ਜਲੰਧਰ – ਕਾਂਗਰਸ ਸਰਕਾਰ ਤੇ ਉਸ ਮੰਤਰੀਆਂ ਦੇ ਵਾਅਦਿਆਂ ਤੋਂ ਨਿਰਾਸ਼ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਅੱਜ ਫਿਰ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਦਾ ਘੇਰਾਓ ਕੀਤਾ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੂੰ ਮੰਤਰੀ ਦੇ ਘਰ ਤਕ ਪਹੁੰਚਣ ਤੋਂ ਰੋਕਣ ਲਈ ਪੁਲਿਸ ਵੱਲੋਂ ਤਾਕਤ ਦੀ ਵਰਤੋਂ ਕੀਤੀ ਗਈ ਹੈ ਤੇ ਲਾਠੀਚਾਰਜ ਵੀ ਕੀਤਾ ਗਿਆ। ਪੁਲਿਸ ਤੇ ਬੇਰੁਜ਼ਗਾਰ ਅਧਿਆਪਕਾਂ ਵਿਚਾਲੇ ਹੋਈ ਧੱਕਾਮੁੱਕੀ ਦੌਰਾਨ ਇਕ ਬੇਰੁਜ਼ਗਾਰ ਅਧਿਆਪਕਾ ਸੁਨੀਤਾ ਰਾਣੀ ਫਾਜ਼ਿਲਕਾ ਜ਼ਖਮੀ ਹੋ ਗਈ ਜਿਸ ਨੂੰ ਉਸ ਦੇ ਸਾਥੀਆਂ ਨੇ ਹਸਪਤਾਲ ਪਹੁੰਚਾਇਆ। ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤਾਕਤ ਦੀ ਵਰਤੋਂ ਕਰਦੇ ਹੋਏ ਲਾਠੀਚਾਰਜ ਕੀਤਾ ਤੇ ਧੱਕੇਸ਼ਾਹੀ ਕਰਦਿਆਂ ਕਈ ਬੇਰੁਜ਼ਗਾਰਾਂ ਦੀਆਂ ਪੱਗਾਂ ਤਕ ਲਾਹ ਦਿੱਤੀਆਂ।