Punjab

ਭਾਈ ਅੰਮ੍ਰਿਤਪਾਲ ਸਿੰਘ ਜੀ ਮਾਤਾ ਦੀ ਗ੍ਰਿਫਤਾਰੀ ਨੂੰ ਲੈ ਕੇ ਪ੍ਰੋ. ਚੰਦੂਮਾਜ਼ਰਾ ਨੇ ਸਰਕਾਰ ਦੇ ਰੋਲ ਦੀ ਕੀਤੀ ਸਖਤ ਨਿਖੇਧੀ

 ਮੋਹਾਲੀ – ਡਿਬਰੂਗੜ੍ਹ ਦੀ ਜੇਲ ਵਿਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਹੋਰਨਾਂ ਵੱਖ ਵੱਖ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ ਦਮਦਮਾ ਸਾਹਿਬ ਤੋਂ ਲੋਕ ਚੇਤਨਾ ਮਾਰਚ ਸ਼ੁਰੂ ਕਰਨ ਦੀ ਕਾਲ ਦੇ ਮੱਦੇਨਜ਼ਰ ਪੰਜਾਬ ਪੁਲਸ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਅਤੇ ਚਾਚਾ ਸਮੇਤ ਹੋਰਨਾਂ ਵਿਅਕਤੀਆਂ ਨੂੰ 7 ਅਪ੍ਰੈਲ ਨੂੰ ਹਿਰਾਸਤ ਵਿਚ ਲੈ ਲੈਣ ਦੀ ਪ੍ਰੋ. ਪਰੇਮ ਸਿੰਘ ਚੰਦੂਮਜਾਰਾ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਬਹੁਤ ਅਫਸੋਸਜਨਕ ਗੱਲ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਸਤਿਕਾਰਯੋਗ ਮਾਤਾ ਜੀ ਨੂੰ ਪੰਜਾਬ ਦੀ ਪੁਲਿਸ ਨੇ ਅੰਮ੍ਰਿਤਸਰ ਸਾਹਿਬ ਤੋਂ ਗ੍ਰਿਫਤਾਰ ਕਰਕੇ ਸਰਕਾਰ ਅਤੇ ਇਸਦੀ ਪੁਲਸ ਨੇ ਉਨ੍ਹਾਂ ਦੇ ਪਰਿਵਾਰ ਅਤੇ ਇਨਸਾਫ ਮੰਗਦੇ ਲੋਕਾਂ ਨਾਲ ਵੱਡੀ ਜਿਆਦਤੀ ਅਤੇ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਮਾਂ ਆਪਣੇ ਪੁੱਤ ਦੀ ਰਿਹਾਈ ਲਈ ਪੁਕਾਰ ਕਰਦੀ ਹੋਵੇ ਅਤੇ ਉਸਨੂੰ ਇਨਸਾਫ ਦੇਣ ਦੀ ਥਾਂ ਪੁਲਸ ਇਨਸਾਫ ਮੰਗਣ ਵਾਲੇ ਨੂੰ ਗ੍ਰਿਫਤਾਰ ਕਰ ਲਵੇ ਤਾਂ ਇਸ ਤੋਂ ਮਾੜੀ ਗੱਲ ਹੋਰ ਕੋਈ ਹੋ ਨਹੀਂ ਸਕਦੀ ਹੈ। ਸਰਕਾਰ ਲੋਕਾਂ ਦਾ ਗਲਾ ਘੁੱਟ ਕੇ ਉਨ੍ਹਾਂ ਦੀ ਅਵਾਜ਼ ਨੂੰ ਦਬਾਅ ਨਹੀਂ ਸਕੇਗੀ। ਪ੍ਰੋ ਸਾਹਿਬ ਨੇ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਐਡਾ ਕੋਈ ਗੁਨਾਹ ਨਹੀਂ ਕੀਤਾ ਹੈ, ਜਿਸ ਕਰਕੇ ਸਰਕਾਰ ਨੂੰ ਉਸ ਪਰ ਦੂਸਰੀ ਦਫਾ ਐਨਐਸਏ ਲਵਾਉਣ ਦੀ ਲੋੜ ਪਈ ਹੈ। ਉਨ੍ਹਾਂ ਕਿਹਾ ਅੰਮ੍ਰਿਤਪਾਲ ਸਿੰਘ ਨੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਨਸ਼ਿਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਪ੍ਰੰਤੂ ਇਹ ਕਰਨ ਕਰਕੇ ਸਰਕਾਰ ਦੇ ਕਮਾਊਂ ਪੁੱਤਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ। ਜਿਸ ਕਰਕੇ ਸਰਕਾਰ ਨਸ਼ੇ ਨੂੰ ਰੋਕਣ ਦੀ ਥਾਂ ਨਸ਼ੇ ਵੇਚਣ ਵਾਲਿਆਂ ਨੂੰ ਨਹੀਂ ਸਗੋਂ ਨਸ਼ਿਆਂ ਨੂੰ ਰੋਕਣ ਦਾ ਉਪਰਾਲਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ। ਪੁਲਸ ਵੱਲੋਂ ਕੀਤੀ ਇਸ ਕਾਰਵਾਈ ਦਾ ਸ਼੍ਰੋਮਣੀ ਅਕਾਲੀਦਲ ਵਿਰੋਧ ਕਰਦਾ ਹੈ ਅਤੇ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਰਿਹਾਈ ਨੂੰ ਲੈ ਕੇ ਕੀਤੇ ਜਾਣ ਵਾਲੇ ਮਾਰਚ ਤੋਂ ਪਹਿਲਾਂ ਉਸਦੇ ਪਰਿਵਾਰ ਨੂੰ ਗ੍ਰਿਫਤਾਰ ਕਰਨਾ ਸਰਕਾਰ ਦੇ ਬੁਖਲਾਹਟ ਦੀ ਨਿਸ਼ਾਨੀ ਹੈ। ਕਿਉਂਕਿ ਆਪ ਸਰਕਾਰ ਨੂੰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਡਰ ਸਤਾਅ ਰਿਹਾ ਹੈ ਕਿ ਕਿਤੇ ਉਹ ਰਿਹਾਅ ਹੋ ਕੇ ਸਰਕਾਰ ਵੱਲੋਂ ਕੀਤੀਆਂ ਜ਼ਿਆਦਤੀਆਂ ਦਾ ਪਰਦਾਫਾਸ ਨਾ ਕਰ ਦੇਵੇ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੂੰ ਗ੍ਰਿਫਤਾਰ ਕਰਕੇ ਸਰਕਾਰ ਨੇ ਪੰਜਾਬੀਆਂ ਦੀ ਗੈਰਤ ਨੂੰ ਵੰਗਾਰਿਆ ਹੈ।
ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਮਾਤਾ ਦੀ ਗ੍ਰਿਫਤਾਰੀ ਪੰਜਾਬੀਆਂ ਦੀ ਗੈਰਤ ਦਾ ਸਵਾਲ ਹੈ, ਜੋ ਅੱਜ ਪੰਜਾਬੀਆਂ ਦੇ ਸਾਹਮਣੇ ਆ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਡੀ ਜਵਾਨੀ ਨੂੰ ਸਰਕਾਰ ਪਰੇਸ਼ਾਨ ਕਰਨ ਲੱਗੇ ਤਾਂ ਮੈਂ ਸਮਝਦਾ ਹਾਂ ਕਿ ਪੰਜਾਬ ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੂੰ ਗ੍ਰਿਫਤਾਰ ਕਰਨ ਦੀ ਥਾਂ ਸਰਕਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਕੇ ਉਸਦੇ ਪਰਿਵਾਰ ਨੂੰ ਇਨਸਾਫ ਦੇਣਾ ਚਾਹੀਦਾ ਹੈ।

