ਸ੍ਰੀਨਗਰ – ਸ਼੍ਰੀ ਅਮਰਨਾਥ ਦੀ ਸਾਲਾਨਾ ਤੀਰਥ ਯਾਤਰਾ-2022 ਲਈ ਚੱਲ ਰਹੀਆਂ ਪ੍ਰਸ਼ਾਸਨਿਕ ਤਿਆਰੀਆਂ ਦੌਰਾਨ ਕਸ਼ਮੀਰ ਰੇਂਜ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਦੱਖਣੀ ਕਸ਼ਮੀਰ ਦਾ ਦੌਰਾ ਕਰਦੇ ਹੋਏ ਨਵਯੁਗ ਸੁਰੰਗ ‘ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਆਈਜੀ ਸੀਆਰਪੀਐਫ ਚਾਰੂ ਸਿਨਹਾ, ਡੀਆਈਜੀ ਸੀਆਰਪੀਐਫ, ਡੀਆਈਜੀ ਦੱਖਣੀ ਕਸ਼ਮੀਰ ਰੇਂਜ, ਐਸਐਸਪੀ ਅਨੰਤਨਾ ਅਤੇ ਐਸਐਸਪੀ ਕੁਲਗਾਮ ਵੀ ਮੌਜੂਦ ਸਨ। ਮੀਟਿੰਗ ‘ਚ ਫੌਜ, ਪੁਲਿਸ ਤੇ ਸੀਆਰਪੀਐਫ ਦੇ ਸਬੰਧਤ ਅਧਿਕਾਰੀਆਂ ਨੇ ਸ਼੍ਰੀ ਅਮਰਨਾਥ-2022 ਦੀ ਸਾਲਾਨਾ ਯਾਤਰਾ ਦੌਰਾਨ ਕੀਤੇ ਜਾਣ ਵਾਲੇ ਸੁਰੱਖਿਆ ਪ੍ਰਬੰਧਾਂ ਦੀ ਵਿਸਤ੍ਰਿਤ ਪੇਸ਼ਕਾਰੀ ਦਿੰਦੇ ਹੋਏ ਉਨ੍ਹਾਂ ਸਾਰੇ ਨੁਕਤਿਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਦਾ ਸ਼ਰਾਰਤੀ ਅਨਸਰਾਂ ਵੱਲੋਂ ਸ਼ੋਸ਼ਣ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਯਾਤਰਾ ਮਾਰਗ ‘ਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਾਸ਼ਟਰੀ ਰਾਜਮਾਰਗ, ਨਵਯੁਗ ਸੁਰੰਗ ਦੇ ਨਾਲ ਕੁਝ ਪਛਾਣੀਆਂ ਥਾਵਾਂ ‘ਤੇ ਅਸਥਾਈ ਸੁਰੱਖਿਆ ਚੌਕੀਆਂ ਸਥਾਪਤ ਕਰਨ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਸ਼ਰਧਾਲੂਆਂ ਲਈ ਬਣਾਏ ਜਾਣ ਵਾਲੇ ਕੈਂਪਾਂ ਦੀ ਸੁਰੱਖਿਆ, ਅਤਿ-ਆਧੁਨਿਕ ਸੁਰੱਖਿਆ ਉਪਕਰਨਾਂ ਦੀ ਵਰਤੋਂ ਤੇ ਸ਼ਰਧਾਲੂਆਂ ਦੇ ਵਾਹਨਾਂ ਦੇ ਆਉਣ-ਜਾਣ ਦਾ ਸਮਾਂ ਤੈਅ ਕਰਨ ਬਾਰੇ ਵੀ ਆਪਣਾ ਪੱਖ ਰੱਖਿਆ।
ਇੱਕ ਨਿੱਜੀ ਕੰਪਨੀ ਦੇ ਨੁਮਾਇੰਦੇ ਨੇ ਆਰਐਫਆਈਡੀ ਟੈਗਿੰਗ ਅਤੇ ਸ਼੍ਰੀ ਅਮਰਨਾਥ ਦੀ ਸਾਲਾਨਾ ਯਾਤਰਾ ਵਿੱਚ ਵਰਤੇ ਜਾਣ ਵਾਲੇ ਸ਼ਰਧਾਲੂਆਂ ਦੇ ਵਾਹਨਾਂ ਦੀ ਵਰਤੋਂ ਬਾਰੇ ਪੇਸ਼ਕਾਰੀ ਵੀ ਦਿੱਤੀ। ਆਰ.ਐਫ.ਆਈ.ਡੀ ਰਾਹੀਂ ਸਬੰਧਤ ਵਾਹਨ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਸਕਦੀ ਹੈ। ਆਈਜੀਪੀ ਨੇ ਮੀਟਿੰਗ ਵਿੱਚ ਹਾਜ਼ਰ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਬੰਧਤ ਸਿਵਲ ਪ੍ਰਸ਼ਾਸਨ ਨਾਲ ਵੀ ਪੂਰਾ ਤਾਲਮੇਲ ਬਣਾਈ ਰੱਖਣ ਤਾਂ ਜੋ 2022 ਵਿੱਚ ਹੋਣ ਵਾਲੀ ਸ਼੍ਰੀ ਅਮਰਨਾਥ ਦੀ ਸਾਲਾਨਾ ਯਾਤਰਾ ਦੌਰਾਨ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਉਨ੍ਹਾਂ ਨਵਯੁਗ ਸੁਰੰਗ ਦੇ ਦੋਵੇਂ ਪਾਸੇ ਐਸਡੀਆਰਐਫ ਦਸਤੇ ਤਾਇਨਾਤ ਕਰਨ ਦੇ ਨਾਲ-ਨਾਲ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਹੰਗਾਮੀ ਯੋਜਨਾ ਤਿਆਰ ਰੱਖਣ ਲਈ ਵੀ ਕਿਹਾ। ਉਨ੍ਹਾਂ ਨੇ ਸੀ.ਸੀ.ਟੀ.ਵੀ., ਡਰੋਨਾਂ ਸਮੇਤ ਸਾਰੇ ਅਤਿ-ਆਧੁਨਿਕ ਉਪਕਰਨਾਂ ਦੀ ਵਰਤੋਂ ਕਰਕੇ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਦੇ ਹੋਏ ਯਾਤਰਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਣ ਲਈ ਹਰ ਸੰਭਵ ਉਪਰਾਲੇ ਕਰਨ ਲਈ ਕਿਹਾ।