India

ਅੱਤਵਾਦੀਆਂ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਪਿਓ ਅਤੇ ਭਰਾ ਗ੍ਰਿਫ਼ਤਾਰ

ਮੁੰਬਈ –  ਨਾਂਦੇੜ ਪੁਲਸ ਨੇ ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀਆਂ ’ਚੋਂ ਇੱਕ ਹਰਵਿੰਦਰ ਸਿੰਘ ਰਿੰਦਾ ਦੇ ਪਿਓ ਚਰਨਜੀਤ ਸਿੰਘ ਸੰਧੂ ਅਤੇ ਉਸਦੇ ਭਰਾ ਸਰਬਜੋਤ ਸਿੰਘ ਸੰਧੂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਨਾਂਦੇੜ ਜ਼ਿਲ੍ਹੇ ਦੇ ਵਜ਼ੀਰਾਬਾਦ ਥਾਣੇ ਵਿਚ ਅਪ੍ਰੈਲ 2023 ਵਿਚ ਦਰਜ ਹੋਏ ਫਿਰੌਤੀ ਦੇ ਇਕ ਪੁਰਾਣੇ ਮਾਮਲੇ ਦੇ ਸਬੰਧ ਵਿਚ ਕੀਤੀ ਗਈ ਹੈ। ਇਨ੍ਹਾਂ ’ਤੇ ਧਾਰਾ 384, 385, 387 ਤਹਿਤ ਮਾਮਲਾ ਦਰਜ ਸੀ। ਮਾਮਲੇ ’ਚ ਪਹਿਲਾਂ ਤੋਂ ਗ੍ਰਿਫ਼ਤਾਰ ਦੋਸ਼ੀਆਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਹੁਣ ਰਿੰਦਾ ਦੇ ਪਿਓ ਅਤੇ ਭਰਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਰਿੰਦਾ ਦੇ ਨਾਂ ’ਤੇ ਇਕੱਠੀ ਕੀਤੀ ਗਈ ਫਿਰੌਤੀ ਉਸ ਦੇ ਪਿਓ ਅਤੇ ਭਰਾ ਨੂੰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਬੁੱਧਵਾਰ ਨੂੰ ਸਖਤ ਸੁਰੱਖਿਆ ਹੇਠ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਇਨ੍ਹਾਂ ਦਾ 4 ਦਸੰਬਰ ਤੱਕ ਪੁਲਸ ਰਿਮਾਂਡ ਦੇ ਦਿੱਤਾ ਹੈ। ਕੌਣ ਹੈ ਹਰਵਿੰਦਰ ਸਿੰਘ ’ਰਿੰਦਾ’?
ਮਹਾਰਾਸ਼ਟਰ ਦੇ ਨਾਂਦੇੜ ਇਲਾਕੇ ਦਾ ਰਹਿਣ ਵਾਲਾ ਹਰਵਿੰਦਰ ਸਿੰਘ ਰਿੰਦਾ ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਖੁਫੀਆ ਏਜੰਸੀ ਆਈ.ਐੱਸ.ਆਈ. ਨਾਲ ਮਿਲ ਕੇ ਪੰਜਾਬ ਸਮੇਤ ਦੇਸ਼ ਵਿੱਚ ਖਾਲਿਸਤਾਨੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਅਤੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਦਾ ਗਿਰੋਹ ਨਾਂਦੇੜ ਵਿੱਚ ਸਰਗਰਮ ਹੈ ਇੱਥੇ ਉਸਦਾ ਗਿਰੋਹ ਸ਼ਹਿਰ ’ਚ ਫਿਰੌਤੀ ਅਤੇ ਧਮਕੀਆਂ ਦੇ ਕੇ ਪੈਸੇ ਵਸੂਲਣ ਦਾ ਕੰਮ ਕਰਦਾ ਹੈ।
