Punjab

ਅੰਮ੍ਰਿਤਸਰ ਦੇ ਲੋਕਾਂ ਦੀ ਇੱਛਾ ਪੂਰੀ ਕਰਦਿਆਂ ਅਨਿਲ ਜੋਸ਼ੀ ਨੂੰ ਟਿਕਟ ਦੇਵੇ ਹਾਈ ਕਮਾਂਡ: ਬਿਕਰਮ ਸਿੰਘ ਮਜੀਠੀਆ

ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਪਾਰਟੀ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਉਹ ਇਸ ਪਾਰਲੀਮਾਨੀ ਹਲਕੇ ਦੇ ਲੋਕਾਂ ਦੀ ਇੱਛਾ ਪੂਰੀ ਕਰੇ ਅਤੇ ਸਾਬਕਾ ਮੰਤਰੀ ਸ੍ਰੀ ਅਨਿਲ ਜੋਸ਼ੀ ਨੂੰ ਇਸ ਸੀਟ ਤੋਂ ਆਉਂਦੀਆਂ ਪਾਰਲੀਮਾਨੀ ਚੋਣਾਂ ਵਾਸਤੇ ਟਿਕਟ ਦੇਵੇ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਸ੍ਰੀ ਅਨਿਲ ਜੋਸ਼ੀ ਦੇ ਨਾਲ ਅੰਮ੍ਰਿਤਸਰ ਉੱਤਰੀ ਵਿਚ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਜੋਸ਼ੀ ਫਿਰਕੂ ਸਦਭਾਵਨਾ ਦਾ ਪ੍ਰਤੀਕ ਹਨ ਅਤੇ ਉਹ ਇਸ ਹਲਕੇ ਦੇ ਲੋਕਾਂ ਦੀ ਸੇਵਾ ਵਾਸਤੇ ਸਰਵੋਤਮ ਪ੍ਰਤੀਨਿਧ ਸਾਬਤ ਹੋਣਗੇ। ਉਹਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਸ੍ਰੀ ਜੋਸ਼ੀ ਦੀ ਉਮੀਦਵਾਰੀ ਦੀ ਹਮਾਇਤ ਕਰਨ ਅਤੇ ਕਿਹਾ ਕਿ ਚੋਣ ਮੈਦਾਨ ਵਿਚਲੇ ਹੋਰ ਉਮੀਦਵਾਰਾਂ ਨੂੰ ਤਾਂ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਨਾਂ ਵੀ ਨਹੀਂ ਪਤਾ  ਤੇ ਉਹ ਸੰਸਦ ਵਿਚ ਅੰਮ੍ਰਿਤਸਰ ਦੀ ਆਵਾਜ਼ ਨਹੀਂ ਬਣ ਸਕੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੇ ਵਾਹਗਾ ਸਰਹੱਦ ਰਾਹੀਂ ਵਪਾਰ ਬੰਦ ਕਰ ਦਿੱਤਾ ਜਿਸ ਕਾਰਨ ਹਲਕੇ ਦੇ ਅਰਥਚਾਰੇ ’ਤੇ ਮਾਰੂ ਅਸਰ ਪਿਆ।
ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਕਿਹਾ ਕਿ ਮੁੱਖ ਮੰਤਰੀ ਦਾ ਭਾਜਪਾ ਨਾਲ ਗੁਪਤ ਸਮਝੌਤਾ ਹੈ ਤੇ ਇਸੇ ਕਾਰਨ ਉਹਨਾਂ ਨੇ ਚਲ ਰਹੇ ਕਿਸਾਨ ਅੰਦੋਲਨ ਵਿਚ ਸ਼ੁਭਕਰਨ ਦੀ ਮੌਤ ਅਤੇ ਪ੍ਰੀਤਪਾਲ ਸਿੰਘ ਨੂੰ ਗੰਭੀਰ ਜ਼ਖ਼ਮੀ ਕਰਨ ਲਈ ਜ਼ਿੰਮੇਵਾਰ ਹਰਿਆਣਾ ਪੁਲਿਸ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਉਹਨਾਂ ਨੇ ਕਿਸਾਨਾਂ ਨੂੰ ਵੀ ਆਖਿਆ ਕਿ ਜਦੋਂ ਮੁੱਖ ਮੰਤਰੀ ਉਹਨਾਂ ਕੋਲ ਆਉਣ ਤਾਂ ਉਹ ਸਵਾਲ ਕਰਨ ਕਿ ਉਹਨਾਂ ਨੇ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਿਉਂ ਨਹੀਂ ਕੀਤੀ ਤੇ ਹਰਿਆਣਾ ਸਰਕਾਰ ਨੂੰ ਕਿਸਾਨਾਂ ਨੂੰ ਕੁਚਲਣ ਦੀ ਆਗਿਆ ਕਿਉਂ ਦਿੱਤੀ ?
