ਕੈਨਬਰਾ – ਆਸਟ੍ਰੇਲੀਆ ਦੀ ਕਲੀਨ ਐਨਰਜੀ ਰੈਗੂਲੇਟਰ ਨੇ ਸੋਲਰ ਪਾਵਰ ਨੇਸ਼ਨ ਕੰਪਨੀ ਉੱਤੇ ਪੱਕੀ ਪਾਬੰਦੀ ਲਗਾ ਦਿੱਤੀ ਹੈ। ਹੁਣ ਕੰਪਨੀ ਸੋਲਰ ਪੈਨਲਾਂ ਅਤੇ ਬੈਟਰੀਆਂ ਲਈ ਫੈਡਰਲ ਸਰਕਾਰ ਦੀਆਂ ਰਿਬੇਟਾਂ ਦਾ ਲਾਭ ਨਹੀਂ ਲੈ ਸਕੇਗੀ। ਇਹ ਫ਼ੈਸਲਾ ਕੰਪਨੀ ਖ਼ਿਲਾਫ਼ ਗਾਹਕਾਂ ਦੀਆਂ ਸੈਂਕੜੇ ਸ਼ਿਕਾਇਤਾਂ ਤੋਂ ਬਾਅਦ ਲਿਆ ਗਿਆ ਹੈ।
ਸੋਲਰ ਪਾਵਰ ਨੇਸ਼ਨ ਕੰਪਨੀ ਦੇ ਗਾਹਕਾਂ ਨੇ ਦੋਸ਼ ਲਗਾਏ ਸਨ ਕਿ ਕੰਪਨੀ ਵੱਲੋਂ ਲਗਾਏ ਗਏ ਸੋਲਰ ਪੈਨਲ ਅਤੇ ਬੈਟਰੀ ਸਿਸਟਮ ਠੀਕ ਤਰ੍ਹਾਂ ਕੰਮ ਨਹੀਂ ਕਰਦੇ, ਕਈ ਕੰਮ ਅਧੂਰੇ ਛੱਡ ਦਿੱਤੇ ਜਾਂਦੇ ਹਨ ਅਤੇ ਇੰਸਟਾਲੇਸ਼ਨ ਵਿੱਚ ਬਹੁਤ ਦੇਰੀ ਹੁੰਦੀ ਹੈ। ਕੁਝ ਗਾਹਕਾਂ ਨੇ ਸੁਰੱਖਿਆ ਸਬੰਧੀ ਚਿੰਤਾਵਾਂ ਵੀ ਜ਼ਾਹਰ ਕੀਤੀਆਂ ਸਨ।
ਸਾਊਥ ਆਸਟ੍ਰੇਲੀਆ ਦੇ ਖਪਤਕਾਰ ਮਾਮਲਿਆਂ ਦੇ ਵਿਭਾਗ ਨੂੰ ਜੁਲਾਈ 2025 ਤੋਂ ਅਪ੍ਰੈਲ 2026 ਤੱਕ ਕੰਪਨੀ ਖ਼ਿਲਾਫ਼ 94 ਸ਼ਿਕਾਇਤਾਂ ਮਿਲੀਆਂ ਸਨ। ਸ਼ਿਕਾਇਤਾਂ ਵਿੱਚ ਪੈਸੇ ਜਮ੍ਹਾਂ ਕਰਵਾਉਣ ਦੇ ਬਾਵਜੂਦ ਸੋਲਰ ਸਿਸਟਮ ਨਾ ਲਗਾਉਣਾ, ਖ਼ਰਾਬ ਉਤਪਾਦ ਦੇਣਾ ਅਤੇ ਗਾਹਕਾਂ ਦੀਆਂ ਸ਼ਿਕਾਇਤਾਂ ਦਾ ਜਵਾਬ ਨਾ ਦੇਣਾ ਸ਼ਾਮਲ ਸੀ। ਰੈਗੂਲੇਟਰ ਨੇ ਕਿਹਾ ਕਿ ਕੰਪਨੀ ਨੂੰ ਉਦਯੋਗ ਦੇ ਇੱਕ ਸਵੈਇੱਛਕ ਖਪਤਕਾਰ ਸੁਰੱਖਿਆ ਪ੍ਰੋਗਰਾਮ ਵਿੱਚੋਂ ਵੀ ਛੇ ਨਿਯਮਾਂ ਦੀ ਉਲੰਘਣਾ ਕਾਰਨ ਬਾਹਰ ਕੱਢਿਆ ਗਿਆ ਸੀ। ਇਸ ਪਾਬੰਦੀ ਕਾਰਨ ਕੰਪਨੀ ਹੁਣ ਸਰਕਾਰੀ ਸੋਲਰ ਅਤੇ ਬੈਟਰੀ ਰਿਬੇਟ ਹਾਸਲ ਕਰਨ ਲਈ ਲੋੜੀਂਦੇ ਸਰਟੀਫਿਕੇਟ ਜਾਰੀ ਨਹੀਂ ਕਰ ਸਕੇਗੀ।
ਕਲੀਨ ਐਨਰਜੀ ਰੈਗੂਲੇਟਰ ਦੇ ਚੇਅਰਮੈਨ ਟੋਨੀ ਚੈਪਲ ਨੇ ਕਿਹਾ ਕਿ ਗਾਹਕਾਂ ਨਾਲ ਮਾੜਾ ਵਿਹਾਰ ਕਰਨ ਵਾਲੀਆਂ ਕੰਪਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੰਪਨੀ ਕੋਲ ਇਸ ਫ਼ੈਸਲੇ ਦੀ ਸਮੀਖਿਆ ਦੀ ਮੰਗ ਕਰਨ ਲਈ 60 ਦਿਨ ਦਾ ਸਮਾਂ ਹੈ।
