ਨਵੀਂ ਦਿੱਲੀ – 18ਵੀਂ ਲੋਕ ਸਭਾ ਦੇ ਦੂਜੇ ਸੈਸ਼ਨ ਦੀ ਕਾਰਵਾਈ ਸ਼ੁੱਕਰਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ, ਜਿਸ ਵਿੱਚ ਕੇਂਦਰੀ ਬਜਟ 2024-25 ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਪੂਰੀ ਹੋ ਗਈ।
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਲੋਕ ਸਭਾ ਦੀ ਮੀਟਿੰਗ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਐਲਾਨ ਕਰਨ ਤੋਂ ਪਹਿਲਾਂ ਕਿਹਾ ਕਿ 115 ਘੰਟੇ ਤੱਕ ਚੱਲੇ ਇਸ ਸੈਸ਼ਨ ਵਿੱਚ 15 ਮੀਟਿੰਗਾਂ ਹੋਈਆਂ ਅਤੇ ਸਦਨ ਦੀ ਕੰਮਕਾਜ 136 ਫ਼ੀਸਦੀ ਰਹੀ। ਅਠਾਰਵੀਂ ਲੋਕ ਸਭਾ ਦੇ ਦੂਜਾ ਸੈਸ਼ਨ ਦੀ ਸ਼ੁਰੂਆਤ 22 ਜੁਲਾਈ ਨੂੰ ਹੋਈ, ਜਿਸ ਵਿੱਚ 23 ਜੁਲਾਈ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਦਨ ਵਿੱਚ ਕੇਂਦਰੀ ਬਜਟ 2024-25 ਪੇਸ਼ ਕੀਤਾ।
ਸਪੀਕਰ ਬਿਰਲਾ ਨੇ ਦੱਸਿਆ ਕਿ ਸਦਨ ’ਚ ਬਜਟ ’ਤੇ ਆਮ ਚਰਚਾ 27 ਘੰਟੇ 19 ਮਿੰਟ ਤੱਕ ਚੱਲੀ, ਜਿਸ ’ਚ 181 ਮੈਂਬਰਾਂ ਨੇ ਹਿੱਸਾ ਲਿਆ। ਚਰਚਾ ਦਾ ਜਵਾਬ ਵਿੱਤ ਮੰਤਰੀ ਸੀਤਾਰਮਨ ਨੇ 30 ਜੁਲਾਈ ਨੂੰ ਦਿੱਤਾ। ਲੋਕ ਸਭਾ ਵਿੱਚ 30 ਜੁਲਾਈ ਤੋਂ 5 ਅਗਸਤ ਤੱਕ ਸਿਹਤ ਮੰਤਰਾਲੇ, ਸਿੱਖਿਆ ਮੰਤਰਾਲੇ, ਰੇਲਵੇ ਮੰਤਰਾਲੇ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਨਾਲ ਸਬੰਧਤ ਗ੍ਰਾਂਟਾਂ ਦੀਆਂ ਮੰਗਾਂ ’ਤੇ ਚਰਚਾ ਤੋਂ ਬਾਅਦ ਪ੍ਰਵਾਨਗੀ ਦਿੱਤੀ ਗਈ।