Sport

ਅੰਮ੍ਰਿਤਸਰ ਦੇ ਕੌਮਾਂਤਰੀ ਹਾਕੀ ਖਿਡਾਰੀ ਅਰਾਏਜੀਤ ਹੁੰਦਲ ਦੀ ਸੁਲਤਾਨ ਆਫ ਜ਼ੌਹਰ ਕੱਪ ਮਲੇਸ਼ੀਆ 2022 ਲਈ ਚੋਣ

ਅੰਮ੍ਰਿਤਸਰ – 22 ਅਕਤੂਬਰ ਤੋਂ ਮਲੇਸ਼ੀਆਂ ਦੇ ਜ਼ੌਹਰ ਬਹਿਰੂ ਵਿਖੇ ਸ਼ੁਰੂ ਹੋਣ ਵਾਲੇ ਸੁਲਤਾਨ ਆਫ ਜ਼ੌਹਰ ਕੱਪ ਮਲੇਸ਼ੀਆ 2022 ਦੇ ਲਈ ਹਾਕੀ ਇੰਡੀਆ ਨੇ ਆਪਣੀ 18 ਮੈਂਬਰੀ ਇੰਡੀਅਨ ਜੂਨੀਅਰ ਪੁਰਸ਼ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ 18 ਮੈਂਬਰੀ ਟੀਮ ਦੇ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਨਾਲ ਸਬੰਧਤ ਕੌਮਾਤਰੀ ਜੂਨੀਅਰ ਹਾਕੀ ਖਿਡਾਰੀ ਅਰਾਏਜੀਤ ਸਿੰਘ ਹੁੰਦਲ ਪਾਖਰਪੁਰਾ ਦਾ ਨਾਮ ਵੀ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਅਰਾਏਜੀਤ ਸਿੰਘ ਹੁੰਦਲ ਪਾਖਰਪੁਰਾ ਹਾਕੀ ਖਿਡਾਰੀਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਪਾਖਰਪੁਰਾ ਦੇ ਹਾਕੀ ਖੇਡ ਖੇਤਰ ਨੂੰ ਸਮਰਪਿਤ ਪਰਿਵਾਰ ਹੁੰਦਲ ਪਾਖਰਪੁਰਾ ਦੇ ਮੁਖੀ ਸਵਰਗੀ ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ ਦਾ ਪੋਤਰਾ ਅਤੇ ਕੌਮੀ ਹਾਕੀ ਖਿਡਾਰੀ ਸੀਆਈਟੀ ਰੇਲਵੇ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਦਾ ਫਰਜ਼ੰਦ ਹੈ ਜੋ ਕਿ ਹਲਕੀ ਉਮਰੇ ਹੀ ਕਈ ਸੂਬਾ, ਕੌਮੀ ਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਆਪਣੀ ਖੇਡਸ਼ੈਲੀ ਦਾ ਲੋਹਾ ਮੰਨਵਾ ਚੁੱਕਾ ਹੈ। ਅਰਾਏਜੀਤ ਸਿੰਘ ਹੁੰਦਲ ਪਾਖਰਪੁਰਾ ਦੀ ਸੁਲਤਾਨ ਆਫ ਜ਼ੌਹਰ ਕੱਪ ਮਲੇਸ਼ੀਆ 2022 ਦੇ ਲਈ ਹੋਈ ਚੋਣ ਨੂੰ ਲੈ ਕੇ ਜਿੱਥੇ ਉਸ ਦੇ ਪੁਰਖਿਆਂ ਦੇ ਜੱਦੀ ਪਿੰਡ ਪਾਖਰਪੁਰਾ ਵਿਖੇ ਵਿਆਹ ਵਰਗਾ ਮਾਹੌਲ ਹੈ ਉੱਥੇ ਉਨ੍ਹਾਂ ਦੀ ਸ਼ਹਿਰੀ ਰਿਹਾਇਸ਼ ਜ਼ੋਸ਼ੀਪੁਰਾ ਅਮਰਕੋਟ ਨਜ਼ਦੀਕ ਖ਼ਾਲਸਾ ਕਾਲਜ ਵਿਖੇ ਵੀ ਹਾਕੀ ਖੇਡ ਪ੍ਰੇਮੀਆਂ, ਖੇਡ ਪ੍ਰਮੋਟਰਾਂ ਤੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਦੇ ਵੱਲੋਂ ਵਧਾਈਆਂ ਦਿੱਤੇ ਜਾਣ ਤੇ ਖ਼ੁਸ਼ੀ ਦਾ ਇਜ਼ਹਾਰ ਕੀਤੇ ਜਾਣ ਦਾ ਸਿਲਸਿਲਾ ਪੂਰੇ ਸਿਖ਼ਰਾਂ ‘ਤੇ ਹੈ।
ਇਸ ਮੌਕੇ ਉਸ ਦੇ ਪਿਤਾ ਕੌਮੀ ਹਾਕੀ ਖਿਡਾਰੀ ਸੀਆਈਟੀ ਰੇਲਵੇ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੇ ਆਪਣੀਆਂ ਪਿਤਾ ਪੁਰਖੀ ਖੇਡ ਪਰੰਪਰਾਵਾਂ ਨੂੰ ਅੱਗੇ ਤੋਰਦਿਆਂ ਕੌਮਾਂਤਰੀ ਪੱਧਰ ਦੇ ਖੇਡ ਮਕਾਬਲਿਆਂ ਵਿੱਚ ਜਗ੍ਹਾ ਬਣਾਈ ਹੈ। ਇਹ ਉਸ ਦੀ ਹਾਕੀ ਖੇਡ ਖੇਤਰ ਪ੍ਰਤੀ ਲਗਨ ਤੇ ਮਿਹਨਤ ਦਾ ਨਤੀਜਾ ਹੈ। ਦੇਸ਼ ਦੀ ਕੌਮੀ ਖੇਡ ਹਾਕੀ ਨੂੰ ਉਸ ਕੋਲੋਂ ਵੱਡੀਆਂ ਆਸਾਂ ਹਨ।

Related posts

ਕਿਸਮਤਵਾਲਾ ਹਾਂ ਕਿ ਕੋਹਲੀ ਨਾਲ ਖੇਡਣ ਦਾ ਮੌਕਾ ਮਿਲਿਆ : ਵਿਲੀਅਮਸਨ

admin

ਆਸਟ੍ਰੇਲੀਆ ਬਣਿਆ ਵਿਸ਼ਵ ਚੈਂਪੀਅਨ

Bunty

‘ਸਕੁਐਸ਼ ਵਿਸ਼ਵ ਕੱਪ 2025’ ਭਾਰਤੀ ਟੀਮ ਨੇ ਇਤਿਹਾਸ ਰਚਿਆ

admin