Sport

ਅਮਿਤ ਤੇ ਸ਼ਿਵ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਟੀਮ ‘ਚ ਸ਼ਾਮਲ

ਪਟਿਆਲਾ – ਵਿਸ਼ਵ ਚੈਂਪੀਅਨਸ਼ਿਪ ਦੇ ਮੈਡਲ ਜੇਤੂ ਮੁੱਕੇਬਾਜ਼ ਅਮਿਤ ਪੰਘਾਲ ਤੇ ਸ਼ਿਵ ਥਾਪਾ ਨੇ ਵੀਰਵਾਰ ਨੂੰ ਇੱਥੇ ਟਰਾਇਲਜ਼ ਜਿੱਤ ਕੇ ਅਗਲੀਆਂ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਟੀਮ ਵਿਚ ਥਾਂ ਬਣਾ ਲਈ ਹੈ। ਵਿਸ਼ਵ ਚੈਂਪੀਅਨਸ਼ਿਪ 2019 ਦੇ ਸਿਲਵਰ ਮੈਡਲ ਜੇਤੂ ਅਮਿਤ ਨੇ 51 ਕਿਲੋਵਰਗ ਵਿਚ ਜਿੱਤ ਦਰਜ ਕੀਤੀ ਜਦਕਿ ਥਾਪਾ ਨੇ 63.5 ਕਿਲੋਗ੍ਰਾਮ ਵਰਗ ਵਿਚ ਟਰਾਇਲ ਜਿੱਤਿਆ। ਇਨ੍ਹਾਂ ਤੋਂ ਇਲਾਵਾ 2018 ਦੇ ਕਾਂਸੇ ਦਾ ਮੈਡਲ ਜੇਤੂ ਮੁਹੰਮਦ ਹਸਮੂਦੀਨ (57 ਕਿਲੋਗ੍ਰਾਮ), ਰੋਹਿਤ ਟੋਕਸ (67 ਕਿਲੋਗ੍ਰਾਮ), ਪਿਛਲੇ ਰਾਸ਼ਟਰੀ ਚੈਂਪੀਅਨ ਸੁਮਿਤ (75 ਕਿਲੋਗ੍ਰਾਮ), ਆਸ਼ੀਸ਼ ਕੁਮਾਰ (80 ਕਿਲੋਗ੍ਰਾਮ), ਸੰਜੀਤ (92 ਕਿਲੋਗ੍ਰਾਮ) ਤੇ ਸਾਗਰ (92 ਪਲਸ ਕਿਲੋਗ੍ਰਾਮ) ਵੀ ਟੀਮ ਵਿਚ ਥਾਂ ਬਣਾਉਣ ਵਿਚ ਕਾਮਯਾਬ ਰਹੇ। ਰਾਸ਼ਟਰਮੰਡਲ ਖੇਡਾਂ ਬਰਮਿੰਘਮ ਵਿਚ 28 ਜੁਲਾਈ ਤੋਂ ਅੱਠ ਅਗਸਤ ਤਕ ਖੇਡੀਆਂ ਜਾਣਗੀਆਂ।

