Punjab

ਅਲੂਮਨੀ ਦਾ ਸਮਾਜ ’ਚ ਰੁਤਬਾ ਵਧਾਉਂਦੀਆਂ ਹਨ ‘ਮਾਤਰ ਵਿੱਦਿਅਕ ਸੰਸਥਾਵਾਂ’

ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਕਰਵਾਈ ਗਈ ਅਲੂਮਨੀ ਮੀਟ ਮੌਕੇ ਸੰਬੋਧਨ ਕਰਦੇ ਹੋਏ ਸ: ਰਜਿੰਦਰ ਮੋਹਨ ਸਿੰਘ ਛੀਨਾ ਨਾਲ ਖੜ੍ਹੇ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ।

ਅੰਮ੍ਰਿਤਸਰ  – ‘ਮਾਤਰ ਵਿੱਦਿਅਕ ਸੰਸਥਾਵਾਂ’ ਸਮਾਜ ’ਚ ਅਲੂਮਨੀ ਦਾ ਰੁਤਬਾ ਵਧਾਉਂਦੀਆਂ ਹਨ ਅਤੇ ਵੱਖ-ਵੱਖ ਅਹੁੱਦਿਆਂ ’ਤੇ ਬਿਰਾਜਮਾਨ ਸਾਬਕਾ ਵਿਦਿਆਰਥੀਆਂ ਦੀ ਆਪਣੇ ਸਕੂਲ ਅਤੇ ਕਾਲਜ ਦੇ ਪ੍ਰਤੀ ਮਹੱਤਵਪੂਰਨ ਯੋਗਦਾਨ ਪਾਉਣ ’ਚ ਅਹਿਮ ਭੂਮਿਕਾ ਹੁੰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ:  ਰਜਿੰਦਰ ਮੋਹਨ ਸਿੰਘ ਛੀਨਾ ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਕਰਵਾਈ ਗਈ ਪਲੇਠੀ ਦੀ ਅਲੂਮਨੀ ਮੀਟ ਦਾ ਸ਼ਮ੍ਹਾ ਰੌਸ਼ਨ ਕਰਕੇ ਅਗਾਜ਼ ਕਰਨ ਉਪਰੰਤ ਆਪਣੇ ਸੰਬੋਧਨ ’ਚ ਕੀਤਾ।

ਸ: ਛੀਨਾ ਨੇ ਸਾਬਕਾ ਵਿਦਿਆਰਥੀਆਂ ਦਾ ਕਾਲਜ ਵਿਖੇ ਪੁੱਜਣ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਅਤੇ ਸਮੂੰਹ ਸਟਾਫ਼ ਨੂੰ ਸੰਸਥਾ ਵਿਖੇ ਪਹਿਲੀ ਅਲੂਮਨੀ ਮੀਟ ਆਯੋਜਿਤ ਕਰਨ ’ਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਦੇ ਵਿਕਾਸ ਦੇ ਨਾਲ-ਨਾਲ ਸਮਾਜ ਦੀ ਉਨਤੀ ਅਤੇ ਖੁਸ਼ਹਾਲੀ ਲਈ ਵਿਦਿਆਰਥੀ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਸਿਹਤ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ’ਚ ਨਰਸਿੰਗ ਪ੍ਰੋਫੈਸ਼ਨ ਦਾ ਖਾਸ ਯੋਗਦਾਨ ਹੈ। ਇਹ ਅਜਿਹਾ ਕਿੱਤਾ ਹੈ, ਜਿਸ ’ਚ ਸੇਵਾ ਦੇ ਨਾਲ ਆਮਦਨ ਦਾ ਵੀ ਜਰੀਆ ਹੈ।

ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ’ਚ ਕਾਲਜ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਆਪਣੇ ਬਹੁਮੁੱਲੇ ਵਿਚਾਰ ਪੇਸ਼ ਕਰਦਿਆ ਸਾਬਕਾ ਵਿਦਿਆਰਥੀਆਂ ਨੂੰ ਸ਼ੂਭ ਇਛਾੱਵਾਂ ਦਿੰਦੇ ਹੋਏ ਭਵਿੱਖ ’ਚ ਵੱਧ ਤੋਂ ਵੱਧ ਤਰੱਕੀਆਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਾਮਵਰ ਸਖ਼ਸ਼ੀਅਤਾਂ ਦਾ ਜ਼ਿਕਰ ਕਰਦਿਆਂ ਦੇਸ਼-ਵਿਦੇਸ਼ ਤੋਂ ਪੁੱਜੇ ਵਿਦਿਆਰਥੀਆਂ ਨੂੰ ਸਮਾਜ, ਕਾਲਜ ਅਤੇ ਮਾਪਿਆਂ ਦੀ ਸੇਵਾ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਉਤਸ਼ਾਹਿਤ ਕੀਤਾ।

ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਕਾਲਜ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਹ ਅਲੂਮਨੀ ਮੀਟ ਉਨ੍ਹਾਂ ਸਮੂੰਹ ਵਿਦਿਆਰਥੀਆਂ ਲਈ ਹੈ ਜੋ ਕਿ ਸਾਡੇ ਕਾਲਜ ਤੋਂ ਵਿੱਦਿਆ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਨੇ ਭਵਿੱਖ ’ਚ ਕਾਲਜ ਤੋਂ ਵਿੱਦਿਆ ਪ੍ਰਾਪਤ ਕਰ ਚੁੱਕੇ ਵਿਦਿਆਰਥੀਆ ਨੂੰ ਸੰਸਥਾ ਦੀ ਅਲੂਮਨੀ ਐਸੋਸੀਏਸ਼ਨ ਦੇ ਮੈਂਬਰ ਬਣਨ ਲਈ ਗੁਜਾਰਿਸ਼ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅਲੂਮਨੀ ਕਮੇਟੀ ਦੇ ਕੋਆਰਡੀਨੇਟਰ ਡਾ. ਤਰਨਦੀਪ ਕੌਰ ਅਤੇ ਗਗਨਦੀਪ ਕੌਰ ਨੂੰ ਪ੍ਰੋਗਰਾਮ ਦੀ ਸਫਲਤਾ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਅਗਾਂਹ ਵਧਾਉਂਦੇ ਹੋਏ ਵੱਖ-ਵੱਖ ਇਨਟਰੈਕਟਿਵ ਸ਼ੈਸ਼ਨ, ਗੇਮਸ ਆਦਿ ਕਰਵਾਏ ਗਏ, ਜਿਸ ’ਚ ਸਾਬਕਾ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਮੌਕੇ ਆਏ ਅਲੂਮਨੀ ਨੇ ਕਾਲਜ ਵਿਖੇ ਬਿਤਾਏ ਆਪਣੇ ਸੁਨਿਹਰੇ ਪਲਾਂ ਨੂੰ ਯਾਦ ਕਰਦਿਆਂ ਆਪਣੀ ਪੜ੍ਹਾਈ, ਤਜ਼ਰਬੇ ਅਤੇ ਅਹੁੱਦਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਉਪਰੰਤ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਸਟਾਫ਼ ਨਾਲ ਮਿਲ ਕੇ ਆਏ ਹੋਏ ਸਾਬਕਾ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਪ੍ਰੋਗਰਾਮ ਦੇ ਅੰਤ ’ਚ ਅਲੂਮਨੀ ਐਸੋਸੀਏਸ਼ਨ ਆਫ਼ ਖ਼ਾਲਸਾ ਕਾਲਜ ਆਫ਼ ਨਰਸਿੰਗ ਦੀ ਪ੍ਰਧਾਨ ਡਾ. ਮੀਨੂੰ ਸ਼ਰਮਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Related posts

ਪੰਜਾਬ ਸਰਕਾਰ ਵੱਲੋਂ ਹਰੇਕ ਨਾਗਰਿਕ ਨੂੰ ਮਿਆਰੀ ਤੇ ਮੁਫ਼ਤ ਸਿਹਤ ਸੇਵਾਵਾਂ ਲਈ ਉਪਰਾਲੇ

admin

ਬੰਦੀ ਸਿੰਘਾਂ ਦੀ ਰਿਹਾਈ ਲਈ ਹਵਾਰਾ ਕਮੇਟੀ ਵੱਲੋਂ ਸਰਕਾਰਾਂ ਨੂੰ 2 ਮਾਰਚ ਤੱਕ ਦਾ ਸਮਾਂ ਦਿੱਤਾ

admin

ਵਿਦਿਆਰਥੀਆਂ ’ਚ ਖੇਡ-ਏਕਤਾ ਭਾਵਨਾ ਦੇ ਮਕਸਦ ਤਹਿਤ 11ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ

admin