Related posts

ਚੰਨੀ ਸਰਕਾਰ ਨੇ ਦੀਵਾਲੀ ਦੇ ਤੋਹਫ਼ੇ ਦੇ ਨਾਂ ’ਤੇ ਪੰਜਾਬ ਵਾਸੀਆਂ ਨੂੰ ਚਾਸ਼ਣੀ ’ਚ ਘੋਲ ਕੇ ਸਲਫ਼ਾਸ ਦਿੱਤੀ : ਅਮਨ ਅਰੋੜਾ

Bunty

ਨਵਜੋਤ ਕੌਰ ਨੇ ‘ਸੁੱਘੜ ਸੁਨੱਖੀ ਮੁਟਿਆਰ’, ਵਿਸ਼ਵਪ੍ਰੀਤ ਕੌਰ ਨੇ ‘ਰੂਪ ਦੀ ਰਾਣੀ’ ਤੇ ਅਰਪਨਜੋਤ ਕੌਰ ਨੇ ‘ਗੁਣਵੰਤੀ ਮੁਟਿਆਰ’ ਖਿਤਾਬ ਜਿੱਤਿਆ

admin

ਸੰਯੁਕਤ ਕਿਸਾਨ ਮੋਰਚੇ ਵੱਲੋਂ ਜਮਹੂਰੀ ਹੱਕਾਂ ਲਈ ਲੱਦਾਖ ਦੇ ਲੋਕਾਂ ਦੇ ਸੰਘਰਸ਼ ਨੂੰ ਪੂਰਣ ਸਮਰਥਨ

admin