ਹਾਲ ਹੀ ’ਚ ਪੰਜਾਬ ’ਚ ਕਈ ਵੱਡੀਆਂ ਵਾਰਦਾਤਾਂ ’ਚ ਉਸਦਾ ਨਾਂ ਸਾਹਮਣੇ ਆਇਆ ਹੈ। ਪੰਜਾਬ ਪੁਲਸ ਨੂੰ ਕਤਲ, ਸੁਪਾਰੀ ਲੈ ਕੇ ਕਤਲ ਕਰਨ, ਫਿਰੌਤੀ ਅਤੇ ਸਨੈਚਿੰਗ ਵਰਗੇ ਕਈ ਮਾਮਲਿਆਂ ’ਚ ਉਸਦੀ ਭਾਲ ਹੈ। ਰਿੰਦਾ ਗਿਰੋਹ ਦੇ ਕੁਝ ਮੁਲਜ਼ਮ ਜੇਲ੍ਹ ਵਿੱਚ ਹਨ ਅਤੇ ਕੁਝ ਫ਼ਰਾਰ ਹਨ।
ਹਰਵਿੰਦਰ ਸਿੰਘ ’ਰਿੰਦਾ’ ਦਾ ਪਰਿਵਾਰ ਮੂਲ ਰੂਪ ਵਿੱਚ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਦਾ ਪਿਓ ਚਰਨਜੀਤ ਸਿੰਘ ਸੰਧੂ ਪੇਸ਼ੇ ਵਜੋਂ ਟਰੱਕ ਡਰਾਈਵਰ ਹੈ ਅਤੇ 1976 ਵਿੱਚ ਉਹ ਨਾਂਦੇੜ ਆ ਕੇ ਵੱਸ ਗਏ ਸਨ। ਪਰਿਵਾਰ ਨਾਂਦੇੜ ਦੇ ਗੁਰਦੁਆਰਾ ਸਾਹਿਬ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਹਰਵਿੰਦਰ ਸਿੰਘ ’ਰਿੰਦਾ’ ਨੇ ਆਪਣੀ ਸਿੱਖਿਆ ਯੂਨੀਵਰਸਲ ਇੰਗਲਿਸ਼ ਸਕੂਲ, ਨਾਂਦੇੜ ਤੋਂ ਪੂਰੀ ਕੀਤੀ ਸੀ। ਨਾਂਦੇੜ ਪੁਲਸ ਦੀ ਕਾਰਵਾਈ ਤੋਂ ਡਰਦਿਆਂ ਰਿੰਦਾ ਮੁੜ ਪੰਜਾਬ ਭੱਜ ਗਿਆ ਸੀ।
ਪੁਲਸ ਰਿਕਾਰਡ ਅਨੁਸਾਰ ਰਿੰਦਾ ਨੇ 18 ਸਾਲ ਦੀ ਉਮਰ ਵਿੱਚ ਤਰਨਤਾਰਨ ਵਿੱਚ ਆਪਣੇ ਇੱਕ ਰਿਸ਼ਤੇਦਾਰ ਦਾ ਪਰਿਵਾਰਕ ਝਗੜੇ ਕਾਰਨ ਕਤਲ ਕਰ ਦਿੱਤਾ ਸੀ। ਇਹ ਘਟਨਾ 2008 ਦੀ ਹੈ ਅਤੇ ਉਸ ਤੋਂ ਬਾਅਦ ਵਿੱਚ ਰਿੰਦਾ ਗ੍ਰਿਫਤਾਰ ਕਰ ਲਿਆ ਗਿਆ। ਰਿੰਦਾ ਅਤੇ ਉਸ ਦਾ ਚਚੇਰਾ ਭਰਾ 2015 ਤੱਕ ਜੇਲ੍ਹ ਵਿੱਚ ਸਨ।

Related posts

ਪਾਕਿ ਤੋਂ ਆਉਣ ਵਾਲੀ ਗੋਲੀ ਦਾ ਜਵਾਬ ‘ਗੋਲੇ’ ਨਾਲ ਦਿੱਤਾ ਜਾਵੇਗਾ: ਸ਼ਾਹ

Bunty

ਮਨੀ ਲਾਂਡਰਿੰਗ ਨਾਲ ਲੜਨ ਲਈ ਏਆਈ ਇੱਕ ਮਹੱਤਵਪੂਰਨ ਸਾਧਨ: ਆਰਬੀਆਈ ਗਵਰਨਰ

admin

75 ਸਾਲਾਂ ਵਿਚ ਪਹਿਲੀ ਵਾਰ ਸਿੱਖ ਭਾਈਚਾਰੇ ਨੂੰ ਸਭ ਤੋਂ ਜ਼ਿਆਦਾ ਮਾਣ ਤੇ ਸਤਿਕਾਰ ਮੋਦੀ ਸਰਕਾਰ ਨੇ ਦਿੱਤਾ: ਮਨਜਿੰਦਰ ਸਿੰਘ ਸਿਰਸਾ

Bunty