕਾਂ ਨੇ ਅਮਨ ਸ਼ਾਂਤੀ ਨਾਲ ਈਦ ਦੀ ਨਮਾਜ਼ ਅਦਾ ਕੀਤੀ ਅਤੇ ਆਪਸੀ ਭਾਈਚਾਰਕ ਸਾਂਝ ਦੀ ਵਿਲੱਖਣ ਤਸਵੀਰ ਦੇਖਣ ਨੂੰ ਮਿਲੀ। ਈਦ ਦਾ ਤਿਉਹਾਰ ਸਾਰੇ ਧਰਮਾਂ ਦੇ ਲੋਕਾਂ ਨੇ ਮਿਲਜੁਲਕੇ ਮਨਾਇਆ ਜਿਸ ਨਾਲ ਦੇਸ਼ ਅੰਦਰ ਨਫਤਰ ਫੈਲਾਉਣ ਵਾਲੇ ਲੋਕਾਂ ਦੇ ਮੂੰਹ ‘ਤੇ ਕਰਾਰੀ ਚਪੇੜ ਵੱਜੀ ਜੋ ਆਏ ਦਿਨ ਮੰਦਰ-ਮਸਜਿਦ ਦੀ ਰਾਜਨੀਤੀ ਕਰਕੇ ਆਪਣਾ ਕਾਰੋਬਾਰ ਚਲਾ ਰਹੇ ਹਨ। ਈਦਗਾਹ ਕਿਲਾ ਰਹਿਮਤਗੜ੍ਹ ਵਿਖੇ ਹਜ਼ਾਰਾਂ ਦੀ ਗਿਣਤੀ ‘ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਨਮਾਜ਼ ਅਦਾ ਕੀਤੀ। ਚੌਧਰੀ ਮੁਹੰਮਦ ਅਨਵਾਰ (ਘੋਲੂ) ਪ੍ਰਧਾਨ ਇੰਤਜਾਮੀਆ ਕਮੇਟੀ ਈਦਗਾਹ ਕਿਲਾ ਰਹਿਮਤਗੜ੍ਹ ਨੇ ਹਾਜ਼ਰੀਨ ਨੂੰ ‘ਜੀ ਆਇਆ ਨੂੰ’ ਕਿਹਾ ਅਤੇ ਈਦ ਮੁਬਾਰਕ ਦਿੱਤੀ। ਇਸ ਮੌਕੇ ਪ੍ਰਸਿੱਧ ਸਮਾਜਸੇਵੀ ਪ੍ਰਵੇਜ਼ ਖਾਨ ਐਮਡੀ ਇੰਡੀਅਨ ਮਹਿਕ ਹੋਟਲ ਸੀਰੀਜ਼ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਹਨਾਂ ਆਪਣੇ ਸੰਬੋਧਨ ‘ਚ ਦੇਸ਼ ਵਾਸੀਆਂ ਨੂੰ ਈਦ ਮੁਬਾਰਕ ਦਿੰਦਿਆਂ ਅਮਨ ਸ਼ਾਂਤੀ ਨਾਲ ਰਹਿਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਮਲੇਰਕੋਟਲਾ ਇੱਕ ਅਮਨ ਦਾ ਗੁਲਦਸਤਾ ਹੈ ਜਿਸ ਵਿੱਚ ਹਰ ਧਰਮ, ਜਾਤ, ਨਸਲ, ਖਿੱਤੇ ਦੇ ਲੋਕ ਸਦੀਆਂ ਤੋਂ ਮਿਲਜੁਲ ਕੇ ਰਹਿ ਰਹੇ ਹਨ। ਅੱਜ ਪ੍ਰਵੇਜ਼ ਖਾਨ ਨਾਲ ਰਮੇਸ਼ ਬੱਤਾ, ਕ੍ਰਿਸ਼ਨ ਕੁਮਾਰ ਜੈਨ ਸਮੇਤ ਸ਼ਹਿਰ ਦੇ ਪਤਵੰਤੇ ਵੀ ਈਦ ਮਿਲਣ ਵਿੱਚ ਸ਼ਾਮਲ ਹੋਏ ਅਤੇ ਮੁਸਲਿਮ ਭਾਈਚਾਰੇ ਨੂੰ ਗਲੇ ਮਿਲਕੇ ਈਦ ਮੁਬਾਰਕਬਾਦ ਦਿੱਤੀ।

