ਪੰਜਾਬੀ ਸੱਭਿਆਚਾਰ ਦੇ ਰੰਗ ਬੜੇ ਨਿਆਰੇ ਹਨ। ਪੰਜਾਬ ਦੇ ਪਿੰਡਾਂ ਵਿੱਚ ਪੁਰਾਣੇ ਸਮੇਂ ’ਤੇ ਝਾਤ ਮਾਰਦਿਆਂ ਮਨ ਨੂੰ ਸਕੂਨ ਮਿਲਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਜੋ ਵੀ ਹੁੰਦਾ ਸੀ, ਉਹ ਪੰਜਾਬੀ ਸੱਭਿਆਚਾਰ ਦਾ ਮਨਮੋਹਕ ਹਿੱਸਾ ਬਣ ਜਾਂਦਾ ਸੀ। ਜਿਨ੍ਹਾਂ ਵਿੱਚ ਔਰਤਾਂ ਵੱਲੋਂ ਕੱਚੇ ਕੋਠਿਆਂ ਨੂੰ ਲਿੱਪਣਾ, ਵਿਆਹਾਂ ਵਿੱਚ ਮਹੀਨਾ ਪਹਿਲਾਂ ਹੀ ਗੀਤ ਗਾਉਣਾ ਸ਼ੁਰੂ ਕਰ ਦੇਣਾ, ਇਕੱਠੀਆਂ ਹੋ ਕੇ ਤ੍ਰਿੰਝਣਾਂ ਵਿੱਚ ਚਰਖਿਆਂ ਦਾ ਘੂਕ ਬੰਨ੍ਹਣਾ, ਰੰਗੀਨ ਦਰੀਆਂ ਬੁਣਨਾ, ਗਿੱਧਿਆਂ ਦੇ ਪਿੜ ਜਮਾਉਣਾ, ਇਕੱਠੀਆਂ ਹੋ ਕੇ ਵੰਗਾਂ ਚੜ੍ਹਾਉਣਾ, ਸਾਂਝੇ ਚੁੱਲ੍ਹੇ ਤੇ ਤੰਦੂਰ ’ਤੇ ਰੋਟੀਆਂ ਬਣਾਉਣਾ, ਵੱਡੇ ਪਿੱਪਲਾਂ-ਬੋਹੜਾਂ ਹੇਠਾਂ ਤੀਆਂ ਦੇ ਰੰਗ ਬੰਨ੍ਹਣਾ ਆਦਿ ਸ਼ਾਮਲ ਹੁੰਦੇ ਸਨ। ਇੱਥੋਂ ਤੱਕ ਕਿ ਔਰਤਾਂ ਵੱਲੋਂ ਘਰੇਲੂ ਕੰਮਾਂ ਨੂੰ ਵੀ ਸਾਂਝੇ ਤੌਰ ’ਤੇ ਕਰਕੇ ਭਾਈਚਾਰਕ ਸਾਂਝ ਦਾ ਸੱਦਾ ਦਿੱਤਾ ਜਾਂਦਾ ਸੀ।
ਪੁਰਾਣੇ ਸਮੇਂ ਵਿੱਚ ਪਿੰਡਾਂ ਵਿੱਚ ਵਿਆਹ ਤਾਂ ਵਿਆਹ ਭਾਵੇਂ ਇੱਕ ਘਰ ਹੁੰਦਾ ਸੀ, ਪਰ ਇਹ ਪੂਰੇ ਪਿੰਡ ਦਾ ਹੀ ਸਾਂਝਾ ਕਾਰਜ ਬਣ ਜਾਂਦਾ ਸੀ। ਔਰਤਾਂ ਲਈ ਸਮਾਜਿਕ ਮਿਲਵਰਤਣ ਅਤੇ ਖ਼ੁਸ਼ੀ ਦਾ ਮਾਹੌਲ ਬਣ ਜਾਂਦਾ ਸੀ। ਉਹ ਵਿਆਹ ਵਾਲੇ ਘਰ ਇਕੱਠੀਆਂ ਹੋ ਕੇ ਜਾਂਦੀਆਂ, ਕਦੇ ਕਣਕ ਸਾਫ਼ ਕਰਦੀਆਂ, ਕਦੇ ਦਾਲਾਂ ਚੁਗਦੀਆਂ ਅਤੇ ਕਦੇ ਇਕੱਠੀਆਂ ਬੈਠ ਵਿਆਹ ਵਿੱਚ ਸੁਹਾਗ ਦੇ ਗੀਤ ਗਾਉਂਦੀਆਂ। ਉਨ੍ਹਾਂ ਦਾ ਹਰ ਕਾਰਜ ਅਜਿਹਾ ਹੁੰਦਾ ਸੀ ਕਿ ਵਿਆਹ ਦੀ ਰੀਤ ਯਾਦਗਾਰੀ ਬਣ ਜਾਵੇ ਅਤੇ ਵਿਆਹ ਵਾਲੇ ਘਰਦਿਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਜਦੋਂ ਕਦੇ ਪਿੰਡ ਵਿੱਚ ਕਿਸੇ ਕੁੜੀ ਦਾ ਵਿਆਹ ਹੁੰਦਾ ਸੀ ਤਾਂ ਸਾਰਾ ਪਿੰਡ ਹੀ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਵਿੱਚ ਰੁੱਝ ਜਾਂਦਾ ਸੀ। ਔਰਤਾਂ ਖ਼ਾਸ ਕਰਕੇ ਬਰਾਤੀਆਂ ਨੂੰ ਨਵੀਆਂ-ਨਵੀਆਂ ਸਿੱਠਣੀਆਂ ਦੇਣ ਦੀਆਂ ਤਿਆਰੀਆਂ ਕਰਨ ਲੱਗਦੀਆਂ। ਉਨ੍ਹਾਂ ਦਿਨਾਂ ਵਿੱਚ ਬਰਾਤ ਦੀ ਆਓ-ਭਗਤ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਸੀ। ਬਰਾਤ ਵੀ ਦੋ-ਤਿੰਨ ਦਿਨ ਠਹਿਰਦੀ ਸੀ ਅਤੇ ਸਾਰਾ ਪਿੰਡ ਹੀ ਬਰਾਤ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਸੀ। ਕੋਈ ਮੰਜੇ-ਬਿਸਤਰਿਆਂ ਦੀ ਸੇਵਾ ਕਰਦਾ, ਕੋਈ ਬਰਾਤ ਦੇ ਇਸ਼ਨਾਨ-ਪਾਣੀ ਦਾ ਬੰਦੋਬਸਤ ਕਰਦਾ, ਕੋਈ ਹਲਵਾਈ ਨਾਲ ਮਿਲ ਕੇ ਬਰਾਤ ਲਈ ਭਾਂਤ-ਭਾਂਤ ਦੀ ਮਠਿਆਈ ਬਣਵਾਉਣ ਵਿੱਚ ਲੱਗਿਆ ਰਹਿੰਦਾ। ਔਰਤਾਂ ਇਕੱਠੀਆਂ ਹੋ ਕੇ ਤਵੀ ’ਤੇ ਰੋਟੀਆਂ ਜਾਂ ਪੁਰਾਣੇ ਸਮੇਂ ਦੀਆਂ ਪੋਲੀਆਂ ਬਣਾਉਣ ਵਿੱਚ ਖ਼ੁਸ਼ ਰਹਿੰਦੀਆਂ ਹੋਈਆਂ, ਗੀਤਾਂ ਦੀਆਂ ਬਹਾਰਾਂ ਲਗਾ ਰੱਖਦੀਆਂ। ਇੰਝ ਲੱਗਦਾ ਹੁੰਦਾ ਕਿ ਜਿਵੇਂ ਇੱਕ ਕੁੜੀ ਦੇ ਵਿਆਹ ਨੇ ਸਾਰੇ ਪਿੰਡ ਨੂੰ ਹੀ ਕੰਮ ਲਗਾ ਦਿੱਤਾ ਹੋਵੇ।
ਜੰਝ ਆਉਣ ਵਾਲੇ ਵਿਅਕਤੀਆਂ ਵਿੱਚ ਵੀ ਜੰਝ ਚੜ੍ਹਨ ਦਾ ਚਾਅ ਹੁੰਦਾ ਸੀ। ਜਿਸ ਪਿੰਡ ਵਿੱਚ ਕਿਸੇ ਮੁੰਡੇ ਦੀ ਜੰਝ ਚੜ੍ਹਦੀ ਤਾਂ ਉਸ ਦੇ ਰਿਸ਼ਤੇਦਾਰ, ਮੇਲੀ ਅਤੇ ਪਿੰਡ ਦੇ ਖ਼ਾਸ ਵਿਅਕਤੀ ਜੰਝ ਜਾਣ ਲਈ ਨਵੇਂ ਕੱਪੜੇ ਬਣਵਾਉਣ ਅਤੇ ਪੂਰੀ ਠਾਠ ਨਾਲ ਜੰਝ ਚੜ੍ਹਨ ਦੀ ਤਿਆਰੀ ਕਰਦੇ। ਕਿਸੇ ਵੀ ਪਿੰਡ ਵਿੱਚ ਗਾਜਿਆਂ-ਬਾਜਿਆਂ ਨਾਲ ਜੰਝ ਚੜ੍ਹਨ ਦਾ ਨਜ਼ਾਰਾ ਦੇਖਣ ਯੋਗ ਹੁੰਦਾ ਸੀ। ਉਨ੍ਹਾਂ ਦਿਨਾਂ ਵਿੱਚ ਜੰਝ ਵੀ ਰਥਾਂ, ਘੋੜਿਆਂ, ਗੱਡਿਆਂ ਜਾਂ ਊਠਾਂ ਉੱਤੇ ਜਾਇਆ ਕਰਦੀ ਸੀ। ਮੋਟਰ ਕਾਰਾਂ ਦਾ ਜ਼ਮਾਨਾ ਅਜੇ ਨਹੀਂ ਸੀ ਆਇਆ। ਜੰਝ ਚੜ੍ਹਦੀ ਨੂੰ ਸਾਰਾ ਪਿੰਡ ਹੀ ਦੇਖਣ ਆਇਆ ਕਰਦਾ ਸੀ।
ਇਸ ਤਰ੍ਹਾਂ ਇਹ ਸਮਾਂ ਬਹੁਤ ਸੁਹਾਵਣਾ ਅਤੇ ਸਾਰੇ ਪਿੰਡ ਲਈ ਖ਼ੁਸ਼ੀਆਂ ਭਰਿਆ ਹੁੰਦਾ ਸੀ। ਜਾਂਝੀ ਇੱਕ ਦੂਜੇ ਦੀ ਟੌਹਰ ਦੇਖ ਕੇ ਮਸ਼ਕਰੀਆਂ ਕਰਦੇ ਸਨ। ਇਸੇ ਤਰ੍ਹਾਂ ਜਦੋਂ ਫਿਰ ਜੰਝ ਕਿਸੇ ਦੂਜੇ ਪਿੰਡ ਕੁੜੀ ਵਾਲਿਆਂ ਦੇ ਪਿੰਡ ਪਹੁੰਚਦੀ ਤਾਂ ਜਾਂਝੀਆਂ ਵੱਲੋਂ ਖੂਬ ਭੰਗੜਾ ਪਾਇਆ ਜਾਂਦਾ ਅਤੇ ਹਰ ਇੱਕ ਬਰਾਤੀ ਆਪਣੇ ਆਪ ਨੂੰ ਵਿਸ਼ੇਸ਼ ਮਹਿਮਾਨ ਸਮਝਦਾ ਹੋਇਆ ਧਰਤੀ ’ਤੇ ਪੈਰ ਨਾ ਲਗਾਉਂਦਾ। ਉੱਧਰ ਕੁੜੀ ਵਾਲੇ ਵੀ ਭੰਗੜੇ ਦਾ ਦੌਰ ਬੰਦ ਹੋਣ ’ਤੇ ਬਰਾਤੀਆਂ ਨੂੰ ਵੱਡੇ ਪਿੱਪਲ ਜਾਂ ਵਿਰਾਸਤੀ ਬੋਹੜ ਹੇਠ ਦਰਵਾਜ਼ੇ ਦੇ ਬਾਹਰ ਵੱਲ ਹੀ ਨਵੇਂ ਵਿਛਾਏ ਚਿੱਟੇ ਕੋਰਿਆਂ ’ਤੇ ਬੈਠਣ ਲਈ ਕਹਿੰਦੇ। ਬਰਾਤੀ ਮੜ੍ਹਕ ਨਾਲ ਪੈਰ ਪੁੱਟਦੇ ਹੋਏ ਆਪਣੇ ਤੰਬਿਆਂ ਨੂੰ ਸੰਭਾਲਦੇ ਹੋਏ ਉਨ੍ਹਾਂ ਕੋਰਿਆਂ ’ਤੇ ਜਾ ਬੈਠਦੇ।
ਇਹ ਮੌਕਾ ਬਰਾਤ ਦੇ ਸਵਾਗਤ ਦਾ ਹੁੰਦਾ ਸੀ। ਇਸ ਲਈ ਪਿੰਡ ਦੀਆਂ ਔਰਤਾਂ ਜਿਨ੍ਹਾਂ ਨੇ ਪਹਿਲਾਂ ਹੀ ਨੇੜੇ ਦੇ ਕੋਠਿਆਂ ’ਤੇ ਬਨੇਰੇ ਮੱਲੇ ਹੁੰਦੇ ਸਨ, ਗੀਤਾਂ ਦਾ ਮੀਂਹ ਵਰਸਾਉਣਾ ਸ਼ੁਰੂ ਕਰ ਦਿੰਦੀਆਂ। ਸ਼ੁਰੂ-ਸ਼ੁਰੂ ਵਿੱਚ ਤਾਂ ਉਹ ਸਤਿਕਾਰ ਵਜੋਂ ਸਵਾਗਤੀ ਗੀਤ ਗਾਉਂਦੀਆਂ ਅਤੇ ਕਹਿੰਦੀਆਂ ਸੁਣੀਆਂ ਜਾਂਦੀਆਂ।
ਸਵਾਗਤੀ ਗੀਤ ਤੋਂ ਬਾਅਦ ਔਰਤਾਂ ਵੀ ਜਾਂਝੀਆਂ ਨੂੰ ਸਿੱਠਣੀਆਂ ਦੇਣੀਆਂ ਸ਼ੁਰੂ ਕਰ ਦਿੰਦੀਆਂ ਅਤੇ ਲਾੜੇ, ਲਾੜੇ ਦੇ ਪਿਓ ਅਤੇ ਵਿਚੋਲੇ ਖ਼ਾਸ ਕਰਕੇ ਉਨ੍ਹਾਂ ਦੀ ਰਡਾਰ ’ਤੇ ਹੁੰਦੇ ਸਨ। ਜਾਂਝੀ ਤਾਂ ਕੋਰਿਆਂ ’ਤੇ ਬੈਠਦੇ ਸਾਰ ਹੀ ਕੁਝ ਖਾਣ ਪੀਣ ਦਾ ਪ੍ਰਬੰਧ ਦੇਖਣ ਲੱਗਦੇ ਸਨ। ਕੁੜੀ ਵਾਲਿਆਂ ਵੱਲੋਂ ਸਭ ਤੋਂ ਪਹਿਲਾਂ ਪਿੰਡ ਦਾ ਇੱਕ ਵਿਅਕਤੀ ਸਾਰੇ ਬਰਾਤੀਆਂ ਅੱਗੇ ਪਿੱਤਲ ਦੇ ਥਾਲ ਰੱਖ ਜਾਂਦਾ, ਫਿਰ ਦੂਜਾ ਆ ਕੇ ਪਿੱਤਲ ਦੇ ਵੱਡੇ-ਵੱਡੇ ਗਲਾਸ ਰੱਖ ਜਾਂਦਾ। ਇੰਨੇ ਵਿੱਚ ਹੀ ਇੱਕ ਵਿਅਕਤੀ ਲੱਡੂਆਂ ਦੀ ਭਰੀ ਪਰਾਤ ਲੈ ਕੇ ਸਾਰੇ ਥਾਲਾਂ ਵਿੱਚ ਦੋ-ਦੋ ਲੱਡੂ ਰੱਖ ਜਾਂਦਾ ਤਾਂ ਫਿਰ ਇੱਕ ਹੋਰ ਵਿਅਕਤੀ ਉਨ੍ਹਾਂ ਥਾਲਾਂ ਲਈ ਹੀ ਜਲੇਬੀਆਂ ਦੀ ਭਰੀ ਪਰਾਤ ਲੈ ਕੇ ਆਉਂਦਾ ਅਤੇ ਹਰ ਬਰਾਤੀ ਦੇ ਥਾਲ ਵਿੱਚ ਚਾਰ-ਚਾਰ ਜਲੇਬੀਆਂ ਰੱਖ ਜਾਂਦਾ। ਇਸ ਮੌਕੇ ’ਤੇ ਬੜਾ ਵਿਲੱਖਣ ਜਿਹਾ ਨਜ਼ਾਰਾ ਪੇਸ਼ ਹੋ ਰਿਹਾ ਹੁੰਦਾ ਸੀ। ਇਸ ਨੂੰ ਹੋਰ ਸੱਭਿਆਚਾਰਕ ਰੰਗ ਦੇਣ ਲਈ ਔਰਤਾਂ ਸਿੱਠਣੀਆਂ ਉੱਚੀ-ਉੱਚੀ ਗਾਉਂਦੀਆਂ ਅਤੇ ਲਾੜੇ ਨੂੰ ਸੰਬੋਧਤ ਹੁੰਦੀਆਂ ਹੋਈਆਂ ਕਹਿੰਦੀਆਂ;
ਇਸ ਆਨੰਦਮਈ ਸਮੇਂ ਵਿੱਚ ਦੂਰੋਂ ਆਏ ਬਰਾਤੀ ਖਾਣ ਦਾ ਆਨੰਦ ਮਾਣਦੇ ਕੋਰਿਆਂ ’ਤੇ ਬੈਠੇ ਹੀ ਆਪਣੇ ਆਪ ਨੂੰ ਅਜੋਕੇ ਪੰਜ ਤਾਰਾ ਹੋਟਲਾਂ ਦੇ ਸ਼ਾਹੀ ਸੋਫਿਆਂ ਤੋਂ ਵੱਧ ਆਨੰਦਮਈ ਮਹਿਸੂਸ ਕਰਦੇ ਸਨ। ਇੱਕ ਪਾਸੇ ਦਮਦਾਰ ਸਵਾਗਤ, ਦੂਜਾ ਦੇਸੀ ਮਠਿਆਈ ਦਾ ਸਵਾਦ ਅਤੇ ਤੀਜਾ ਪੰਜਾਬੀ ਸੱਭਿਆਚਾਰ ਦੀ ਟਕੋਰ, ਉਨ੍ਹਾਂ ਨੂੰ ਕਿਸੇ ਹੋਰ ਹੀ ਜਹਾਨ ਪਹੁੰਚਾ ਦਿੰਦੇ। ਭਾਵੇਂ ਉਹ ਵਿਆਹ ਸਾਦਾ, ਘੱਟ ਖ਼ਰਚ ਵਾਲਾ ਅਤੇ ਅਜੋਕੇ ਫਾਲਤੂ ਅਡੰਬਰਾਂ ਤੋਂ ਕਿਤੇ ਦੂਰ ਹੁੰਦਾ ਸੀ, ਪਰ ਉਸ ਵਿੱਚ ਸਨੇਹ, ਮਿਲਵਰਤਨ, ਪਿਆਰ ਭਰੀ ਮਿਠਾਸ ਅਤੇ ਪੇਂਡੂ ਮਾਹੌਲ ਦੀ ਖੁਸ਼ਬੂ ਭਰੀ ਹੁੰਦੀ ਸੀ। ਇਸ ਤਰ੍ਹਾਂ ਉਹ ਕੋਰਿਆਂ ’ਤੇ ਬੈਠ ਕੇ ਚਾਹ ਪੀਣ ਜਾਂ ਫਿਰ ਰੋਟੀ ਖਾਣ ਨੂੰ ਬਹੁਤ ਹੀ ਆਨੰਦਮਈ ਸਮਝਦੇ ਅਤੇ ਆਪਣੇ-ਆਪ ਨੂੰ ਜਾਂਝੀ ਬਣ ਕੇ ਆਉਣ ਲਈ ਸੁਭਾਗਾ ਸਮਝਦੇ।
ਉਹ ਪੇਂਡੂ ਸੱਭਿਆਚਾਰ ਦਾ ਰੰਗੀਨ ਦੌਰ ਸੀ। ਭਾਵੇਂ ਬਰਾਤ ਦੋ-ਤਿੰਨ ਦਿਨ ਠਹਿਰ ਜਾਂਦੀ ਸੀ, ਪਰ ਕਿਸੇ ਨੂੰ ਥਕੇਵੇਂ ਦਾ ਯਾਦ ਚੇਤਾ ਵੀ ਨਹੀਂ ਸੀ ਹੁੰਦਾ। ਵਿਆਹ ਦੇ ਦਿਨ ਕਹਿੰਦੇ ਤੀਆਂ ਵਾਂਗੂ ਲੰਘ ਜਾਂਦੇ ਸੀ। ਭਾਵੇਂ ਅਜੋਕੇ ਵਿਆਹ ਵੱਡੇ-ਵੱਡੇ ਮੈਰਿਜ ਪੈਲੇਸਾਂ ਵਿੱਚ ਹੁੰਦੇ ਹਨ, ਸ਼ਾਨਦਾਰ ਟੈਂਟ ਲ ਕੇ ਵਧੀਆ ਸਜਾਵਟ ਕੀਤੀ ਜਾਂਦੀ ਹੈ ਅਤੇ ਖਾਣ ਲਈ 36 ਤਰ੍ਹਾਂ ਦੇ ਖਾਣੇ ਤਿਆਰ ਕੀਤੇ ਜਾਂਦੇ ਹਨ ਅਤੇ ਬੈਠਣ ਲਈ ਗੋਲਦਾਰ ਟੇਬਲ ਲਗਾ ਕੇ ਵਧੀਆ ਦਿੱਖ ਬਣਾਈ ਜਾਂਦੀ ਹੈ। ਪੁਰਾਣੇ ਪਿੱਤਲ ਦੇ ਬਰਤਨਾਂ ਦੀ ਥਾਂ ਨਵੀਂ ਕਿਸਮ ਦੀਆਂ ਪਲੇਟਾਂ ਵਰਤੀਆਂ ਜਾਂਦੀਆਂ ਹਨ, ਪਰ ਉਹ ਕੋਰਿਆਂ ’ਤੇ ਬੈਠ ਕੇ ਖਾਣਾ ਖਾਣ ਦਾ ਆਨੰਦ ਵੱਖਰਾ ਹੀ ਹੁੰਦਾ ਸੀ। ਪੁਰਾਣੇ ਬਜ਼ੁਰਗ ਤਾਂ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨਜ਼ਾਰਿਆਂ ਦੀਆਂ ਗੱਲਾਂ ਕਰਦੇ ਹੀ ਨਹੀਂ ਥੱਕਦੇ।