CultureBreaking NewsLatest NewsPunjab

ਅੰਮ੍ਰਿਤਸਰ ਵਿੱਚ ਸਜੇਗਾ 11 ਦਿਨਾਂ ‘ਸਵਦੇਸ਼ੀ ਦੀਵਾਲੀ ਮੇਲਾ’ – ਡਾ. ਨੇਹਾ ਤੇਜਪਾਲ

ਸਵਦੇਸ਼ੀ ਦੀਵਾਲੀ ਮੇਲੇ ਸਬੰਧੀ ਮੀਟਿੰਗ ਦੌਰਾਨ ਡਾ. ਨੇਹਾ ਤੇਜਪਾਲ, ਰਾਜੀਵ ਅਨੇਜਾ, ਸੀ.ਏ. ਅਮਿਤ ਹਾਂਡਾ ਅਤੇ ਹੋਰ।
ਅੰਮ੍ਰਿਤਸਰ – ਅੰਮ੍ਰਿਤਸਰ ਵਾਸੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਅੰਮ੍ਰਿਤਸਰ ਦੀ ਧਰਤੀ ‘ਤੇ ‘ਸਵਦੇਸ਼ੀ ਦੀਵਾਲੀ ਮੇਲਾ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਮੇਲਾ ‘ਸਵਦੇਸ਼ੀ ਜਾਗਰਣ ਮੰਚ ਪੰਜਾਬ’ ਦੀ ਦੇਖ-ਰੇਖ ਹੇਠ 28 ਅਕਤੂਬਰ ਤੋਂ 7 ਨਵੰਬਰ ਤੱਕ ਰਣਜੀਤ ਐਵੇਨਿਊ ਦੁਸ਼ਹਿਰਾ ਗਰਾਊਂਡ ਵਿਖੇ ਕਰਵਾਇਆ ਜਾਵੇਗਾ। ਜਿਸ ਵਿੱਚ ਸਵਦੇਸ਼ੀ ਸਥਾਨਕ ਉਤਪਾਦਾਂ, ਕਾਰੀਗਰਾਂ ਅਤੇ ‘ਵੋਕਲ ਫਾਰ ਲੋਕਲ’ ਦੇ ਨਾਲ-ਨਾਲ ਸੁਰਾਂ ਦਾ ਮੰਚ ਵੀ ਸਜੇਗਾ। ਇਹ ਜਾਣਕਾਰੀ ਸਵਦੇਸ਼ੀ ਜਾਗਰਣ ਮੰਚ ਪੰਜਾਬ ਦੀ ਸੰਯੋਜਿਕਾ ਡਾ. ਨੇਹਾ ਤੇਜਪਾਲ ਨੇ ਇੱਥੇ ਸਵਦੇਸ਼ੀ ਦੀਵਾਲੀ ਮੇਲੇ ਨਾਲ ਸਬੰਧਤ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਦਿੱਤੀ।
ਡਾ. ਨੇਹਾ ਤੇਜਪਾਲ ਨੇ ਮੇਲੇ ਦੇ ਮੁੱਖ ਆਕਰਸ਼ਣਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਮੇਲੇ ਦੀ ਸ਼ੁਰੂਆਤ 28 ਅਕਤੂਬਰ ਤੋਂ ਹੋਵੇਗੀ, ਜਿਸ ਵਿੱਚ 250 ਤੋਂ ਵੱਧ ਵੱਖ-ਵੱਖ ਕਿਸਮਾਂ ਦੇ ਸਟਾਲ ਲਗਾਏ ਜਾਣਗੇ। ਇਸ ਤੋਂ ਇਲਾਵਾ ਮੇਲੇ ਦੌਰਾਨ ਮਹਿਲਾ ਸੰਮੇਲਨ, ਡਾਂਡੀਆ ਨਾਈਟ, ਬੱਚਿਆਂ ਲਈ ਮੁਕਾਬਲੇ, ਮੰਥਨ ਮੰਚ, ਵਪਾਰਕ ਸੰਮੇਲਨ ਅਤੇ ਨਸ਼ਾ ਵਿਰੋਧੀ ਪ੍ਰੋਗਰਾਮ ਹੋਣਗੇ, ਜਿਨ੍ਹਾਂ ਵਿੱਚ ਦੇਸ਼ ਭਰ ਦੀਆਂ ਵੱਖ-ਵੱਖ ਵਪਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਸਵਦੇਸ਼ੀ ਨੂੰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਦੇ ਮੁੱਖ ਆਕਰਸ਼ਣਾਂ ਵਿੱਚ ਯੁਵਾ ਸੰਵਾਦ, ‘ਯੁੱਧ ਨਸ਼ੇ ਵਿਰੁੱਧ’, ਫਿੱਟ ਇੰਡੀਆ ਪ੍ਰੋਗਰਾਮ, ਕਿਸਾਨ ਸੰਮੇਲਨ ਅਤੇ ਐਗਰੋ ਐਕਸਪੋਰਟ ਨਾਲ ਸਬੰਧਤ ਪ੍ਰੋਗਰਾਮ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਦੇਸ਼ ਭਰ ਤੋਂ ਆਪਣੇ-ਆਪਣੇ ਖੇਤਰ ਵਿੱਚ ਵਿਸ਼ੇਸ਼ ਕੰਮ ਕਰਨ ਵਾਲੇ ਪੇਸ਼ੇਵਰ (ਪ੍ਰੋਫੈਸ਼ਨਲ) ਸ਼ਾਮਲ ਹੋਣਗੇ। ਸਵਦੇਸ਼ੀ ਦੀਵਾਲੀ ਮੇਲੇ ਦੇ ਆਯੋਜਨ ਵਿੱਚ ਰੋਜ਼ਾਨਾ ਸੱਭਿਆਚਾਰਕ ਅਤੇ ਸੰਗੀਤਕ ਪ੍ਰੋਗਰਾਮਾਂ ਲਈ ਵੱਖ-ਵੱਖ ਕਲਾਕਾਰ ਆਪਣੀ ਪੇਸ਼ਕਾਰੀ ਨਾਲ ਲੋਕਾਂ ਦਾ ਮਨ ਮੋਹਣਗੇ। ਸ਼੍ਰੀ ਅੰਮ੍ਰਿਤਸਰ ਸਾਹਿਬ ਦੇ 450 ਸਾਲ ਪੂਰੇ ਹੋਣ ‘ਤੇ ਗੱਤਕੇ ਦਾ ਪ੍ਰਦਰਸ਼ਨ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇਗਾ।
ਡਾ. ਨੇਹਾ ਤੇਜਪਾਲ ਨੇ ਕਿਹਾ ਕਿ ਦੀਵਾਲੀ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਹੈ, ਜਿਸ ਵਿੱਚ ਲੱਖਾਂ-ਕਰੋੜਾਂ ਰੁਪਏ ਦੀ ਖਰੀਦਦਾਰੀ ਹੁੰਦੀ ਹੈ। ਇਸ ਮੇਲੇ ਰਾਹੀਂ ਅਸੀਂ ‘ਵੋਕਲ ਫਾਰ ਲੋਕਲ’ ਦਾ ਸੰਦੇਸ਼ ਦੇਵਾਂਗੇ। ਇਸ ਦੀਵਾਲੀ ਮੇਲੇ ਵਿੱਚ ਅਸੀਂ ਲੋਕਾਂ ਨੂੰ ਉਤਸ਼ਾਹਿਤ ਕਰਾਂਗੇ ਕਿ ਉਹ ਦੀਵਾਲੀ ‘ਤੇ ਵੱਧ ਤੋਂ ਵੱਧ ਦੇਸ਼ ਵਿੱਚ ਬਣੇ ਉਤਪਾਦਾਂ ਦੀ ਵਰਤੋਂ ਕਰਨ ਤਾਂ ਜੋ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਮਿਲ ਸਕੇ। ਇਸੇ ਉਦੇਸ਼ ਨੂੰ ਲੈ ਕੇ ਲਗਾਏ ਜਾ ਰਹੇ ਇਸ ਮੇਲੇ ਵਿੱਚ ਅਸੀਂ ਸਵਦੇਸ਼ੀ ਉਤਪਾਦਾਂ ਨੂੰ ਉਤਸ਼ਾਹਿਤ ਕਰਦੇ ਹੋਏ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦਾ ਯਤਨ ਕਰਾਂਗੇ।
ਇਸ ਮੀਟਿੰਗ ਵਿੱਚ ਸ਼੍ਰੀ ਰਾਜੀਵ ਅਨੇਜਾ ਜੀ (ਮੇਲਾ ਸਰਪ੍ਰਸਤ), ਸ਼੍ਰੀ ਅਰਵਿੰਦ ਸ਼ਰਮਾ (ਪ੍ਰਾਂਤ ਸੰਯੋਜਕ, ਸੀਨੀਅਰ ਸਿਟੀਜ਼ਨ ਵਿੰਗ), ਸੀ.ਏ. ਅਮਿਤ ਹਾਂਡਾ (ਪ੍ਰਾਂਤ ਸਹਿ-ਸੰਯੋਜਕ) ਤੋਂ ਇਲਾਵਾ ਸੀ.ਏ. ਭਾਵੇਸ਼ ਮਹਾਜਨ, ਸ਼੍ਰੀ ਰਾਜੇਸ਼ ਮਹਾਜਨ, ਮਿਸ਼ਟੀ ਸਾਵਲਾਨੀ, ਰਣਜੀਤ ਕੁਮਾਰ, ਐਡਵੋਕੇਟ ਪੀਯੂਸ਼, ਦੇਵਿੰਦਰਪਾਲ ਸਿੰਘ, ਸੰਚਿਤ ਕੁਮਾਰ, ਗੌਰਵ ਮਲਹੋਤਰਾ, ਪੰਕਜ ਅਰੋੜਾ, ਵਿਕਾਸ ਨਾਰੰਗ, ਸੀ.ਏ. ਰਾਧਿਕਾ ਗੋਇਲ, ਅਰੁਣ ਖੰਨਾ ਅਤੇ ਸੌਰਭ ਸ਼ਰਮਾ ਵੀ ਮੌਜੂਦ ਸਨ।

Related posts

ਨਿਊ ਸਾਊਥ ਵੇਲਜ਼ ‘ਚ ਰਿਕਾਰਡਤੋੜ 1290 ਕੋਵਿਡ ਕੇਸ ਤੇ 4 ਮੌਤਾਂ

admin

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 401ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

Bunty

ਵਿਧਾਇਕ ਜਗਦੀਪ ਕੰਬੋਜ ਦੇ ਪਿਤਾ ਵੱਲੋਂ ਏ ਕੇ 47 ਦੀ ਦੁਰਵਰਤੋਂ ਕਰਨ ਲਈ ਵਿਧਾਇਕ ਖਿਲਾਫ ਕੇਸ ਦਰਜ ਕੀਤਾ ਜਾਵੇ: ਬਿਕਰਮ ਸਿੰਘ ਮਜੀਠੀਆ

Bunty