ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਸਵੇਰੇ ਮੌਦਰਿਕ ਨੀਤੀਆਂ ਦਾ ਐਲਾਨ ਕੀਤਾ। ਰਿਜ਼ਰਵ ਬੈਂਕ ਦੀ ਬੈਠਕ ’ਚ ਵੀ ਰੇਪੋ ਰੇਟ ’ਚ ਕੋਈ ਬਦਲਾਅ ਨਹੀਂ ਹੋਇਆ ਹੈ। 2024 ਵਿੱਚ ਲਗਾਤਾਰ ਤੀਜੀ ਵਾਰ ਰਿਜ਼ਰਵ ਬੈਂਕ ਨੇ ਰੈਪੋ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ। ਰਿਜ਼ਰਵ ਬੈਂਕ ਮਹਿੰਗਾਈ ਦਰ ਨੂੰ ਕੰਟਰੋਲ ’ਚ ਰੱਖਣ ਲਈ ਲਗਾਤਾਰ ਯਤਨ ਕਰ ਰਿਹਾ ਹੈ। ਫਿਲਹਾਲ ਰੈਪੋ ਰੇਟ 6.50 ’ਤੇ ਹੀ ਰਹੇਗਾ। ਹਾਲਾਂਕਿ ਰਿਜ਼ਰਵ ਬੈਂਕ ਸੁਤੰਤਰ ਤੌਰ ’ਤੇ ਕੰਮ ਕਰਦਾ ਹੈ, ਫਿਰ ਵੀ ਕਿਉਂਕਿ ਨਵੀਂ ਸਰਕਾਰ ਨੇ ਅਜੇ ਸਹੁੰ ਨਹੀਂ ਚੁੱਕੀ ਹੈ, ਰਿਜ਼ਰਵ ਬੈਂਕ ਨੇ ਕਿਸੇ ਵੱਡੇ ਬਦਲਾਅ ਦਾ ਫੈਸਲਾ ਨਹੀਂ ਕੀਤਾ ਹੈ। ਰੈਪੋ ਦਰਾਂ ’ਚ ਕਟੌਤੀ ਦੀ ਉਡੀਕ ਕਰ ਰਹੇ ਬੈਂਕ ਗਾਹਕ ਨਿਰਾਸ਼ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਜੇਕਰ ਮਹਿੰਗਾਈ ਕੰਟਰੋਲ ’ਚ ਰਹਿੰਦੀ ਹੈ, ਸਰਕਾਰ ਦਾ ਬਜਟ ਅਤੇ ਮਾਨਸੂਨ ਚੰਗਾ ਰਹਿੰਦਾ ਹੈ ਤਾਂ ਰਿਜ਼ਰਵ ਬੈਂਕ ਦੀ ਅਗਲੀ ਬੈਠਕ ’ਚ ਰੈਪੋ ਰੇਟ ’ਚ ਕਮੀ ਦਾ ਐਲਾਨ ਕਰ ਸਕਦੀ ਹੈ। ਐਸਬੀਆਈ ਦੀ ਰਿਪੋਰਟ ਅਨੁਸਾਰ, ਸੀਪੀਆਈ ਅਧਾਰਤ ਪ੍ਰਚੂਨ ਮਹਿੰਗਾਈ ਮਈ ਵਿੱਚ ਲਗਭਗ 5% ਅਤੇ ਜੁਲਾਈ ਤੱਕ ਘਟ ਕੇ 3% ਰਹਿਣ ਦੀ ਉਮੀਦ ਹੈ। ਰਿਪੋਰਟ ਦਾ ਅਨੁਮਾਨ ਹੈ ਕਿ ਅਕਤੂਬਰ ਤੋਂ 2024-25 ਦੇ ਅੰਤ ਤੱਕ ਮਹਿੰਗਾਈ 5% ਤੋਂ ਹੇਠਾਂ ਰਹੇਗੀ। ਅਪ੍ਰੈਲ ’ਚ ਪ੍ਰਚੂਨ ਮਹਿੰਗਾਈ ਦਰ 4.83 ਫੀਸਦੀ ਦਰਜ ਕੀਤੀ ਗਈ ਸੀ।