ਨਿਊਯਾਰਕ – ਅਫ਼ਗਾਨਿਸਤਾਨ ‘ਚ ਹੁਣ ਅਰਾਜਕਤਾ ਸਿਖ਼ਰ ‘ਤੇ ਪਹੁੰਚ ਗਈ ਹੈ। ਇਸ ਨਾਲ ਕੌਮਾਂਤਰੀ ਏਜੰਸੀਆਂ ਦੀ ਮਦਦ ‘ਚ ਵੀ ਰੁਕਾਵਟ ਆ ਰਹੀ ਹੈ। ਸੰਯੁਕਤ ਰਾਸ਼ਟਰ (ਯੂਐੱਨ) ਦੀ ਖ਼ੁਰਾਕ ਏਜੰਸੀ ਮੁਤਾਬਕ ਇੱਥੇ 1 ਕਰੋੜ 40 ਲੱਖ ਲੋਕ ਭੁੱਖਮਰੀ ਦੇ ਕਗਾਰ ‘ਤੇ ਹਨ। ਹਾਲਾਤ ਇਹ ਹਨ ਕਿ ਸੰਯੁਕਤ ਰਾਸ਼ਟਰ ਤੇ ਹੋਰ ਕੌਮਾਂਤਰੀ ਏਜੰਸੀਆਂ ਲਈ ਕੰਮ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਵੀ ਗੰਭੀਰ ਖ਼ਤਰਾ ਹੋ ਗਿਆ ਹੈ। ਸੰਯੁਕਤ ਰਾਸ਼ਟਰ ਨੇ ਆਪਣੇ 100 ਮੁਲਾਜ਼ਮਾਂ ਨੂੰ ਸੁਰੱਖਿਅਤ ਕੱਢ ਕੇ ਕਜ਼ਾਕਿਸਤਾਨ ਭੇਜ ਦਿੱਤਾ ਹੈ।
ਵਿਸ਼ਵ ਖ਼ੁਰਾਕ ਯੋਜਨਾ (ਡਬਲਿਊਐੱਫਪੀ) ਦੀ ਕੰਟ੍ਰੀ ਡਾਇਰੈਕਟਰ ਮੈਰੀ ਐਲਨ ਮੈਕਗ੍ਰੋਟ੍ਰੀ ਨੇ ਕਾਬੁਲ ਤੋਂ ਦੱਸਿਆ ਕਿ ਅਫ਼ਗਾਨਿਸਤਾਨ ‘ਚ ਚੱਲ ਰਹੇ ਸੰਘਰਸ਼ ਦੌਰਾਨ ਇੱਥੇ ਸਭ ਤੋਂ ਵੱਡੀ ਦਿੱਕਤ ਲੋੜਵੰਦਾਂ ਦੀ ਮਦਦ ਕਰਨ ‘ਚ ਆ ਰਹੀ ਹੈ। ਇਹੀ ਨਹੀਂ ਤਿੰਨ ਸਾਲ ‘ਚ ਦੂਜੀ ਵਾਰ ਅਫ਼ਗਾਨਿਸਤਾਨ ਮੁੜ ਅਕਾਲ ਤੇ ਸੋਕੇ ਦਾ ਸਾਹਮਣਾ ਕਰ ਰਿਹਾ ਹੈ। ਇਸ ਸਮੱਸਿਆ ਨੂੰ ਹਿੰਸਾ ਤੇ ਕੋਰੋਨਾ ਮਹਾਮਾਰੀ ਨੇ ਹੋਰ ਵਧਾ ਦਿੱਤਾ ਹੈ। 40 ਫ਼ੀਸਦੀ ਫ਼ਸਲ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ। ਹਜ਼ਾਰਾਂ ਪਸ਼ੂ ਮਰ ਗਏ ਹਨ। ਹਿੰਸਾ ਦੀ ਸਥਿਤੀ ‘ਚ ਮਦਦ ਦੇ ਰਸਤੇ ਵੀ ਬੰਦ ਹੋ ਰਹੇ ਹਨ।
ਅਫ਼ਗਾਨਿਸਤਾਨ ‘ਚ ਅਰਾਜਕਤਾ ਦੇ ਆਲਮ ਦਰਮਿਆਨ ਸੰਯੁਕਤ ਰਾਸ਼ਟਰ ਨੇ ਵੱਡਾ ਫ਼ੈਸਲਾ ਲਿਆ ਹੈ। ਉਸ ਨੇ ਇੱਥੇ ਕੰਮ ਕਰ ਰਹੇ ਆਪਣੇ 100 ਮੁਲਾਜ਼ਮਾਂ ਨੂੰ ਹਾਲਾਤ ਵਿਗੜਨ ਤੋਂ ਬਾਅਦ ਸੁਰੱਖਿਅਤ ਕੱਢ ਕੇ ਕਜ਼ਾਕਿਸਤਾਨ ਭੇਜ ਦਿੱਤਾ ਹੈ। ਸੰਯੁਕਤ ਰਾਸ਼ਟਰ ਸਕੱਤਰ ਜਨਰਲ ਐਂਟੋਨੀਓ ਗੁਤਰਸ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਯੁਕਤ ਰਾਸ਼ਟਰ ਦੇ 100 ਮੁਲਾਜ਼ਮਾਂ ਨੂੰ ਕਾਬੁਲ ਤੋਂ ਅਲਮਾਟੀ ਭੇਜਿਆ ਗਿਆ ਹੈ। ਜਿਵੇਂ ਹੀ ਅਫ਼ਗਾਨਿਸਤਾਨ ‘ਚ ਸਥਿਤੀ ਸਾਧਾਰਨ ਹੋਵੇਗੀ, ਇਹ ਮੁਲਾਜ਼ਮ ਵਾਪਸ ਪਰਤ ਜਾਣਗੇ। ਫਿਲਹਾਲ ਇਹ ਸਾਰੇ ਦੂਰੋਂ ਹੀ ਆਪਣਾ ਕੰਮ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਵਾਪਸੀ ਉੱਥੋਂ ਦੀ ਸਥਿਤੀ ‘ਤੇ ਨਿਰਭਰ ਰਹੇਗੀ। ਅਸੀਂ ਅਫ਼ਗਾਨਿਸਤਾਨ ਦੇ ਨਾਗਰਿਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਹਾਂ, ਪਰ ਮੌਜੂਦਾ ਹਾਲਾਤ ਅਸਾਧਾਰਨ ਹਨ।