ਹੁਸ਼ਿਆਰਪੁਰ – ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਬਡਿਆਲ ਵਿਖੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗ ਗਈ ਜਿਸ ਕਾਰਨ ਪਰਵਾਸੀ ਮਜ਼ਦੂਰਾਂ ਦੀਆਂ 50 ਦੇ ਕਰੀਬ ਝੁੱਗੀਆਂ ਸੜ ਕੇ ਸੁੁਆਹ ਹੋ ਗਈਆਂ।ਅੱਗ ਲੱਗਣ ਦਾ ਕਾਰਨ ਬਿਜਲੀ ਦੀ ਤਾਰਾਂ ਦੀ ਹੋਈ ਸਪਾਰਕਿੰਗ ਦੱਸੀ ਜਾ ਰਹੀ ਹੈ। ਇਨ੍ਹਾਂ ਝੁੱਗੀਆਂ ਵਿਚ ਡੇਢ ਸੌ ਦੇ ਕਰੀਬ ਪਰਵਾਸੀ ਮਜ਼ਦੂਰ ਰਹਿੰਦੇ ਸਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪ੍ਰਵਾਸੀ ਮਜ਼ਦੂਰ ਰਾਜਿੰਦਰ ਪੁੱਤਰ ਭਾਗੀਰਥ ਨੇ ਦੱਸਿਆ ਕਿ ਝੁੱਗੀਆਂ ਵਿੱਚ ਅੱਗ ਸ਼ਨੀਵਾਰ ਨੂੰ ਉਸ ਵੇਲੇ ਲੱਗੀ ਜਦੋਂ ਸਾਰੇ ਪ੍ਰਵਾਸੀ ਮਜ਼ਦੂਰ ਮਿਹਨਤ ਮਜ਼ਦੂਰੀ ਲਈ ਆਪਣੇ ਕੰਮਕਾਰ ‘ਤੇ ਗਏ ਹੋਏ ਸਨ। ਪਿੰਡ ਵਾਸੀਆਂ ਦੇ ਯਤਨਾਂ ਅਤੇ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਵੱਲੋਂ ਅੱਗ ‘ਤੇ ਕਾਬੂ ਪਾਉਣ ਦਾ ਯਤਨ ਕੀਤਾ ਗਿਆ। ਜਦੋਂ ਤਕ ਅੱਗ ‘ਤੇ ਕਾਬੂ ਪਾਇਆ ਗਿਆ ਉਦੋਂ ਤਕ ਸਾਰੀਆਂ ਝੁੱਗੀਆਂ ਅਤੇ ਝੁੱਗੀਆਂ ਵਿਚ ਪਿਆ ਘਰੇਲੂ ਵਰਤੋਂ ਦਾ ਸਾਮਾਨ ਸਭ ਅੱਗ ਦੀ ਭੇਟ ਚੜ੍ਹ ਚੁੱਕਾ ਸੀ।ਇਸ ਮੌਕੇ ਬੱਬਲੂ ਪੁੱਤਰ ਮੁੰਨਾ ਲਾਲ, ਸੋਮਪਾਲ ਆਦਿ ਪਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਸਰੀਰ ‘ਤੇ ਪਹਿਨੇ ਹੋਏ ਕੱਪੜਿਆਂ ਤੋਂ ਇਲਾਵਾ ਉਨ੍ਹਾਂ ਕੋਲ ਕੁਝ ਨਹੀਂ ਬਚਿਆ। ਪਿੰਡ ਦੇ ਸਰਪੰਚ ਸੋਢੀ ਰਾਮ ਨੇ ਪਰਵਾਸੀ ਮਜ਼ਦੂਰਾਂ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਦੀ ਮਦਦ ਕਰਨ ਲਈ ਸਮਾਜ ਸੇਵੀਆਂ ਨੂੰ ਬੇਨਤੀ ਕੀਤੀ। ਥਾਣਾ ਮੇਹਟੀਆਣਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਵਾਸੀ ਮਜ਼ਦੂਰਾਂ ਅਨੁਸਾਰ ਉਨ੍ਹਾਂ ਦਾ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।
previous post