ਅਮਿਤ ਨੇ ਫ਼ੌਜ ਦੇ ਮੁੱਕੇਬਾਜ਼ ਦੀਪਕ ਨੂੰ ਵੰਡੇ ਹੋਏ ਫ਼ੈਸਲੇ ‘ਤੇ 4-1 ਨਾਲ ਹਰਾਇਆ। ਅਮਿਤ ਨੇ ਗੋਲਡ ਕੋਸਟ ਵਿਚ ਹੋਈਆਂ ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਸਿਲਵਰ ਮੈਡਲ ਜਿੱਤਿਆ ਸੀ। ਵਿਸ਼ਵ ਚੈਂਪੀਅਨਸ਼ਿਪ 2015 ਦੇ ਕਾਂਸੇ ਦਾ ਮੈਡਲ ਜੇਤੂ ਸ਼ਿਵ ਨੇ 2018 ਰਾਸ਼ਟਰਮੰਡਲ ਖੇਡਾਂ ਦੇ ਸਿਲਵਰ ਮੈਡਲ ਜੇਤੂ ਮਨੀਸ਼ ਕੌਸ਼ਿਕ ਨੂੰ 5-0 ਨਾਲ ਮਾਤ ਦਿੱਤੀ। ਉਥੇ 57 ਕਿਲੋਗ੍ਰਾਮ ਵਰਗ ਵਿਚ ਹਸਮੂਦੀਨ ਨੇ 2019 ਏਸ਼ਿਆਈ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਕਵਿੰਦਰ ਸਿੰਘ ਬਿਸ਼ਟ ਨੂੰ 4-1 ਨਾਲ ਹਰਾਇਆ। ਰੇਲਵੇ ਦੇ ਰੋਹਿਤ ਨੇ ਉੱਤਰ ਪ੍ਰਦੇਸ਼ ਦੇ ਆਦਿਤਿਆ ਪ੍ਰਤਾਪ ਯਾਦਵ ਨੂੰ ਵੇਲਟਰਵੇਟ ਵਰਗ ਵਿਚ 3-2 ਨਾਲ ਮਾਤ ਦਿੱਤੀ।

ਸੁਮਿਤ, ਆਸ਼ੀਸ਼, ਸੰਜੀਤ ਤੇ ਸਾਗਰ ਸਾਰਿਆਂ ਨੇ 5-0 ਨਾਲ ਜਿੱਤ ਦਰਜ ਕੀਤੀ। ਭਾਰਤ ਨੇ 2018 ਰਾਸ਼ਟਰਮੰਡਲ ਖੇਡਾਂ ਦੀ ਮੁੱਕੇਬਾਜ਼ੀ ਵਿਚ ਤਿੰਨ ਗੋਲਡ, ਤਿੰਨ ਸਿਲਵਰ ਤੇ ਤਿੰਨ ਕਾਂਸੇ ਦੇ ਮੈਡਲ ਜਿੱਤੇ ਸਨ। ਮਹਿਲਾ ਵਰਗ ਦੇ ਟਰਾਇਲ ਅਗਲੇ ਹਫ਼ਤੇ ਹੋਣਗੇ।

ਭਾਰਤੀ ਟੀਮ ‘ਚ ਸ਼ਾਮਲ ਖਿਡਾਰੀ :

ਅਮਿਤ ਪੰਘਾਲ (51 ਕਿਲੋਗ੍ਰਾਮ), ਸ਼ਿਵ ਥਾਪਾ (63.5 ਕਿਲੋਗ੍ਰਾਮ), ਮੁਹੰਮਦ ਹਸਮੂਦੀਨ (57 ਕਿਲੋਗ੍ਰਾਮ), ਰੋਹਿਤ ਟੋਕਸ (67 ਕਿਲੋਗ੍ਰਾਮ), ਸੁਮਿਤ (75 ਕਿਲੋਗ੍ਰਾਮ), ਆਸ਼ੀਸ਼ ਕੁਮਾਰ (80 ਕਿਲੋਗ੍ਰਾਮ), ਸੰਜੀਤ (92 ਕਿਲੋਗ੍ਰਾਮ), ਤੇ ਸਾਗਰ (92 ਪਲੱਸ ਕਿਲੋਗ੍ਰਾਮ)।

Related posts

ਰਾਜਸਥਾਨ ਰਾਇਲਜ਼ ਦੀਆਂ ਪਲੇਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ

admin

ਦਿੱਲੀ ਕੈਪੀਟਲਜ਼ ਨੇ ਰਾਜਸਥਾਨ ਰਾਇਲਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ

admin

ਆਸਟ੍ਰੇਲੀਆ 2026 ਮਹਿਲਾ ਟੀ-20 ਵਿਸ਼ਵ ਕੱਪ ਦਾ ਪਹਿਲਾ ਮੈਚ ਸਾਊਥ-ਅਫਰੀਕਾ ਨਾਲ ਖੇਡੇਗਾ

admin