ਸਰਦਾਰ ਮਜੀਠੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਦਾ ਕਿਰਦਾਰ ਸਮਝਣ ਜੋ ਆਪਣੀ ਧੀ ਨਾਲ ਨਿਆਂ ਨਹੀਂ ਕਰ ਸਕਿਆ, ਉਹ ਤੁਹਾਡੇ ਨਾਲ ਨਿਆਂ ਕੀ ਕਰੇਗਾ।
ਅਕਾਲੀ ਆਗੂ ਨੇ ਆਮ ਆਦਮੀ ਪਾਰਟੀ (ਆਪ) ਨੂੰ ਆਖਿਆ ਕਿ ਉਹ ਲੋਕਾਂ ਕੋਲ ਕਾਂਗਰਸ ਖਿਲਾਫ ਵੋਟਾਂ ਮੰਗਣ ਕਿਸ ਮੂੰਹ ਨਾਲ ਜਾਵੇਗੀ ਜਦੋਂ  ਉਸਨੇ ਕੌਮੀ ਪੱਧਰ ’ਤੇ ਇਸ ਪਾਰਟੀ ਨਾਲ ਗਠਜੋੜ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਹਰਿਆਣਾ ਵਿਚ ਕਾਂਗਰਸ ਲਈ ਚੋਣ ਪ੍ਰਚਾਰ ਕਰਨ ਵਾਸਤੇ ਜਾ ਰਹੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਅਕਾਲੀ ਦਲ ਦਾ ਰਿਕਾਰਡ ਹੈ ਕਿ ਉਹ ਪ੍ਰਗਤੀ ਦੇ ਰਾਹ ’ਤੇ ਸਭ ਨੂੰ ਨਾਲ ਲੈ ਕੇ ਚਲਦਾ ਹੈ। ਉਹਨਾਂ ਕਿਹਾ ਕਿ ਤੁਸੀਂ ਆਪ ਵੇਖਿਆ ਹੈ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਇਸ ਹਲਕੇ ਦਾ ਮੂੰਹ ਮੁਹਾਂਦਰਾ ਕਿਵੇਂ ਸੰਵਾਰਿਆ ਗਿਆ ਸੀ ਪਰ ਕਾਂਗਰਸ ਤੇ ਆਪ ਸਰਕਾਰ ਦੇ ਰਾਜ ਵਿਚ ਇਸ ਹਲਕੇ ਦਾ ਬੁਰਾ ਹਾਲ ਹੋ ਗਿਆ।
ਇਸ ਮੌਕੇ ਸੀਨੀਅਰ ਆਗੂ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਅਤੇ ਇਸਦੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਵੀ ਮੌਜੂਦ ਸਨ।

Related posts

ਪੰਜਾਬ ਦੀ ਮੁੜ ਖੁਸ਼ਹਾਲੀ ਲਈ ਭੈੜੀ ਸਿਆਸਤ ਦੀ ਥਾਂ ਸਾਂਝੇ ਯਤਨ ਕਰਨ ਦਾ ਵੇਲਾ !

admin

ਉੱਘੇ ਲਿਖਾਰੀ ਡਾ. ਵਿਜੈ ਗਰਗ ਸਮੇਤ 10 ਪ੍ਰਮੁੱਖ ਸ਼ਖਸੀਅਤਾਂ ਦਾ ‘ਸੁਰਜੀਤ ਪਾਤਰ ਪੁਰਸਕਾਰ’ ਨਾਲ ਸਨਮਾਨ

admin

ਮਿਡਲ-ਈਸਟ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਵਾਸਤੇ ਫੌਰੀ ਕਦਮ ਚੁੱਕੇ ਜਾਣ – ਸੁਖਬੀਰ ਸਿੰਘ ਬਾਦਲ

admin