ਇਸ ਮੌਕੇ ਪ੍ਰਵੇਜ਼ ਖਾਨ ਨੇ ਕਿਹਾ ਕਿ ਭਾਵੇਂ ਯੂਰਪੀਅਨ ਦੇਸ਼ ਅਰਮੀਨੀਆ ‘ਚ ਕਾਰੋਬਾਰ ਕਰਦੇ ਹਨ ਪਰੰਤੂ ਉਹ ਹਮੇਸ਼ਾਂ ਆਪਣੇ ਸ਼ਹਿਰ ਲਈ ਚਿੰਤਤ ਰਹਿੰਦੇ ਹਨ। ਮਲੇਰਕੋਟਲਾ ਦੇ ਲੋਕਾਂ ਦੀ ਸਿੱਖਿਆ, ਸਿਹਤ, ਰੋਜ਼ਗਾਰ ਸਮੇਤ ਬੁਨਿਆਦੀ ਸਹੂਲਤਾਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਾਡਾ ਸ਼ਹਿਰ 77 ਸਾਲ ਬਾਅਦ ਵੀ ਬੁਨਿਆਦੀ ਸਹੂਲਤਾਂ ਤੋਂ ਕੋਹਾਂ ਦੂਰ ਹੈ। ਸੀਵਰੇਜ, ਵਾਟਰ ਸਪਲਾਈ, ਨਾਲੀਆਂ-ਗਲੀਆਂ ਦੇ ਫਰਸ਼, ਸਟਰੀਟ ਲਾਈਟ ਵਰਗੀਆਂ ਸਹੂਲ਼ਤਾਂ ਤੋਂ ਬਿਨ੍ਹਾਂ ਲੋਕ ਜ਼ਿੰਦਗੀ ਗੁਜਾਰਨ ਲਈ ਮਜ਼ਬੂਰ ਹਨ। ਉਹਨਾਂ ਕਿਹਾ ਕਿ ਦੇਸ਼ ਅਜ਼ਾਦ ਹੋਣ ਤੋਂ ਲੰਬੇ ਅਰਸੇ ਬਾਅਦ ਵੀ ਕੌਂਸਲਰ, ਵਿਧਾਇਕ ਅਤੇ ਸਰਕਾਰਾਂ ਗਲੀਆਂ ਨਾਲੀਆਂ ਦੇ ਨਾਂਅ ‘ਤੇ ਲੋਕਾਂ ਨੂੰ ਗੁਮਰਾਹ ਕਰਦੀਆਂ ਹਨ। ਉਹਨਾਂ ਅਲਕੌਸਰ ਫੁੱਟਬਾਲ ਅਕੈਡਮੀ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸ਼ਹਿਰ ਦੇ ਹਰ ਇਲਾਕੇ ਵਿੱਚ ਹੋਣੇ ਚਾਹੀਦੇ ਹਨ। ਉਹਨਾਂ ਐਲਾਨ ਕੀਤਾ ਕਿ ਮਲੇਰਕੋਟਲਾ ਦੇ ਬੱਚਿਆਂ ਨੂੰ ਖੇਡਾਂ ਅਤੇ ਸਿੱਖਿਆ ਦੇ ਖੇਤਰ ‘ਚ ਸਮੇਂ ਦਾ ਹਾਣੀ ਬਣਾਉਣ ਲਈ ਜੋ ਵੀ ਯੋਗਦਾਨ ਦੀ ਲੋੜ ਹੋਵੇਗੀ ਮੇਰੇ ਵੱਲੋਂ ਕੀਤਾ ਜਾਵੇਗਾ। ਕਿਸੇ ਵੀ ਬੱਚੇ ਨੂੰ ਗਰੀਬੀ ਕਾਰਣ ਪੜ੍ਹਾਈ ਜਾਂ ਖੇਡ ਅੱਧਵਾਟੇ ਨਹੀਂ ਛੱਡਣੀ ਪਵੇਗੀ। ਇਸ ਮੌਕੇ ਡਾ. ਸਲਮਾਨ ਕਪੂਰ, ਗੁਲਜ਼ਾਰ ਖਾਨ ਧਾਲੀਵਾਲ, ਬਾਰੂ ਅਨਸਾਰੀ, ਕੋਚ ਮਾਜਿਦ ਅਲੀ ਸਮੇਤ ਪਤਵੰਤਿਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

Related posts

ਪੰਜਾਬ ਪੁਲਿਸ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਘਰ ਵਿੱਚ ਨਜ਼ਰਬੰਦ !

admin

ਭੁੱਲੇ-ਵਿੱਸਰੇ ਰਿਸ਼ਤੇ !

admin

ਵਿਕਾਸ ਬਨਾਮ ਵਿਨਾਸ਼: ਮਨੁੱਖ ਕੁਦਰਤ ਦੇ ਸਬਕ ਕਦੋਂ ਸਿੱਖੇਗਾ ?

admin